ਮੌਸਮ ਬਦਲਦਿਆਂ ਹੀ ਪੰਜਾਬ ਕਾਂਗਰਸ ’ਚ ਵਧਣ ਲੱਗਾ ਅੰਦਰੂਨੀ ਜੰਗ ਦਾ ਪਾਰਾ

03/08/2020 9:49:03 AM

ਜਲੰਧਰ (ਸੋਮਨਾਥ) - ਮੌਸਮ ’ਚ ਤਬਦੀਲੀ ਹੋਣੀ ਸ਼ੁਰੂ ਹੋ ਗਈ ਹੈ। ਜਿਵੇਂ-ਜਿਵੇਂ ਤਾਪਮਾਨ ਵਧ ਰਿਹਾ ਹੈ, ਉਵੇਂ-ਉਵੇਂ ਪੰਜਾਬ ਕਾਂਗਰਸ ਦੇ ਅੰਦਰ ਗਰਮਾਹਟ ਆਉਣੀ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਆਪਣੇ ਹੀ ਵਿਧਾਇਕ, ਮੰਤਰੀ ਅਤੇ ਇਥੋਂ ਤੱਕ ਕਿ ਕੇਂਦਰੀ ਮੰਤਰੀ ਵੀ ਕੈਪਟਨ ਸਰਕਾਰ ਨੂੰ ਘੇਰਨ ’ਚ ਲੱਗੇ ਹੋਏ ਹਨ। 2017 ’ਚ ਪੰਜਾਬ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜਿਨ੍ਹਾਂ ਮੁੱਦਿਆਂ ਨੂੰ ਚੁੱਕਦਿਆਂ ਕਾਂਗਰਸ ਨੇ ਰਾਜ ’ਚ ਸੱਤਾ ਹਾਸਲ ਕੀਤੀ ਸੀ, ਤਿੰਨ ਸਾਲ ਮਗਰੋਂ ਉਹੀ ਮੁੱਦੇ ਮੁੜ ਤੋਂ ਭਖਣ ਲੱਗੇ ਹਨ ਅਤੇ ਸਰਕਾਰ ਨੂੰ ਵਿਰੋਧੀ ਧਿਰ ਦੇ ਨਾਲ-ਨਾਲ ਆਪਣੇ ਵਿਧਾਇਕ ਅਤੇ ਆਗੂ ਵੀ ਘੇਰਦੇ ਨਜ਼ਰ ਆ ਰਹੇ ਹਨ। ਨਾ ਤਾਂ ਪੰਜਾਬ ’ਚ ਨਸ਼ਿਆਂ ਦਾ ਖ਼ਾਤਮਾ ਹੋਇਆ ਹੈ ਅਤੇ ਨਾ ਹੀ ਕਿਸਾਨਾਂ ਦੀ ਆਰਥਿਕ ਹਾਲਤ ’ਚ ਸੁਧਾਰ ਹੋਇਆ ਹੈ । ਕਰਜ਼ੇ ਦੇ ਬੋਝ ਹੇਠ ਦੱਬੀ ਸਰਕਾਰ ਨੂੰ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਕਰਜ਼ਾ ਚੁੱਕਣਾ ਪੈ ਰਿਹਾ ਹੈ। ਆਮ ਆਦਮੀ ਦੀ ਸੁਣਵਾਈ ਹੋਣ ਦੀ ਗੱਲ ਤਾਂ ਦੂਰ ਰਹੀ, ਕੈਪਟਨ ਅਮਰਿੰਦਰ ਸਿੰਘ ਦੇ ਵਿਧਾਇਕਾਂ ਨੂੰ ਨਾ ਮਿਲਣ ਕਾਰਨ ਵੀ ਉਨ੍ਹਾਂ ’ਚ ਰੋਸ ਪੈਦਾ ਹੋ ਰਿਹਾ ਹੈ ਅਤੇ ਅਫ਼ਸਰ ਉਨ੍ਹਾਂ ਦੀ ਸੁਣ ਨਹੀਂ ਰਹੇ ਹਨ। ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਖ਼ੁਦ ਵਿਧਾਇਕ ਹੀ ਸਰਕਾਰ ਨੂੰ ਘੇਰ ਰਹੇ ਹਨ। 

