ਪੰਜਾਬ: ਜਾਨਲੇਵਾ ਬਿਮਾਰੀ ਕਾਰਨ 194 ਪਿੰਡ ਹਾਈ ਰਿਸਕ ਖੇਤਰ ਘੋਸ਼ਿਤ, ਪੁਰਸ਼-ਔਰਤਾਂ ਨਾਲ ਬੱਚੇ ਵੀ ਜਕੜੇ

Monday, Jul 20, 2026 - 02:02 PM (IST)

ਪੰਜਾਬ: ਜਾਨਲੇਵਾ ਬਿਮਾਰੀ ਕਾਰਨ 194 ਪਿੰਡ ਹਾਈ ਰਿਸਕ ਖੇਤਰ ਘੋਸ਼ਿਤ, ਪੁਰਸ਼-ਔਰਤਾਂ ਨਾਲ ਬੱਚੇ ਵੀ ਜਕੜੇ

ਅੰਮ੍ਰਿਤਸਰ (ਦਲਜੀਤ ਸ਼ਰਮਾ): ਜ਼ਿਲ੍ਹਾ ਅੰਮ੍ਰਿਤਸਰ ਵਿੱਚ ਟੀਬੀ (ਟਿਊਬਰਕੁਲੋਸਿਸ) ਦਾ ਰੋਗ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ, ਜਿਸ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਅਤੇ ਸਿਹਤ ਵਿਭਾਗ ਪੰਜਾਬ ਦੇ ਸਾਂਝੇ ਉੱਦਮ ਹੇਠ ਜ਼ਿਲ੍ਹੇ ਦੇ 194 ਪਿੰਡਾਂ ਵਿੱਚ ਕਰਵਾਏ ਗਏ 100 ਦਿਨਾਂ ਦੇ ਵਿਆਪਕ ਸਰਵੇਖਣ ਦੌਰਾਨ 2139 ਮਰੀਜ਼ ਟੀਬੀ ਨਾਲ ਪੀੜਤ ਪਾਏ ਗਏ ਹਨ। ਸਾਹਮਣੇ ਆਏ ਅੰਕੜਿਆਂ ਮੁਤਾਬਕ ਇਨ੍ਹਾਂ ਵਿੱਚ 1113 ਪੁਰਸ਼, 1026 ਔਰਤਾਂ ਅਤੇ 280 ਬੱਚੇ ਸ਼ਾਮਲ ਹਨ, ਜੋ ਇਸ ਬਿਮਾਰੀ ਦੇ ਵਿਆਪਕ ਪ੍ਰਭਾਵ ਨੂੰ ਦਰਸਾਉਂਦੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ : ਆਵਾਰਾ ਕੁੱਤਿਆਂ ਦੇ ਹਮਲੇ ’ਚ 70 ਸਾਲਾ ਬਜ਼ੁਰਗ ਦੀ ਮੌਤ, ਨੋਚ-ਨੋਚ ਖਾ ਕੇ ਗਏ ਕੁੱਤੇ

