ਪੰਜਾਬ ’ਚ ਲੱਗ ਰਹੇ ਪਾਵਰਕੱਟ ਨੂੰ ਲੈ ਕੇ ਜਨਤਾ ’ਚ ਮਚੀ ਹਾਹਾਕਾਰ, ਕਿਸਾਨਾਂ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ
Saturday, Apr 30, 2022 - 10:04 AM (IST)
ਅੰਮ੍ਰਿਤਸਰ (ਰਮਨ) - ਪੰਜਾਬ ਵਿਚ ਬਿਜਲੀ ਸੰਕਟ ਕਾਰਨ ਰੋਜ਼ਾਨਾ ਬਿਜਲੀ ਦੇ ਕੱਟ ਲੱਗ ਰਹੇ ਹਨ, ਜਿਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਕਿਸਾਨਾਂ ਨੇ ਸਾਰੇ ਪੰਜਾਬ ਵਿਚ ਰੋਸ ਪ੍ਰਦਰਸ਼ਨ ਕੀਤੇ। ਲੋਕ ਵੀ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੂੰ ਕੋਸ ਰਹੇ ਹਨ, ਸਰਕਾਰ ਵਲੋਂ ਜਿੱਥੇ 100 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ, ਉਥੇ ਹੀ ਬਿਜਲੀ ਦੇ ਲੱਗ ਰਹੇ ਕੱਟਾਂ ਕਾਰਨ ਲੋਕ ਵੀ ਜੰਮ ਕੇ ਭੜਾਸ ਕੱਢ ਰਹੇ ਹਨ ਅਤੇ ਸੋਸ਼ਲ ਮੀਡੀਆ ’ਤੇ ਲੋਕ ਸਰਕਾਰ ਖ਼ਿਲਾਫ਼ ਪੋਸਟਾਂ ਪਾ ਕੇ ਮਜ਼ਾਕ ਉੱਡਾ ਰਹੇ ਹਨ। ਪਾਵਰਕਾਮ ਵਲੋਂ ਹਫ਼ਤੇ ਵਿਚ ਦੋ ਵਾਰ ਤਾਂ ਬਿਜਲੀ ਮੁਰੰਮਤ ਦੇ ਨਾਂ ’ਤੇ ਬਿਜਲੀ ਕੱਟ ਲਾਏ ਜਾ ਰਹੇ ਹਨ, ਉਥੇ ਜਿਸ ਤਰ੍ਹਾਂ ਗਰਮੀ ਨੇ ਅਪ੍ਰੈਲ ਮਹੀਨੇ ਵਿਚ ਆਪਣੇ ਤੇਵਰ ਦਿਖਾਏ ਹਨ ਅਤੇ ਬਿਜਲੀ ਕੱਟ ਲੱਗੇ ਹਨ। ਉਸ ਤੋਂ ਅਧਿਕਾਰੀ ਵੀ ਇਹੀ ਕਹਿ ਰਹੇ ਹਨ ਕਿ ਜੇਕਰ ਇਹੀ ਹਾਲ ਰਿਹਾ ਤਾਂ ਕਈ-ਕਈ ਘੰਟੇ ਬਿਜਲੀ ਸਪਲਾਈ ਬੰਦ ਰਹੇਗੀ।
1912 ਫੋਨ ਆ ਰਿਹਾ ਵਿਅਸਤ
