ਪੰਜਾਬ ਅੰਦਰ ਪਾਰਟੀਆਂ ਦੀ ਰਾਜਨੀਤਿਕ ਪੈੜ ਤਹਿ ਕਰਨਗੀਆਂ ''ਸ਼ਹਿਰੀ ਚੋਣਾਂ''

7/28/2020 1:15:22 AM

ਮੋਹਾਲੀ,(ਪਰਦੀਪ)-ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਦੂਜੇ ਕਾਰਜਕਾਲ ਨੂੰ ਲੈ ਕੇ ਪੰਜਾਬ ਅੰਦਰ ਵੀ ਭਾਜਪਾ ਵਰਕਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਇਸ ਸਭ ਦੇ ਚਲਦਿਆਂ ਆਉਣ ਵਾਲੇ ਅਕਤੂਬਰ ਮਹੀਨੇ ਵਿਚ ਪੰਜਾਬ ਅੰਦਰ ਹੋਣ ਜਾ ਰਹੀਆਂ ਨਿਗਮ ਅਤੇ ਕਮੇਟੀ ਦੀਆਂ ਚੋਣਾਂ ਵਿਚ ਦੋਵੇਂ ਪਾਰਟੀ ਵਿਚ ਸਿਆਸੀ ਗਠਜੋੜ ਪਹਿਲਾਂ ਦੀਆਂ ਸ਼ਰਤਾਂ ਮੁਤਾਬਕ ਹੀ ਕਾਇਮ ਰਹੇਗਾ ਜਾਂ ਫਿਰ ਭਾਜਪਾ ਅਕਾਲੀ ਦਲ ਤੋਂ ਵੱਧ ਸੀਟਾਂ ਦੀ ਮੰਗ ਕਰੇਗਾ।

9 ਕਾਰਪੋਰੇਸ਼ਨ ਅਤੇ ਕਮੇਟੀ ਦੀਆਂ ਚੋਣਾਂ ਲਈ ਸਰਗਰਮੀਆਂ ਤੇਜ਼:
ਪੰਜਾਬ ਅੰਦਰ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੀਆਂ ਨਗਰ ਨਿਗਮ ਦੀਆਂ ਚੋਣਾਂ ਪਹਿਲਾਂ ਹੀ ਹੋ ਚੁੱਕੀਆਂ ਹਨ, ਜਦਕਿ ਅਗਾਮੀ ਅਕਤੂਬਰ ਮਹੀਨੇ ਵਿਚ ਪ੍ਰਸਤਾਵਿਤ ਨਗਰ ਨਿਗਮ ਅਤੇ ਕਮੇਟੀ ਚੋਣਾਂ ਨੂੰ ਲੈ ਕੇ ਵਾਰਡਬੰਦੀ ਦਾ ਕੰਮ ਸਰਕਾਰ ਵਲੋਂ ਆਰੰਭ ਕਰ ਦਿੱਤਾ ਗਿਆ ਹੈ। ਹੁਸ਼ਿਆਰਪੁਰ, ਪਠਾਨਕੋਟ, ਫਗਵਾੜਾ, ਮੋਹਾਲੀ, ਮੋਗਾ, ਬਠਿੰਡਾ ਅਤੇ ਅਬੋਹਰ ਨਗਰ ਨਿਗਮ ਤੋਂ ਇਲਾਵਾ ਬਟਾਲਾ ਅਤੇ ਕਪੂਰਥਲਾ ਨਗਰ ਨਿਗਮ ਦੀਆਂ ਚੋਣਾਂ ਵੀ ਅਕਤੂਬਰ ਮਹੀਨੇ ਵਿਚ ਹੋਣੀਆਂ ਪ੍ਰਸਤਾਵਿਤ ਹਨ। ਵਰਣਨਯੋਗ ਹੈ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਜਿਥੇ ਕਾਂਗਰਸ ਵਲੋਂ ਆਪੋ ਆਪਣੇ ਉਮੀਦਵਾਰਾਂ ਨੂੰ ਜਤਾਉਣ ਲਈ ਪੂਰੀ ਸਰਗਰਮੀ ਨਾਲ ਡਟ ਗਈ ਹੈ ਉਥੇ ਇਨ੍ਹਾਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਕਾਇਮ ਰਹੇਗਾ ਇਹ ਦੋਵੇਂ ਪਾਰਟੀਆਂ ਲਈ ਪ੍ਰੀਖਿਆ ਦੀ ਘੜੀ ਹੋਵੇਗੀ। ਸਿਆਸੀ ਮਾਹਿਰਾਂ ਅਨੁਸਾਰ ਇਨ੍ਹਾਂ ਚੋਣਾਂ ਵਿਚ ਬਿਨਾਂ ਸ਼ੱਕ ਕੇਂਦਰ ਵਿਚ ਭਾਜਪਾ ਸਰਕਾਰ ਹੋਣ ਦੇ ਚਲਦਿਆਂ ਭਾਜਪਾ ਅਕਾਲੀ ਦਲ ਤੋਂ ਵੱਧ ਸੀਟਾਂ ਦੀ ਮੰਗ ਕਰੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੂੰ ਕਿੰਨੀਆਂ ਸੀਟਾਂ ਦੇ ਸਕੇਗਾ ਅਤੇ ਭਾਜਪਾ ਕਿੰਨੀਆਂ ਵੱਧ ਸੀਟਾਂ ਨਾਲ ਸੰਤੁਸ਼ਟ ਹੋਵੇਗਾ। ਇਸ ਵਾਰੇ ਨਤੀਜਾ ਭਵਿੱਖ ਦੇ ਗਰਭ ਵਿਚ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਬੁੱਕਲ ਵਿਚ ਵਸੇ ਮੋਹਾਲੀ ਸ਼ਹਿਰ ਜਿਹੜੇ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਅਹਿਮ ਨੇਤਾਵਾਂ ਅਤੇ ਵੱਡੇ ਉਦਯੋਗਪਤੀਆਂ ਦੀ ਰਿਹਾਇਸ਼ਗਾਹ ਬਣ ਚੁੱਕਾ ਹੈ ਉਥੇ ਮੋਹਾਲੀ ਕਾਰਪੋਰੇਸ਼ਨ ਦੇ ਹੋਂਦ ਵਿਚ ਆਉਣ ਤੋਂ ਬਾਅਦ ਇਹ ਦੂਜੀ ਚੋਣ ਹੋਵੇਗੀ। ਜਦਕਿ ਮੋਹਾਲੀ ਨਗਰ ਨਿਗਮ ਦੇ ਪਹਿਲੇ ਮੇਅਰ ਕੁਲਵੰਤ ਸਿੰਘ ਚੇਅਰਮੈਨ ਕਮ ਮੈਨੇਜਿੰਗ ਡਾਇਰਕਟਰ ਜਨਤਾ ਲੈਂਡ ਪ੍ਰਮੋਟਰ ਬਤੌਰ ਮੇਅਰ ਮੋਹਾਲੀ ਨਗਰ ਨਿਗਮ ਆਪਣਾ ਕਾਰਜਕਾਲ ਪੂਰਾ ਕਰ ਚੁੱਕੇ ਹਨ ਅਤੇ ਮੋਹਾਲੀ ਵਿਚ ਅਕਾਲੀ ਦਲ ਦੇ ਉਮੀਦਵਾਰ ਅਤੇ ਨਵੇਂ ਚਿਹਰੇ ਕੁਲਵੰਤ ਸਿੰਘ ਦੀਆਂ ਸਰਗਰਮੀਆਂ ਤੇ ਨਿਗਾਹ ਟਿਕਾਈ ਬੈਠੇ ਹਨ। ਮੌਜੂਦਾ ਰਾਜਨੀਤਿਕ ਗਠਜੋੜ ਮੁਤਾਬਕ ਮੋਹਾਲੀ ਦੇ 50 ਵਾਰਡਾਂ ਵਿਚ 36 ਸੀਟਾਂ ਸ਼੍ਰੋਮਣੀ ਅਕਾਲੀ ਦਲ ਕੋਲ ਜਦਕਿ ਭਾਈਵਾਲ ਭਾਜਪਾ ਦੇ ਹਿੱਸੇ ਸਿਰਫ 14 ਸੀਟਾਂ ਹਨ। ਵੇਖਣ ਵਾਲੀ ਗੱਲ ਇਹ ਹੋਵੇਗੀ ਭਾਜਪਾ ਹੋਰ ਕਿੰਨੀਆਂ ਵੱਧ ਸੀਟਾਂ ਦੀ ਮੰਗ ਕਰੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਆਪਣਾ ਮੇਅਰ ਮੋਹਾਲੀ ਵਿਚ ਬਣਾਉਣ ਲਈ ਕਿੰਨੀਆਂ ਸੀਟਾਂ ਭਾਜਪਾ ਨੂੰ ਦੇ ਸਕੇਗਾ। ਮੋਹਾਲੀ ਵਾਂਗ ਹੀ ਹੋਰਨਾਂ ਕਾਰਪੋਰੇਸ਼ਨ ਅਤੇ ਮਿਊਂਸੀਪਲ ਕਮੇਟੀ ਦੀਆਂ ਚੋਣਾਂ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਟਿਕਟਾਂ ਦੀ ਵੰਡ ਨੂੰ ਲੈ ਕੇ ਪਹਿਲਾਂ ਵਾਲੀਆਂ ਸ਼ਰਤਾਂ ਹੀ ਕਾਇਮ ਰਹਿਣਗੀਆਂ ਇਸ ਗੱਲ ਦੀ ਵਧੇਰੇ ਸੰਭਾਵਨਾ ਹੈ ਕਿ ਭਾਜਪਾ ਆਪਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਕੋਲੋਂ ਵੱਧ ਸੀਟਾਂ ਦੀ ਮੰਗ ਕਰੇਗਾ, ਕਿਉਂਕਿ ਮੌਜੂਦਾ ਰਾਜਨੀਤਿਕ ਪ੍ਰੀਤੇਕ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਦੋਹਰੀ ਰਾਜਨੀਤਿਕ ਮਾਰ ਪੈ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਈ ਨੇਤਾ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਅੰਦਰ ਸ਼੍ਰੋਮਣੀ ਕਮੇਟੀ ਚੋਣਾਂ, ਵਿਧਾਨ ਸਭਾ ਚੋਣਾਂ ਵਿਚ ਮੁਕਾਬਲਾ ਦੇਣ ਲਈ ਤੀਸਰੇ ਬਦਲ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ ਅਤੇ ਨਗਰ ਨਿਗਮ ਅਤੇ ਕਮੇਟੀ ਦੀਆਂ ਚੋਣਾਂ ਵਿਚ ਜਿਥੇ ਅਕਾਲੀ ਦਲ ਬੀ. ਜੇ. ਪੀ. ਦੇ ਗਠਜੋੜ ਦੇ ਮੁਕਾਬਲੇ ਵਿਰੋਧੀ ਧਿਰ ਵਜੋਂ ਕਾਂਗਰਸ, ਆਪ, ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹੋਣਗੇ। ਇਸ ਗੱਲ ਦੀ ਸ਼ਾਹਦੀ ਸਿਆਸੀ ਮਾਹਿਰ ਵੀ ਭਰਦੇ ਹਨ ਕਿ ਅਜਿਹੇ ਰਾਜਨੀਤਿਕ ਪਰੀਪੇਕ ਵਿਚ ਸ਼੍ਰੋਮਣੀ ਅਕਾਲੀ ਦਲ ਆਪਣੇ ਭਾਈਵਾਲ ਭਾਜਪਾ ਨੂੰ ਨਾਰਾਜ਼ ਨਹੀਂ ਕਰਣਾ ਚਾਹੇਗਾ। ਇਸ ਗੱਲ ਤੋਂ ਭਾਜਪਾ ਹਾਈਕਮਾਂਡ ਵੀ ਭਲੀਭਾਂਤ ਬਾਖਬ ਹੈ ਕਿ ਭਾਜਪਾ ਇਨ੍ਹਾਂ ਚੋਣਾਂ ਵਿਚ ਰਾਜਨੀਤਿਕ ਸੌਦੇਬਾਜ਼ੀ ਆਪਣੀ ਸਿਆਸੀ ਲੋੜ ਮੁਤਾਬਕ ਜ਼ਰੂਰ ਕਰਨਾ ਚਾਹੇਗਾ।