ਜਾਣਕਾਰੀ ਅਨੁਸਾਰ, ਸਿਹਤ ਮੰਤਰਾਲੇ ਵੱਲੋਂ ਇਨ੍ਹਾਂ 194 ਪਿੰਡਾਂ ਨੂੰ ਹਾਈ ਰਿਸਕ ਖੇਤਰ ਘੋਸ਼ਿਤ ਕਰਦੇ ਹੋਏ ਖ਼ਾਸ ਮੁਹਿੰਮ ਚਲਾਈ ਗਈ। ਇਸ ਦੌਰਾਨ 500 ਤੋਂ ਵੱਧ ਟੀਮਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ, ਜਿਨ੍ਹਾਂ ਨੇ ਘਰ-ਘਰ ਜਾ ਕੇ ਲੋਕਾਂ ਦੀ ਜਾਂਚ ਕੀਤੀ। ਸਰਵੇਖਣ ਦੌਰਾਨ ਕੁੱਲ 30,074 ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 13,143 ਲੋਕਾਂ ਦੇ ਐਕਸਰੇ ਕੀਤੇ ਗਏ, ਜਦਕਿ ਲਗਭਗ 5500 ਲੋਕਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਵਿਭਾਗ ਦੇ ਅਨੁਸਾਰ ਟੀਬੀ ਇੱਕ ਸੰਕਰਾਮਕ ਅਤੇ ਖ਼ਤਰਨਾਕ ਬਿਮਾਰੀ ਹੈ, ਜਿਸਦਾ ਸਮੇਂ ‘ਤੇ ਇਲਾਜ ਨਾ ਹੋਣ ਦੀ ਸਥਿਤੀ ਵਿੱਚ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ। ਅੰਮ੍ਰਿਤਸਰ ਵਿੱਚ ਹਰ ਸਾਲ ਲਗਭਗ 160 ਦੇ ਕਰੀਬ ਮਰੀਜ਼ ਇਸ ਬਿਮਾਰੀ ਕਾਰਨ ਆਪਣੀ ਜਾਨ ਗੁਆ ਬੈਠਦੇ ਹਨ, ਜਿਹੜਾ ਕਿ ਇੱਕ ਗੰਭੀਰ ਚੇਤਾਵਨੀ ਹੈ। ਮੌਜੂਦਾ ਸਮੇਂ ਵਿੱਚ ਜ਼ਿਲ੍ਹੇ ਵਿੱਚ ਕਰੀਬ 5 ਹਜ਼ਾਰ ਮਰੀਜ਼ ਟੀਬੀ ਦੀ ਦਵਾਈ ਲੈ ਰਹੇ ਹਨ। ਸਿਹਤ ਵਿਭਾਗ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਕੇਂਦਰਾਂ ‘ਤੇ ਮੁਫ਼ਤ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਵਿੱਚ ਟੀਬੀ ਮਰੀਜ਼ਾਂ ਦਾ ਮੁਫ਼ਤ ਇਲਾਜ ਵੀ ਯਕੀਨੀ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ-ਪੰਜਾਬ 'ਚ 5 ਦਿਨ ਅਹਿਮ, ਕਿਤੇ ਕਾਲੀ ਘਟਾ ਤੇ ਕਿਤੇ ਤੇਜ਼ ਤੂਫਾਨ ਨਾਲ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Orange Alert

ਟੀਬੀ ਦੇ ਲੱਛਣਾਂ ਬਾਰੇ ਵਿਸ਼ੇਸ਼ਗਿਆਨ ਦੱਸਦੇ ਹਨ ਕਿ ਲੰਬੇ ਸਮੇਂ ਤੱਕ ਖੰਘ ਰਹਿਣਾ, ਖੂਨ ਵਾਲੀ ਖੰਘ, ਬੁਖ਼ਾਰ, ਵਜ਼ਨ ਘਟਣਾ, ਰਾਤ ਨੂੰ ਪਸੀਨਾ ਆਉਣਾ ਅਤੇ ਥਕਾਵਟ ਮਹਿਸੂਸ ਕਰਨਾ ਇਸ ਦੇ ਮੁੱਖ ਲੱਛਣ ਹਨ। ਅਜਿਹੇ ਲੱਛਣ ਦਿਖਾਈ ਦੇਣ ‘ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਵਿਭਾਗ ਦਾ ਦਾਵਾ ਟੀਬੀ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ, ਪਰ ਮਰੀਜ਼ ਨੂੰ ਨਿਰਧਾਰਿਤ ਸਮੇਂ ਤੱਕ ਦਵਾਈ ਲੈਣੀ ਬਹੁਤ ਜ਼ਰੂਰੀ ਹੈ। ਅਧੂਰਾ ਇਲਾਜ ਕਰਨ ਨਾਲ ਬਿਮਾਰੀ ਹੋਰ ਖ਼ਤਰਨਾਕ ਰੂਪ ਧਾਰ ਸਕਦੀ ਹੈ ਅਤੇ ਦਵਾਈਆਂ ਦਾ ਅਸਰ ਵੀ ਘਟ ਸਕਦਾ ਹੈ।ਸਿਹਤ ਵਿਭਾਗ ਵੱਲੋਂ ਟੀਬੀ ਮਰੀਜ਼ਾਂ ਨੂੰ ਮੁਫ਼ਤ ਟੈਸਟਿੰਗ, ਦਵਾਈ, ਕਾਊਂਸਲਿੰਗ ਅਤੇ ਪੋਸ਼ਣ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਪਿਛਲੇ ਸਮੇਂ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਡਾਇਟ ਕਿੱਟਾਂ ਵੀ ਵੰਡੀਆਂ ਗਈਆਂ ਹਨ, ਤਾਂ ਜੋ ਉਹ ਆਪਣੀ ਸਿਹਤ ਨੂੰ ਤੇਜ਼ੀ ਨਾਲ ਸੁਧਾਰ ਸਕਣ।

ਇਹ ਵੀ ਪੜ੍ਹੋ- ਪੰਜਾਬ ’ਚ ਵਾਇਰਲ ਬੁਖਾਰ ਦਾ ਕਹਿਰ! ਮਰੀਜ਼ਾਂ ਦੀ ਵਧੀ ਗਿਣਤੀ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਟੀਬੀ ਖਤਰਨਾਕ ਪਰ ਇਲਾਜ ਨਾਲ ਹੋ ਸਕਦੀ ਹੈ ਪੂਰੀ ਤਰਹਾਂ ਨਾਲ ਠੀਕ

