ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਫ਼ੈਸਲਾ , ਕਾਗਜ਼ ਰਹਿਤ ਹੋਵੇਗਾ ਇਸ ਵਾਰ ਦਾ ਬਜਟ

Wednesday, May 25, 2022 - 05:41 PM (IST)

ਚੰਡੀਗੜ੍ਹ: ਪੰਜਾਬ ਸਰਕਾਰ ਜਲਦੀ ਹੀ ਸੂਬੇ ਦਾ ਬਜਟ ਜਨਤਾ ਸਾਹਮਣੇ ਪੇਸ਼ ਕਰ ਦੇਵੇਗੀ ਪਰ ਇਸ ਵਾਰ ਪੰਜਾਬ ਦਾ ਬਜਟ ਪੇਪਰ ਰਹਿਤ ਹੋਵੇਗਾ। ਇਹ ਫ਼ੈਸਲਾ ਭਗਵੰਤ ਮਾਨ ਸਰਕਾਰ ਵੱਲੋਂ ਲਿਆ ਗਿਆ ਹੈ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਵਾਰ ਆਉਣ ਵਾਲੇ ਬਜਟ 'ਚ ਕਾਗਜ਼ ਦੀ ਵਰਤੋਂ ਨਹੀਂ ਕਰੇਗੀ। ਪੰਜਾਬ ਦਾ ਇਸ ਵਾਰ ਦਾ ਬਜਟ ਪੇਪਰ ਰਹਿਤ ਹੋਵੇਗਾ। 

ਇਹ ਵੀ ਪੜ੍ਹੋ- ਪੰਜਾਬ 'ਚ ਖੁੱਲ੍ਹੇ ਬੋਰਵੈੱਲਾਂ ਨੂੰ ਲੈ ਕੇ ਮਾਨ ਸਰਕਾਰ ਸਖ਼ਤ, ਜਾਰੀ ਕੀਤੀ ਇਹ ਐਡਵਾਈਜ਼ਰੀ

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਬਜਟ ਨੂੰ ਕਾਗਜ਼ ਰਹਿਤ ਬਣਾਉਣ ਨਾਲ ਖਜ਼ਾਨੇ 'ਚ ਕਰੀਬ 21 ਲੱਖ ਰੁਪਏ ਦੀ ਬਚਤ ਹੋਵੇਗੀ । ਉਨ੍ਹਾਂ ਕਿਹਾ ਕਿ ਪੈਸਿਆਂ ਦੀ ਬਚਤ ਤੋਂ ਇਲਾਵਾ 34 ਟਨ ਕਾਗਜ਼ ਦੀ ਵੀ ਬਚਤ ਹੋਵੇਗੀ ਜਿਸ ਨਾਲ ਕਰੀਬ 814- 834 ਰੁੱਖਾਂ ਦਾ ਬਚਾ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਹ ਫ਼ੈਸਲਾ ਈ-ਗਵਰਨੈਂਸ ਵੱਲ ਵਧਣ ਲਈ ਲਿਆ ਗਿਆ ਹੈ। 

ਇਹ ਵੀ ਪੜ੍ਹੋ- ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਸਰਕਾਰ ਨੇ ਚੁੱਕਿਆ ਇਕ ਹੋਰ ਵੱਡਾ ਕਦਮ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਅੱਜ ਸੂਬੇ ਲਈ ਕਈ ਅਹਿਮ ਫ਼ੈਸਲੇ ਲਏ ਹਨ। ਜਿਸ ਵਿਚ ਮਾਨ ਸਰਕਾਰ ਨੇ ਬੋਰਵੈੱਲਾਂ ਨੂੰ ਲੈ ਕੇ ਕਿਹਾ ਕਿ ਜੇਕਰ ਕਿਸੇ ਵੀ ਥਾਂ 'ਤੇ ਬੋਰਵੈੱਲ ਬੰਦ ਨਾ ਹੋਣ ਬਾਰੇ ਜਾਣਕਾਰੀ ਮਿਲਦੀ ਹੀ ਤਾਂ ਉਸ ਸੰਬੰਧੀ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੂਬੇ ਦੇ ਕਿਸਾਨ ਜੋ ਕਿ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ, ਉਨ੍ਹਾਂ ਲਈ ਮਾਨ ਸਰਕਾਰ ਵੱਲੋਂ ਇਕ ਪੋਰਟਲ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ ਨੇ 1 ਤੋਂ 30 ਅਪ੍ਰੈਲ 2022 ਤੱਕ ਰਜਿਸਟ੍ਰੇਸ਼ਨ ਅਤੇ ਸਟੈਂਪਾਂ ਤੋਂ 352.62 ਕਰੋੜ ਰੁਪਏ ਤੋਂ ਵੱਧ ਰਾਸ਼ੀ ਜੁਟਾਈ ਹੈ ਜਦੋਂਕਿ ਪਿਛਲੇ ਸਾਲ ਇਸ ਮਹੀਨੇ ਦੌਰਾਨ 270.31 ਕਰੋੜ ਰੁਪਏ ਇਕੱਤਰ ਹੋਏ ਸਨ।

 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Anuradha

Content Editor

Related News