ਪੰਜਾਬ ’ਚ 2025 ਤੱਕ ਟੀ. ਬੀ. ਨੂੰ ਖ਼ਤਮ ਕਰਨ ਦਾ ਮਿੱਥਿਆ ਹੈ ਟੀਚਾ : ਡਾ. ਬਲਬੀਰ ਸਿੰਘ

03/25/2023 2:03:37 AM

ਚੰਡੀਗੜ੍ਹ (ਬਿਊਰੋ) : ਪੰਜਾਬ ਨੂੰ ਸਿਹਤ ਪੱਖੋਂ ਮੋਹਰੀ ਸੂਬਾ ਬਣਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਫ਼ਨੇ ’ਤੇ ਅਮਲ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵਿਸ਼ਵ ਤਪਦਿਕ (ਟੀ. ਬੀ.) ਦਿਵਸ ਮੌਕੇ ਪੰਜਾਬ ਨੂੰ 2025 ਦੇ ਅੰਤ ਤੱਕ ਟੀ.ਬੀ. ਮੁਕਤ ਸੂਬਾ ਬਣਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਭਰ ’ਚ ਸਮੇਂ-ਸਮੇਂ ’ਤੇ ਕਈ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਭਾਵੇਂ ਟੀ. ਬੀ. ਇਕ ਲਾਗ (ਛੂਤ) ਦੀ ਬੀਮਾਰੀ ਹੈ ਪਰ ਜੇਕਰ ਸਮੇਂ ਸਿਰ ਇਸ ਦਾ ਪਤਾ ਲੱਗ ਜਾਵੇ ਅਤੇ ਇਲਾਜ ਕੀਤਾ ਜਾਵੇ ਤਾਂ ਇਹ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਇਹ ਵੱਡਾ ਤੇ ਆਮ ਭੁਲੇਖਾ ਹੈ ਕਿ ਟੀ.ਬੀ. ਮੌਤ ਦਾ ਕਾਰਨ ਬਣਦੀ ਹੈ ਪਰ ਅਸਲ ’ਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਬੀਮਾਰੀ ਦੇ ਅੱਗੇ ਫੈਲਣ ਤੋਂ ਰੁਕ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਕੁਦਰਤ ਦੀ ਮਾਰ ਨਾਲ ਫ਼ਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਦਿੱਤੇ ਹੁਕਮ

PunjabKesari

ਟੀ. ਬੀ. ਨੂੰ ਖ਼ਤਮ ਕਰਨ ਲਈ ਸਮੂਹਿਕ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਡਾ. ਬਲਬੀਰ ਸਿੰਘ ਨੇ ਇਸ ਸਾਲ ਟੀ. ਬੀ. ਦਿਵਸ ਦੀ ਥੀਮ ‘ਯੈਸ ਵੀ ਕੈਨ ਐਂਡ ਟੀ. ਬੀ. ਹੈ, ਜੋ ਟੀ.ਬੀ. ਨੂੰ ਖ਼ਤਮ ਕਰਨ ਲਈ ਸਾਡੇ ਸਮੂਹਿਕ ਯਤਨਾਂ ਨੂੰ ਦਰਸਾਉਂਦਾ ਹੈ। ਇਕ ਜਨ-ਅੰਦੋਲਨ ਦੀ ਲੋੜ ਹੈ, ਜਿਸ ’ਚ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਟੀ. ਬੀ. ਦੇ ਖਾਤਮੇ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰ ਨਾਲ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਅੱਠ ਜ਼ਿਲ੍ਹਿਆਂ ਨੂੰ ਕੇਂਦਰ ਸਰਕਾਰ ਵੱਲੋਂ ਨਵੇਂ ਕੇਸਾਂ ਦਾ ਭਾਰ 20 ਫੀਸਦੀ ਤੋਂ ਵੱਧ ਘਟਾਉਣ ਲਈ ਬਰਾਂਜ਼ ਸਰਟੀਫਿਕੇਸ਼ਨ’ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ. ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਰਾਸ਼ਟਰੀ ਟੀ.ਬੀ. ਖਾਤਮਾ ਪ੍ਰੋਗਰਾਮ ਤਹਿਤ ਸਾਲ 2025 ਤੱਕ ਪੰਜਾਬ ’ਚੋਂ ਟੀ. ਬੀ. ਨੂੰ ਜੜ੍ਹੋਂ ਖ਼ਤਮ ਕਰਨ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਫਾਜ਼ਿਲਕਾ ’ਚ ਚੱਕਰਵਾਤੀ ਤੂਫ਼ਾਨ ਨੇ ਮਚਾਇਆ ਕਹਿਰ, ਕਈ ਘਰ ਹੋਏ ਢਹਿ-ਢੇਰੀ (ਵੀਡੀਓ)