ਜਿਨ੍ਹਾਂ ਇਲਾਕਿਆਂ ਵਿਚ ਬਿਜਲੀ ਸਬੰਧੀ ਮੁਸ਼ਕਲਾਂ ਆਉਂਦੀਆਂ ਹਨ ਤਾਂ ਲੋਕ ਪਾਵਰਕਾਮ ਦੇ ਨੋਡਲ ਸ਼ਿਕਾਇਤ ਕੇਂਦਰ ’ਤੇ ਸ਼ਿਕਾਇਤ ਦਰਜ ਕਰਵਾਉਣ ਲਈ 1912 ’ਤੇ ਫੋਨ ਕਰਦੇ ਹਨ, ਜਿਸ ’ਤੇ ਫੋਨ ਹਮੇਸ਼ਾ ਵਿਅਸਤ ਆਉਂਦਾ ਹੈ। ਦਰਜਨਾਂ ਵਾਰ ਫੋਨ ਕਰਨ ਤੋਂ ਬਾਅਦ ਬਿਜਲੀ ਸਮੱਸਿਆ ਦੀ ਸ਼ਿਕਾਇਤ ਦਰਜ ਹੁੰਦੀ ਹੈ। ਗਰਮੀਆਂ ਦੇ ਸੀਜ਼ਨ ਵਿਚ ਹੁਣ ਪਾਵਰਕਾਮ ਨੂੰ ਦਿਨ ਰਾਤ ਕੰਮ ਕਰਨ ਵਾਲੇ ਜੇ. ਈ. ਦੇ ਨੰਬਰ ਦੇਣੇ ਹੋਣਗੇ, ਜਿਸ ਦੇ ਨਾਲ ਲੋਕਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਸ ’ਤੇ ਉਹ ਸ਼ਿਕਾਇਤ ਦਰਜ ਕਰਵਾ ਸਕਣ।
ਪੇਡੀ ਸੀਜ਼ਨ ਵਿਚ ਹੋਵੇਗਾ ਬੁਰਾ ਹਾਲ
ਗਰਮੀਆਂ ਵਿਚ ਪੇਡੀ ਸੀਜ਼ਨ ਦੌਰਾਨ ਜੇਕਰ ਬਿਜਲੀ ਸਬੰਧੀ ਮੁਸ਼ਕਲਾਂ ਆਈਆਂ ਤਾਂ ਸਰਕਾਰ ਅਤੇ ਪਾਵਰਕਾਮ ਲਈ ਇਹ ਵੱਡੀ ਚੁਣੌਤੀ ਹੋਵੇਗੀ ਕਿ ਕਿਸਾਨਾਂ ਦੀਆਂ ਮੋਟਰਾਂ ਕਿਵੇਂ ਚੱਲਣਗੀਆਂ। ਹਾਲਾਂਕਿ ਕਿਸਾਨਾਂ ਨੇ ਹੁਣ ਤੋਂ ਮੋਰਚਾ ਖੋਲ੍ਹ ਦਿੱਤਾ ਹੈ। ਅਗਲੇ ਸਮੇਂ ਵਿਚ ਥਰਮਲ ਪਲਾਂਟ ਬੰਦ ਹੁੰਦੇ ਹਨ ਤਾਂ ਬਿਜਲੀ ਸੰਕਟ ਦੇ ਚੱਲਦੇ ਪੰਜਾਬ ਵਿਚ ਵੱਡੇ ਪੱਧਰ ’ਤੇ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਜਾਣਗੇ।
ਬਿਜਲੀ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਿਹੈ ਪਾਵਰਕਾਮ
ਪੰਜਾਬ ਵਿਚ ਜਿਸ ਤਰ੍ਹਾਂ ਬਿਜਲੀ ਸਮੱਸਿਆ ਚੱਲ ਰਹੀ ਹੈ ਅਤੇ ਹਰ ਇਲਾਕੇ ਵਿਚ ਬਿਜਲੀ ਸਬੰਧੀ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਪੂਰਾ ਸਟਾਫ ਨਹੀਂ ਹੈ। ਸਾਰਾ ਪਾਵਰਕਾਮ ਇਸ ਸਮੇਂ ਬਿਜਲੀ ਕਰਮਚਾਰੀਆਂ ਦੀ ਘਾਟ ਨਾਲ ਜੂਝ ਰਿਹਾ ਹੈ। ਬਿਜਲੀ ਟਰਾਂਸਫਾਰਮਰ ਵੱਧ ਰਹੇ ਹਨ। ਆਬਾਦੀਆਂ ਵੱਧ ਰਹੀਆ ਹਨ ਪਰ ਹਰ ਰੋਜ਼ ਕਰਮਚਾਰੀ ਸੇਵਾਮੁਕਤ ਹੁੰਦੇ ਜਾ ਰਹੇ ਹਨ। ਕਈ ਸਬ ਸਟੇਸ਼ਨਾਂ ’ਤੇ ਕਰਮਚਾਰੀਆਂ ਨੂੰ ਲੈ ਕੇ ਬੁਰਾ ਹਾਲ ਹੈ। ਹਾਲ ਹੀ ਵਿਚ ਸਰਕਾਰ ਵਲੋਂ ਨਵੀਂ ਭਰਤੀ ਲਈ ਆਦੇਸ਼ ਦਿੱਤੇ ਹਨ।
ਲੋਕਾਂ ਦੇ ਕੰਮ ਧੰਦੇ ਹੋਏ ਬੰਦ
ਸਮਾਜ ਸੇਵਕ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਜਿਸ ਤਰ੍ਹਾਂ ਬਿਜਲੀ ਦੇ ਹਾਲ ਹਨ ਅਤੇ ਅੱਖ ਮਿਚੌਲੀ ਦਾ ਖੇਡ ਖੇਡਿਆ ਜਾ ਰਿਹਾ ਹੈ। ਉਸ ਤਰ੍ਹਾਂ ਨਾਲ ਲੋਕਾਂ ਦੇ ਕੰਮ-ਧੰਦੇ ਠੱਪ ਹੋ ਜਾਣਗੇ। ਬਿਨਾਂ ਬਿਜਲੀ ਕਾਰਨ ਦੁਕਾਨਦਾਰੀ ਤਾਂ ਚੌਪਟ ਹੋਵੇਗੀ, ਉਥੇ ਜਿਨ੍ਹਾਂ ਲੋਕਾਂ ਦੇ ਰੋਜ਼ਗਾਰ ਬਿਜਲੀ ਕਾਰਨ ਚਲਦੇ ਹਨ। ਭਾਵੇ ਉਹ ਫੈਕਟਰੀ ਹੋਵੇ ਜਾਂ ਕੋਈ ਦੁਕਾਨ ਜੇਕਰ ਬਿਜਲੀ ਨਹੀਂ ਹੋਵੇਗੀ ਤਾਂ ਕੰਮ ਕਿਵੇਂ ਚੱਲੇਗਾ, ਉਥੇ ਹੀ ਡੀਜ਼ਲ ਤੇਲ ਦੇ ਮੁੱਲ ਆਏ ਦਿਨ ਵੱਧਦੇ ਜਾ ਰਹੇ ਹਨ। ਰਜਿਦਰ ਨੇ ਕਿਹਾ ਕਿ ਲੋਕ ਹੁਣ ਜਨਰੈਟਰ ਅਤੇ ਇਨਵਰਟਰਾਂ ਦੇ ਸਹਾਰੇ ਰਹਿ ਗਏ ਹਨ। ਸਾਰੇ ਪੰਜਾਬ ਵਿਚ ਬਿਜਲੀ ਨੂੰ ਲੈ ਕੇ ਹਾਹਾਕਾਰ ਮਚੀ ਹੈ। ਹੁਣ ਕੋਈ ਵੀ ਵਿਧਾਇਕ ਕੁਝ ਨਹੀਂ ਬੋਲ ਰਿਹਾ ਹੈ। ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਮੁਫ਼ਤ ਬਿਜਲੀ ਅਤੇ 24 ਘੰਟੇ ਬਿਜਲੀ ਦੇ ਨਾਮ ’ਤੇ ਸਿਆਸਤ ਹੋਈ ਹੈ। ਉਹ ਆਗੂ ਇੱਕ ਵਾਰ ਹੁਣ ਬਿਜਲੀ ਸਮੱਸਿਆ ਨੂੰ ਲੈ ਕੇ ਵੀ ਆਪਣਾ ਬਿਆਨ ਦੇਵੇ ਕਿ ਕਿੱਥੇ ਗਏ ਉਨ੍ਹਾਂ ਦੇ ਵਾਅਦੇ।