ਪੰਜਾਬ ਦੇ ਟਕਸਾਲੀ ਭਾਜਪਾਈ ਵੀ ਅਕਾਲੀ ਦਲ ਤੋਂ ਦੁਖੀ!

01/19/2020 1:02:00 AM

ਲੁਧਿਆਣਾ, (ਮੁੱਲਾਂਪੁਰੀ)- ਪੰਜਾਬ ਵਿਚ 10 ਸਾਲ ਰਾਜ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਬਾਸ਼ ਖੱਟਣ ਦੀ ਬਜਾਏ ਪਹਿਲਾਂ ਪੰਜਾਬ ਦੇ ਵੋਟਰਾਂ ਦੀ ਖੂਬ ਨਾਰਾਜ਼ਗੀ ਝੱਲੀ ਤੇ ਹੁਣ ਤਾਂ ਆਪਣੇ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਦੁਖੀ ਹੋ ਕੇ ਖਰੀਆਂ-ਖਰੀਆਂ ਸੁਣਾਉਣ ਲੱਗ ਪਏ ਹਨ।

ਲੰਘੇ ਕੱਲ ਭਾਰਤੀ ਜਨਤਾ ਪਾਰਟੀ ਪੰਜਾਬ ਵਿਚਲੀ ਇਕਾਈ ਦੇ ਸੀਨੀਅਰ ਭਾਜਪਾ ਨੇਤਾਵਾਂ, ਜੋ ਭਾਜਪਾ ਵਿਚ ਟਕਸਾਲੀ ਭਾਵ ਪੁਰਾਣੇ ਮੰਨੇ ਜਾਂਦੇ ਹਨ, ਦਾ ਦਰਦ ਤੇ ਪੀਡ਼ ਜਗ ਜ਼ਾਹਿਰ ਹੋ ਗਈ। ਸਮਾਂ ਸੀ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਦੀ ਤਾਜਪੋਸ਼ੀ ਦਾ। ਉੱਥੇ ਭਾਜਪਾ ਨੇਤਾਵਾਂ, ਜਿਨ੍ਹਾਂ ਵਿਚ ਮੋਹਨ ਲਾਲ ਵਜ਼ੀਰ ਤੇ ਹੋਰਨਾਂ ਆਗੂਆਂ ਨੇ ਮਿਲ ਕੇ ਆਖ ਦਿੱਤਾ ਕਿ ਹੁਣ ਬਹੁਤ ਸਮਾਂ ਹੋ ਗਿਆ, ਅਕਾਲੀ ਦਲ ਦੀ ਡੰਗੋਰੀ ਨੂੰ ਖਿੱਚਦੇ ਖਿੱਚਦੇ, 2022 ਵਿਚ ਇਕੱਲੇ ਸਰਕਾਰ ਬਣਾਓ। ਜਿਸ ’ਤੇ ਹਾਲ ਵਿਚ ਖੂਬ ਤਾਡ਼ੀਆਂ ਵੱਜੀਆਂ ਤੇ ਆਏ ਵਰਕਰਾਂ ਨੇ ਖੁੱਲ੍ਹ ਕੇ ਸਮਰਥਨ ਦਿੱਤਾ।

ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਤਾਨਾਸ਼ਾਹੀ ਵਤੀਰੇ ਤੋਂ ਦੁਖੀ ਹੋ ਕੇ ਢੀਂਡਸਾ ਪਰਿਵਾਰ ਬਾਗੀ ਹੋਇਆ ਸੀ, ਜਿਸ ਦੀ ਚਰਚਾ ’ਤੇ ਭਰਪਾਈ ਲਈ ਅਕਾਲੀ ਦਲ ਹੱਥ-ਪੈਰ ਮਾਰ ਰਿਹਾ ਹੈ ਪਰ ਹੁਣ ਭਾਜਪਾ ਦੇ ਪੁਰਾਣੇ ਟਕਸਾਲੀ ਨੇਤਾਵਾਂ ਨੇ ਅਕਾਲੀ ਦਲ ਤੋਂ ਦੂਰੀ ਬਣਾਉਣ ਤੇ ਆਪਣੀ ਨਿਰੋਲ ਸਰਕਾਰ ਬਣਾਉਣ ਦੀਆਂ ਜੋ ਸਲਾਹਾਂ ਦਿੱਤੀਆਂ ਹਨ, ਜੇਕਰ ਇੰਝ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਲਈ ਭਵਿੱਖ ’ਚ ਸਰਕਾਰ ਬਣਾਉਣਾ ਮੁਸ਼ਕਲ ਹੋ ਜਾਵੇਗਾ।

ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪਹਿਲਾਂ ਮਾਝੇ ਵਾਲੇ ਨੇਤਾ ਅੱਖਾਂ ਦਿਖਾ ਰਹੇ ਸਨ ਤੇ ਫਿਰ ਢੀਂਡਸਾ ਪਰਿਵਾਰ ਤੇ ਲੰਘੇ ਕੱਲ ਭਾਜਪਾ ਨੇਤਾਵਾਂ ਦੀ ਘੁਰਕੀ ਅਕਾਲੀ ਦਲ ਲਈ ਖਰਾਬ ਦਿਸ਼ਾ ਦਾ ਸੰਕੇਤ ਹੈ।


Bharat Thapa

Content Editor

Related News