ਰਾਜ ’ਚ ਸ਼ਰਾਬ ਮਾਫ਼ੀਆ ਬੇਲਗਾਮ ਹੈ ਅਤੇ ਪਿਛਲੇ ਦਿਨੀਂ ਸਥਾਨਕ ਸਰਕਾਰਾਂ ਬਾਰੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਖ਼ੁਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਕੇ ਕਾਂਗਰਸ ਅੰਦਰ ਪੈਦਾ ਹੋ ਰਹੇ ਸਿਆਸੀ ਰੋਸ ਅਤੇ ਸੂਬੇ ਦੀ ਸਥਿਤੀ ਸਪੱਸ਼ਟ ਕਰ ਚੁੱਕੇ ਹਨ । ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੀ ਕੈਪਟਨ ਅਮਰਿੰਦਰ ਸਿੰਘ ਸਰਕਾਰ ’ਤੇ ਹਮਲਾ-ਦਰ-ਹਮਲਾ ਕਰ ਰਹੇ ਹਨ। ਬਾਜਵਾ ਨੇ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਥਾਪਾ ਨੂੰ ਖ਼ਤ ਲਿਖ ਕੇ ਪੰਜਾਬ ’ਚ ਨਸ਼ੇ ਵਾਲੇ ਪਦਾਰਥਾਂ ਬਾਰੇ ਪੰਜਾਬ-ਹਰਿਆਣਾ ਹਾਈ ਕੋਰਟ ’ਚ ਰੱਖੀਆਂ ਮੋਹਰਬੰਦ ਰਿਪੋਰਟਾਂ ਨੂੰ ਖੋਲ੍ਹਣ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਬੇਨਤੀ ਕੀਤੀ ਹੈ। ਬਾਜਵਾ ਨੇ ਆਪਣੇ ਖ਼ਤ ’ਚ ਕਿਹਾ ਹੈ ਕਿ ਇਸ ਮਾਮਲੇ ’ਚ ਨਾ ਤਾਂ ਭਾਰਤ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਠੀਕ ਤਰ੍ਹਾਂ ਪੈਰਵੀ ਕਰ ਰਹੀ ਹੈ ਅਤੇ ਇਸ ਕਾਰਨ ਜਿਨ੍ਹਾਂ ਵੱਡੇ ਨਾਵਾਂ ਦਾ ਖ਼ੁਲਾਸਾ ਪੰਜਾਬ ਪੁਲਸ ਦੀ ਐੱਸ. ਟੀ. ਐੱਫ਼. ਦੀ ਮੋਹਰਬੰਦ ਰਿਪੋਰਟ ’ਚ ਹੋਣਾ ਚਾਹੀਦਾ ਸੀ, ਉਹ ਨਹੀਂ ਹੋ ਰਿਹਾ ਹੈ ਅਤੇ ਨਾ ਹੀ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਆਪਣਾ ਪੱਖ ਠੀਕ ਤਰ੍ਹਾਂ ਨਾਲ ਹਾਈ ਕੋਰਟ ’ਚ ਰੱਖ ਰਹੀ ਹੈ।