‘ਵਿਸ਼ਵ ਟੀ.ਬੀ. ਦਿਵਸ’ ਮੌਕੇ ਡਾਇਰੈਕਟਰ ਸਿਹਤ ਪੰਜਾਬ ਦੇ ਦਫ਼ਤਰ ਵਿਖੇ ਇਕ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ’ਚ ਸਕੱਤਰ ਸਿਹਤ-ਕਮ-ਐੱਮ. ਡੀ. ਨੈਸ਼ਨਲ ਹੈਲਥ ਮਿਸ਼ਨ ਡਾ. ਅਭਿਨਵ ਤ੍ਰਿਖਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਡਾ. ਅਮਰਜੀਤ ਕੌਰ ਸੀਨੀਅਰ ਖੇਤਰੀ ਡਾਇਰੈਕਟਰ ਐੱਚ. ਐੱਫ. ਡਬਲਿਊ. ਚੰਡੀਗੜ੍ਹ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਬੋਲਦਿਆਂ ਡਾ. ਤ੍ਰਿਖਾ ਨੇ ਇਸ ਬੀਮਾਰੀ ਸਬੰਧੀ ਸਮਾਜ ਵਿਚ ਫੈਲੀ ਦਹਿਸ਼ਤ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ ਅਤੇ ਸਾਰਿਆਂ ਨੂੰ ਟੀ. ਬੀ. ਦੇ ਮਰੀਜ਼ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕਰਨ ਦਾ ਸੱਦਾ ਦਿੱਤਾ।

ਸਮਾਗਮ ਦੌਰਾਨ ਡਾ. ਰਵਿੰਦਰਪਾਲ ਕੌਰ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਨੇ ਸਾਰਿਆਂ ਨੂੰ ਟੀ. ਬੀ. ਦੇ ਖਾਤਮੇ ਲਈ ਕਿਸੇ ਵੀ ਪੱਧਰ ’ਤੇ ਯੋਗਦਾਨ ਪਾਉਣ ਦਾ ਅਹਿਦ ਲੈਣ ਦੀ ਅਪੀਲ ਕੀਤੀ । ਉਨ੍ਹਾਂ ਇਸ ਮੌਕੇ ਕਰਵਾਏ ਗਏ ਕੁਇੱਜ਼ ਅਤੇ ਸਲੋਗਨ ਲੇਖਣ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ। ਟੀ. ਬੀ. ਚੈਂਪੀਅਨ ਵਰਿੰਦਰ ਕੁਮਾਰ, ਜੋ ਪਹਿਲਾਂ ਹੀ ਟੀ.ਬੀ. ਤੋਂ ਠੀਕ ਹੋ ਚੁੱਕਾ ਹੈ ਅਤੇ ਹੁਣ ਟੀ.ਬੀ. ਦੇ ਖਾਤਮੇ ਲਈ ਵਿਭਾਗ ਨਾਲ ਕੰਮ ਕਰ ਰਿਹਾ ਹੈ, ਨੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਕਿਵੇਂ ਉਸ ਨੇ ਛੇ ਮਹੀਨਿਆਂ ਵਿਚ ਸਰਕਾਰੀ ਮੁਫ਼ਤ ਇਲਾਜ ਨਾਲ ਟੀ. ਬੀ. ਨੂੰ ਹਰਾਇਆ ਅਤੇ ਉਹ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ। ਮੰਤਰੀ ਨੇ ਕਮਿਊਨਿਟੀ, ਸਿਵਲ ਸੁਸਾਇਟੀ ਸੰਸਥਾਵਾਂ, ਸਿਹਤ ਸੰਭਾਲ ਕਰਮੀਆਂ ਅਤੇ ਰਾਜ ਭਾਗੀਦਾਰਾਂ ਨੂੰ “ਟੀ. ਬੀ. ਹਾਰੇਗਾ, ਦੇਸ਼ ਜੀਤੇਗਾ”ਦੇ ਬੈਨਰ ਹੇਠ ਇਕਜੁੱਟ ਹੋਣ ਅਤੇ 2025 ਤੱਕ ਟੀ.ਬੀ. ਦੇ ਖਾਤਮੇ ਲਈ ਅੱਗੇ ਆਉਣ ਦੀ ਅਪੀਲ ਕੀਤੀ।


Manoj

Content Editor

Related News