ਸੀਤ ਲਹਿਰ ਦਾ ਪੂਰਾ ਜ਼ੋਰ, ਸੰਘਣੀ ਧੁੰਦ ''ਚ ਘਿਰਿਆ ਪੰਜਾਬ

Tuesday, Dec 24, 2019 - 09:35 AM (IST)

ਸੀਤ ਲਹਿਰ ਦਾ ਪੂਰਾ ਜ਼ੋਰ, ਸੰਘਣੀ ਧੁੰਦ ''ਚ ਘਿਰਿਆ ਪੰਜਾਬ

ਚੰਡੀਗੜ੍ਹ (ਏਜੰਸੀਆਂ) : ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਸੋਮਵਾਰ ਵੀ ਸੀਤ ਲਹਿਰ ਦਾ ਪੂਰਾ ਜ਼ੋਰ ਰਿਹਾ ਅਤੇ ਸੰਘਣੀ ਧੁੰਦ ਪੈਣ ਕਾਰਣ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਰੇਲ, ਸੜਕ ਅਤੇ ਹਵਾਈ ਆਵਾਜਾਈ 'ਤੇ ਮਾੜਾ ਅਸਰ ਪਿਆ। ਆਉਂਦੇ 2 ਦਿਨ ਤੱਕ ਹੋਰ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। 40 ਸਾਲ ਬਾਅਦ ਪੈ ਰਹੀ ਭਾਰੀ ਠੰਡ ਕਾਰਣ ਕਣਕ ਦੀ ਫਸਲ ਨੂੰ ਯਕੀਨੀ ਤੌਰ 'ਤੇ ਲਾਭ ਹੋਣ ਦੀ ਸੰਭਾਵਨਾ ਹੈ।

ਕਸ਼ਮੀਰ ਤੇ ਲੱਦਾਖ 'ਚ ਘੱਟੋ-ਘੱਟ ਤਾਪਮਾਨ ਡਿੱਗਾ

ਕਸ਼ਮੀਰ ਅਤੇ ਲੱਦਾਖ ਖੇਤਰ ਵਿਚ ਸੋਮਵਾਰ ਘੱਟੋ-ਘੱਟ ਤਾਪਮਾਨ ਕੁਝ ਹੋਰ ਡਿੱਗ ਪਿਆ ਪਰ ਨਾਲ ਹੀ ਧੁੱਪ ਚੜ੍ਹਨ ਨਾਲ ਲੋਕਾਂ ਨੂੰ ਸੀਤ ਲਹਿਰ ਤੋਂ ਕੁਝ ਰਾਹਤ ਮਿਲੀ। ਜੰਮੂ-ਸ਼੍ਰੀਨਗਰ ਜਰਨੈਲੀ ਸੜਕ 'ਤੇ ਟ੍ਰੈਫਿਕ ਸੋਮਵਾਰ ਸਵੇਰੇ ਬਹਾਲ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਸੜਕ 'ਤੇ ਡਿੱਗੇ ਮਲਬੇ ਨੂੰ ਹਟਾ ਦਿੱਤਾ ਗਿਆ। ਮੁਗਲ ਰੋਡ ਅਤੇ ਸ਼੍ਰੀਨਗਰ-ਲੇਹ ਸੜਕ ਸੋਮਵਾਰ ਰਾਤ ਤੱਕ ਬੰਦ ਸੀ। ਕਿਸ਼ਤਵਾੜ ਤੋਂ ਅਨੰਤਨਾਗ ਨੂੰ ਜਾਣ ਵਾਲੀ ਸੜਕ 'ਤੇ ਵੀ ਆਵਾਜਾਈ ਬਹਾਲ ਨਹੀਂ ਹੋ ਸਕੀ ਸੀ।

ਮੌਸਮ ਵਿਭਾਗ ਮੁਤਾਬਕ ਕਸ਼ਮੀਰ ਵਾਦੀ ਵਿਚ ਕੁਲ ਮਿਲਾ ਕੇ ਮੌਸਮ ਖੁਸ਼ਕ ਹੀ ਰਿਹਾ। ਸ਼੍ਰੀਨਗਰ ਵਿਖੇ ਘੱਟੋ-ਘੱਟ ਤਾਪਮਾਨ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਰਾਸ ਵਿਚ ਇਹੀ ਤਾਪਮਾਨ ਮਨਫੀ 27.4 ਡਿਗਰੀ ਸੈਲਸੀਅਸ ਸੀ। ਗੁਲਮਰਗ ਵਿਖੇ ਮਨਫੀ 8.5 ਅਤੇ ਲੇਹ ਵਿਖੇ ਮਨਫੀ 9.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਆਉਂਦੇ ਕੁਝ ਦਿਨ ਮੌਸਮ ਦੇ ਖੁਸ਼ਕ ਹੀ ਰਹਿਣ ਦੀ ਸੰਭਾਵਨਾ ਹੈ।


author

cherry

Content Editor

Related News