ਪ੍ਰਗਟ ਸਿੰਘ ਨੇ ਆਪਣੀ ਹੀ ਸਰਕਾਰ ਵਿਰੁੱਧ ਦਾਗ਼ਿਆ ਗੋਲਾ
ਕੈਪਟਨ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਦੇ ਹੋਏ ਕਾਂਗਰਸ ਦੇ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਨੇ ਵੀ ਕੁਝ ਹਫ਼ਤੇ ਪਹਿਲਾਂ ਸ਼ਰਾਬ ਮਾਫ਼ੀਆ ਅਤੇ ਖਨਨ ਮਾਫ਼ੀਆ ਦੇ ਮੁੱਦੇ ਚੁੱਕਦੇ ਹੋਏ ਆਪਣੀ ਹੀ ਸਰਕਾਰ ’ਤੇ ਗੋਲਾ ਦਾਗ਼ਿਆ ਸੀ। ਉਨ੍ਹਾਂ ਨੇ ਚੋਣ ਐਲਾਨਨਾਮੇ ’ਚ ਜਨਤਾ ਨਾਲ ਕੀਤੇ ਵਾਅਦੇ ਦਾ ਚੇਤਾ ਕਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਖ਼ਤ ਦੀ ਇਕ ਨਕਲ ਪਾਰਟੀ ਦੀ ਕੌਮੀ ਪ੍ਰਧਾਨ ਨੂੰ ਵੀ ਭੇਜੀ ਸੀ। ਭਾਵੇਂ ਪ੍ਰਗਟ ਸਿੰਘ ਇਸ ਨੂੰ ਪਾਰਟੀ ਦਾ ਅੰਦਰੂਨੀ ਮਾਮਲਾ ਦੱਸ ਰਹੇ ਹਨ ਪਰ ਉਨ੍ਹਾਂ ਦਾ ਖ਼ਤ ਮੀਡੀਆ ’ਚ ਲੀਕ ਹੋਣ ਤੋਂ ਬਾਅਦ ਪਾਰਟੀ ਅੰਦਰ ਚੱਲ ਰਹੀ ਖਿੱਚ-ਧੂਹ ਦੀਆਂ ਖ਼ਬਰਾਂ ਬਾਹਰ ਆਉਣ ਲੱਗ ਪਈਆਂ ਹਨ। ਪ੍ਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਲਿਖੇ ਆਪਣੇ ਖ਼ਤ ’ਚ ਕਿਹਾ ਹੈ ਕਿ ਉਹ ਦਸੰਬਰ 2019 ’ਚ ਵੀ ਖ਼ਤ ਲਿਖ ਚੁੱਕੇ ਹਨ। ਉਸ ’ਚ ਉਨ੍ਹਾਂ ਨੇ ਉਸ ਸਮੇਂ ਵੀ ਨਸ਼ਿਆਂ ਵਿਰੁੱਧ ਰਾਜ ਸਰਕਾਰ ਦੀ ਨਾਕਾਮੀ ਦਾ ਮਾਮਲਾ ਚੁੱਕਿਆ ਸੀ।

ਤਾਜ਼ਾ ਖ਼ਤ ’ਚ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਸਰਕਾਰ ਰਾਜ ’ਚ ਸ਼ਰਾਬ ਮਾਫ਼ੀਆ ਅਤੇ ਖਨਨ ਮਾਫ਼ੀਆ ’ਤੇ ਲਗਾਮ ਕੱਸਣ ’ਚ ਨਾਕਾਮ ਰਹੀ ਹੈ। ਮਾਫ਼ੀਆ ਰਾਜ ਐਨ ਉਸੇ ਤਰ੍ਹਾਂ ਚੱਲ ਰਿਹਾ ਹੈ ਜਿਵੇਂ ਬਾਦਲ ਸਰਕਾਰ ਦੇ ਸਮੇਂ ਚੱਲ ਰਿਹਾ ਸੀ। ਰਾਜ ’ਚ ਭ੍ਰਿਸ਼ਟਾਚਾਰ ’ਤੇ ਵੀ ਰੋਕ ਨਹੀਂ ਲਾਈ ਜਾ ਸਕੀ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਐਲਾਨਨਾਮੇ ’ਚ ਜਨਤਾ ਨਾਲ ਕੀਤੇ ਵਾਅਦਿਆਂ ਦਾ ਚੇਤਾ ਕਰਾਇਆ ਅਤੇ ਕਿਹਾ ਕਿ ਜਨਤਾ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ ਹਨ।