ਪੁਰਾਣੇ ਉਮੀਦਵਾਰ ਅਤੇ ਨਵੇਂ ਚਿਹਰਿਆਂ ਵਲੋਂ ਜੋਰ ਅਜਮਾਇਸ਼ ਸ਼ੁਰੂ:
ਇਨ੍ਹਾਂ ਚੋਣਾਂ ਨੂੰ ਲੈ ਕੇ ਜਿਥੇ ਵਾਰਡਬੰਦੀ ਦਾ ਕੰਮ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਉਥੇ ਕਾਂਗਰਸ, ਅਕਾਲੀ ਦਲ, ਭਾਜਪਾ ਦੇ ਪੁਰਾਣੇ ਉਮੀਦਵਾਰ ਡੱਟ ਗਏ ਹਨ ਉਥੇ ਟਿਕਟ ਪ੍ਰਾਪਤੀ ਲਈ ਸੰਭਾਵਤ ਨਵੇਂ ਚਿਹਰਿਆਂ ਵਲੋਂ ਜੋਰ ਅਜਮਾਇਸ਼ ਸ਼ੁਰੂ ਕਰ ਦਿੱਤੀ ਗਈ ਅਤੇ ਹੋਰ ਕੋਈ ਆਪੋ ਆਪਣੇ ਸਿਆਸੀ ਪ੍ਰਭੂਆਂ ਤਕ ਪੁੰਚ ਕਰਕੇ ਆਪਣੀ ਟਿਕਟ ਪੱਕੀ ਕਰਨ ਦਾ ਜੁਗਾੜ ਕਰਦਾ ਦਿਖਾਈ ਦੇ ਰਿਹਾ ਹੈ।ਭਾਵੇਂ ਕੁੱਝ ਵੀ ਹੋਵੇ ਇਹ ਸ਼ਹਿਰੀ ਵੋਟਰਾਂ ਨਾਲ ਸਬੰਧਤ ਚੋਣਾਂ ਸਭਨਾਂ ਰਾਜਨੀਤਿਕ ਪਾਰਟੀਆਂ ਦੀ ਰਾਜਨੀਤਿਕ ਸਮਝ, ਪਹੁੰਚ ਅਤੇ ਸ਼ਹਿਰੀ ਵੋਟਰਾਂ ਦੇ ਦਿਲ ਵਿਚ ਕਿਸ ਪਾਰਟੀ ਦਾ ਕੀ ਸਥਾਨ ਹੈ ਬਾਰੇ ਸਥਿਤੀ ਸਪੱਸ਼ਟ ਕਰਨਗੀਆਂ।


Deepak Kumar

Content Editor Deepak Kumar