ਨਸ਼ਾ ਤੇ ਸਰਕਾਰੀ ਬਦ-ਇੰਤਜ਼ਾਮੀ ਕਾਰਨ ਘੁਣ ਵਾਂਗੂ ਪੀਸੀ ਜਾ ਰਹੀ ਹੈ ਪੰਜਾਬ ਦੀ ਨੌਜਵਾਨੀ ਤੇ ਕਿਸਾਨੀ

02/18/2018 1:32:03 AM

ਮੱਖੂ(ਵਾਹੀ)—ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੱਖੂ ਦੀ ਇਕ ਜ਼ਰੂਰੀ ਮੀਟਿੰਗ ਬਲਾਕ ਪ੍ਰਧਾਨ ਜੰਡ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਇਲਾਕੇ ਦੇ ਕਿਸਾਨ ਆਗੂ ਅਤੇ ਕਿਸਾਨ ਹਾਜ਼ਰ ਹੋਏ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਸਕੱਤਰ ਪੰਜਾਬ ਅਤੇ ਲਖਵਿੰਦਰ ਸਿੰਘ ਪੀਰ ਮੁਹੰਮਦ ਪ੍ਰਧਾਨ ਯੂਥ ਵਿੰਗ ਬੀ. ਕੇ. ਯੂ. ਰਾਜੇਵਾਲ ਨੇ ਕਿਹਾ ਕਿ ਪੰਜਾਬ ਦੀ ਜਵਾਨੀ 'ਤੇ ਖਤਰੇ ਦੇ ਬੱਦਲ ਮੰਡਰ੍ਹਾ ਰਹੇ ਹਨ। ਨਸ਼ੇ ਦਾ ਹਰ ਗਲੀ-ਮੁਹੱਲੇ, ਚੌਕ ਅਤੇ ਪਿੰਡ ਵਿਚ ਮਿਲਣਾ ਚੰਗੇ ਸੰਕੇਤ ਨਹੀਂ ਹਨ। ਆਗੂਆਂ ਨੇ ਕਿਹਾ ਕਿ ਜਿਹੜੇ ਘਰ ਦਾ ਨੌਜਵਾਨ ਨਸ਼ੇ ਦੀ ਲੱਤ ਵਿਚ ਲੱਗ ਜਾਂਦਾ ਹੈ, ਉਸ ਘਰ ਦਾ ਭਵਿੱਖ ਖਤਮ ਹੋ ਜਾਂਦਾ ਹੈ ਅਤੇ ਪਰਿਵਾਰ ਕੋਲ ਵਿਲਕਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਂਦਾ। ਕਿਸਾਨ ਆਗੂਆਂ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨੀ ਕਰਜ਼ੇ ਮੁਆਫ ਕਰਨ ਅਤੇ ਇਕ ਹਫਤੇ ਵਿਚ ਨਸ਼ੇ ਬੰਦ ਕਰਨ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਪਰ ਸਰਕਾਰ ਨੇ ਦੋਵੇਂ ਵਾਅਦੇ ਪੂਰੇ ਨਹੀਂ ਕੀਤੇ ਅਤੇ ਜਿਥੇ ਨਸ਼ੇ ਸ਼ਰੇਆਮ ਵਿਕ ਰਹੇ ਹਨ, ਉਥੇ ਸਰਕਾਰ ਕਿਸਾਨਾਂ ਦੀ ਕਰਜ਼ ਮੁਆਫੀ 'ਤੇ ਵੀ ਟਾਲ ਮਟੋਲ ਕਰ ਕੇ ਕਿਸਾਨਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕੇ ਨਸ਼ਾ ਘਰਾਂ ਦੇ ਚਿਰਾਗ ਬੁਝਾ ਰਿਹਾ ਹੈ ਅਤੇ ਕਿਸਾਨੀ ਡੁੱਬਦੀ ਜਾ ਰਹੀ ਹੈ ਪਰ ਰਾਜਨੀਤਕ ਲੋਕ ਸਿਆਸੀ ਰੋਟੀਆਂ ਸੇਕਣ ਤੋਂ ਇਲਾਵਾ ਕੁਝ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਫਸਲਾਂ ਦੇ ਸਹੀ ਭਾਅ ਨਾ ਮਿਲਣ ਕਾਰਨ ਕਿਸਾਨ ਕਰਜ਼ੇ ਦੇ ਜਾਲ ਵਿਚ ਫਸਿਆ ਖੁਦਕੁਸ਼ੀਆ ਦੇ ਰਾਹ ਪਿਆ ਹੈ ਅਤੇ ਦੇਸ਼ ਦੀ ਸਵਾ ਅਰਬ ਆਬਾਦੀ ਦਾ ਢਿੱਡ ਭਰਨ ਵਾਲੇ ਅੰਨਦਾਤੇ ਦਾ ਕੋਈ ਵਾਲੀ-ਵਾਰਸ ਨਹੀਂ ਹੈ। ਇਸ ਮੌਕੇ ਜੰਡ ਸਿੰਘ ਬਲਾਕ ਪ੍ਰਧਾਨ, ਭਗਵਾਨ ਸਿੰਘ ਗੱਟਾ ਖਜ਼ਾਨਚੀ, ਮਹਿਲ ਸਿੰਘ ਜ਼ਿਲਾ ਮੀਤ ਪ੍ਰਧਾਨ, ਅਮਰ ਸਿੰਘ, ਬਲਵਿੰਦਰ ਸਿੰਘ ਜਨਰਲ ਸਕੱਤਰ, ਨਿਸ਼ਾਨ ਸਿੰਘ, ਗੁਰਚਰਨ ਸਿੰਘ ਸ਼ੀਹਾਂ ਪਾੜੀ, ਧਰਮ ਸਿੰਘ ਸਭਰਾ, ਬਲਵੀਰ ਸਿੰਘ ਪੱਧਰੀ, ਬੁੱਢਾ ਸਿੰਘ, ਅੰਗਰੇਜ਼ ਸਿੰਘ, ਹਰਜਿੰਦਰ ਸਿੰਘ ਸਭਰਾ, ਦਰਸ਼ਨ ਸਿੰਘ ਅਮੀਰ ਸ਼ਾਹ, ਮੁਖਤਿਆਰ ਸਿੰਘ ਆਦਿ ਕਿਸਾਨ ਹਾਜ਼ਰ ਸਨ। 


Related News