ਕੈਪਟਨ ਮਿਲਦੇ ਨਹੀਂ, ਨੌਕਰਸ਼ਾਹੀ ਸੁਣਦੀ ਨਹੀਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਹਨ ਕਿ ਉਹ ਆਮ ਜਨਤਾ ਨਾਲ ਤਾਂ ਕਿਤੇ ਪਰ੍ਹੇ ਦੀ ਗੱਲ ਹੈ, ਆਪਣੇ ਵਿਧਾਇਕਾਂ ਨਾਲ ਵੀ ਉਨ੍ਹਾਂ ਦਾ ਸਿੱਧਾ ਸੰਪਰਕ ਨਹੀਂ ਹੈ। ਇੱਥੋਂ ਤੱਕ ਕਿ ਸੂਬੇ ਦੇ ਕਾਂਗਰਸ ਪ੍ਰਧਾਨ ਨੂੰ ਵੀ ਮਿਲਣ ਲਈ ਸਮਾਂ ਨਹੀਂ ਦਿੰਦੇ। ਇਸ ਕਾਰਨ ਕੈਪਟਨ ਅਮਰਿੰਦਰ ਸਿੰਘ ਦੇ ਕੰਮ ਦੇ ਤੌਰ-ਤਰੀਕਿਆਂ ਤੋਂ ਨਾਰਾਜ਼ ਵਿਧਾਇਕਾਂ ’ਚ ਸਰਕਾਰ ਪ੍ਰਤੀ ਰੋਸ ਨਿਰੰਤਰ ਵਧ ਰਿਹਾ ਹੈ। ਕੈਪਟਨ ਤੋਂ ਨਾਰਾਜ਼ ਵਿਧਾਇਕ ਹੁਣ ਪਾਸਾ ਵੱਟਣ ਦੀਆਂ ਤਿਆਰੀਆਂ ’ਚ ਹਨ। ਇਨ੍ਹਾਂ ’ਚ ਕਈ ਸੀਨੀਅਰ ਆਗੂ ਵੀ ਹਨ ਅਤੇ ਕੁਝ ਅਜਿਹੇ ਵਿਧਾਇਕ ਵੀ ਹਨ ਜਿਹੜੇ 3 ਜਾਂ 4 ਵਾਰ ਜਿੱਤ ਕੇ ਵਿਧਾਨ ਸਭਾ ’ਚ ਪਹੁੰਚੇ ਹਨ। ਕੈਪਟਨ ਨਾਲ ਵਿਧਾਇਕਾਂ ਦੀ ਨਾਰਾਜ਼ਗੀ ਦਾ ਇਕ ਕਾਰਨ ਨੌਕਰਸ਼ਾਹੀ ’ਚ ਉਨ੍ਹਾਂ ਦੀ ਕੋਈ ਸੁਣਵਾਈ ਦਾ ਨਾ ਹੋਣਾ ਵੀ ਹੈ।

ਰਾਜ ਦੀਆਂ ਬਿਜਲੀ ਉਤਪਾਦਨ ਕੰਪਨੀਆਂ ਨਾਲ ਹੋਏ ਸਮਝੌਤਿਆਂ ਅਤੇ ਥਰਮਲ ਪਲਾਂਟਾਂ ਬਾਰੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ 9 ਫਰਵਰੀ ਨੂੰ ਤਲਵੰਡੀ ਸਾਬੋ ਲਾਗੇ ਦੇ ਪਿੰਡ ਵਣਾਂਵਾਲੀ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਯਕੀਨ ਦੁਆਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਮੰਤਰੀ ਤੱਕ ਪਹੁੰਚਾਉਣਗੇ। ਉਨ੍ਹਾਂ ਨੇ ਇਸ ਲਈ ਮੁੱਖ ਮੰਤਰੀ ਦਫ਼ਤਰ ਤੋਂ ਮਿਲਣ ਲਈ ਸਮਾਂ ਮੰਗਿਆ ਪਰ ਤਿੰਨ ਦਿਨ ਬੀਤਣ ਬਾਅਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਦਰਸ਼ਨ ਦੇਣਾ ਜਾਇਜ਼ ਨਹੀਂ ਸਮਝਿਆ।

ਕੈਪਟਨ ਸਰਕਾਰ ਨੂੰ ਘੇਰਿਆ ਰਾਜਾ ਵੜਿੰਗ ਨੇ
ਰਾਜਾ ਵੜਿੰਗ ਨੇ ਵਿਧਾਨ ਸਭਾ ਇਜਲਾਸ ਦੌਰਾਨ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਸਰਕਾਰ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕਰਨ ’ਚ ਕੋਈ ਨੀਤੀ ਅੱਗੇ ਨਹੀਂ ਲਿਆ ਸਕੀ ਹੈ, ਨਾਲ ਹੀ ਉਨ੍ਹਾਂ ਨੇ ਭ੍ਰਿਸ਼ਟਾਚਾਰ ਦਾ ਮੁੱਦਾ ਚੁੱਕਦੇ ਹੋਏ ਸਰਕਾਰ ਦੀਆਂ ਨਾਕਾਮੀਆਂ ਦੀ ਪੋਲ ਖੋਲ੍ਹ ਦਿੱਤੀ। ਉਨ੍ਹਾਂ ਕਿਹਾ ਕਿ ਕਾਫ਼ੀ ਮੁਸ਼ੱਕਤ ਤੋਂ ਪਿੱਛੋਂ ਪੀ. ਆਰ. ਟੀ. ਸੀ. ਦੀ ਏ. ਸੀ. ਬੱਸ ਦਾ ਇਕ ਰੂਟ ਚੰਡੀਗੜ੍ਹ ਤੋਂ ਸ਼ੁਰੂ ਕਰਵਾਇਆ ਸੀ ਪਰ ਆਰ. ਟੀ. ਓ. ਹਰਦੀਪ ਸਿੰਘ ਦੀ ਵਜ੍ਹਾ ਕਰ ਕੇ ਨਵੀਨੀਕਰਨ ਨਹੀਂ ਹੋ ਸਕਿਆ ਅਤੇ ਬੱਸ ਬੰਦ ਹੋ ਗਈ। ਉਪਰੋਕਤ ਅਧਿਕਾਰੀ ਭ੍ਰਿਸ਼ਟਾਚਾਰ ਅਤੇ ਗ਼ਬਨ ਦੇ ਮਾਮਲਿਆਂ ’ਚ ਪੁਲਸ ਨੂੰ ਲੋੜੀਂਦਾ ਸੀ ਅਤੇ ਇਨ੍ਹੀਂ ਦਿਨੀਂ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਭਗੌੜਾ ਹੋਇਆ ਹੈ।

ਵੜਿੰਗ ਨੇ ਕਿਹਾ ਕਿ ਪਤਾ ਨਹੀਂ ਸਰਕਾਰ ਦੀ ਕੀ ਨੀਤੀ ਹੈ ਕਿਉਂਕਿ ਲੰਮੇ ਸਮੇਂ ਤੋਂ ਟਰਾਂਸਪੋਰਟ ਮੰਤਰੀ ਨੂੰ ਬੇਨਤੀ ਕਰਦੇ ਆ ਰਹੇ ਹਨ ਕਿ ਉਪਰੋਕਤ ਭ੍ਰਿਸ਼ਟ ਆਰ. ਟੀ. ਓ. ਨੂੰ ਤਬਦੀਲ ਕਰ ਦਿੱਤਾ ਜਾਵੇ ਪਰ ਪਹਿਲਾਂ ਉਸ ਸਮੇਂ ਮੰਤਰੀ ਅਰੁਣਾ ਚੌਧਰੀ ਹੱਥ ਖੜ੍ਹੇ ਕਰਦੀ ਆ ਰਹੀ ਹੈ ਅਤੇ ਹੁਣ ਮੌਜੂਦਾ ਮੰਤਰੀ ਰਜ਼ੀਆ ਸੁਲਤਾਨਾ ਵੀ ਅਜਿਹਾ ਹੀ ਕਹਿ ਰਹੀ ਹੈ। ਮੁੱਖ ਮੰਤਰੀ ਦੀਆਂ ਨੀਤੀਆਂ ਦਾ ਖੁੱਲ੍ਹਾ ਵਿਰੋਧ ਕਰਨ ਵਾਲੇ ਪ੍ਰਗਟ ਸਿੰਘ ਕਾਂਗਰਸ ਦੇ ਪਹਿਲੇ ਵਿਧਾਇਕ ਨਹੀਂ ਹਨ। ਉਨ੍ਹਾਂ ਤੋਂ ਪਹਿਲਾਂ ਸੁਰਜੀਤ ਧੀਮਾਨ, ਰਣਦੀਪ ਸਿੰਘ, ਨਿਰਮਲ ਸਿੰਘ, ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ, ਰਾਜਿੰਦਰ ਸਿੰਘ ਅਤੇ ਰਾਜਾ ਵੜਿੰਗ ਵੀ ਸਰਕਾਰ ਦੇ ਕੰਮ-ਢੰਗ ਬਾਰੇ ਸਵਾਲ ਉਠਾ ਚੁੱਕੇ ਹਨ।


rajwinder kaur

Content Editor

Related News