ਜ਼ਿਲ੍ਹਾ ਟੀਬੀ ਅਧਿਕਾਰੀ ਡਾਕਟਰ ਵਿਜੇ ਗੋਤਵਾਲ ਦੇ ਅਨੁਸਾਰ ਟੀਬੀ ਖ਼ਤਰਨਾਕ ਹੈ ਪਰ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ। ਜੇਕਰ ਮਰੀਜ਼ ਸਮੇਂ ‘ਤੇ ਟੈਸਟ ਕਰਵਾ ਕੇ ਪੂਰਾ ਕੋਰਸ ਲੈਂਦਾ ਹੈ ਤਾਂ ਉਹ ਸਿਹਤਮੰਦ ਜੀਵਨ ਜੀ ਸਕਦਾ ਹੈ। ਸਾਡਾ ਲਕਸ਼ ਹੈ ਕਿ ਹਰ ਮਰੀਜ਼ ਤੱਕ ਇਲਾਜ ਪਹੁੰਚੇ ਅਤੇ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾਵੇ।” ਡਾਕਟਰ ਗੋਤਵਾਲ ਨੇ ਕਿਹਾ ਕਿ ਸਰਕਾਰੀ ਸਿਹਤ ਕੇਂਦਰਾਂ ਦੇ ਵਿੱਚ ਮੁਫਤ ਵਿੱਚ ਬਿਮਾਰੀ ਦੀ ਰੋਕਥਾਮ ਅਤੇ ਮਰੀਜ਼ਾਂ ਦੇ ਇਲਾਜ ਦੇ ਲਈ ਮੁਫਤ ਦਵਾਈ ਉਪਲਬਧ ਕਰਵਾਈ ਜਾ ਰਹੀ ਹੈ।

ਸਿਹਤ ਵਿਭਾਗ ਵੱਲੋਂ ਜੰਗੀ ਪੱਧਰ ਤੇ ਚਲਾਈ ਜਾ ਰਹੀ ਹੈ ਮੁਹਿੰਮ

ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਰਸ਼ਮੀ ਵਿੱਚ ਦੇ ਅਨੁਸਾਰ“ਸਿਹਤ ਵਿਭਾਗ ਵੱਲੋਂ ਜੰਗੀ ਪੱਧਰ ‘ਤੇ ਮੁਹਿੰਮ ਚਲਾਈ ਗਈ ਹੈ। 500 ਤੋਂ ਵੱਧ ਟੀਮਾਂ ਨੇ ਘਰ-ਘਰ ਜਾ ਕੇ ਸਕ੍ਰੀਨਿੰਗ ਕੀਤੀ। ਲੋਕਾਂ ਨੂੰ ਅਪੀਲ ਹੈ ਕਿ ਲੱਛਣ ਨਜ਼ਰ ਆਉਣ ‘ਤੇ ਲੁਕਾਉਣ ਦੀ ਬਜਾਏ ਤੁਰੰਤ ਜਾਂਚ ਕਰਵਾਉਣ।” ਸਿਵਲ ਸਰਜਨ ਨੇ ਦੱਸਿਆ ਕਿ ਜੋ ਮਰੀਜ਼ ਪੋਜੀਟਿਵ ਆਉਂਦਾ ਹੈ ਉਸਦਾ ਦਵਾਈ ਚੱਲਣ ਦੇ ਕੋਰਸ ਤੱਕ ਲਗਾਤਾਰ ਸਿਹਤ ਵਿਭਾਗ ਦੀਆਂ ਟੀਮਾਂ ਫਲੋਪ ਕਰਦੀਆਂ ਹਨ ਇਸ ਤੋਂ ਇਲਾਵਾ ਮਰੀਜ਼ਾਂ ਨੂੰ ਵਧੀਆ ਇਲਾਜ ਦੇਣ ਦੇ ਲਈ ਅਧਿਕਾਰੀਆਂ ਵੱਲੋਂ ਵੀ ਲਗਾਤਾਰ ਮੋਨੀਟਰਿੰਗ ਕੀਤੀ ਜਾਂਦੀ ਹੈ।

ਹਵਾ ਰਾਹੀਂ ਫੈਲਣ ਵਾਲੀ ਬਿਮਾਰੀ ਹੈ ਟੀਬੀ

ਸਿਹਤ ਵਿਭਾਗ ਦੇ ਸ ਛਾਤੀ ਰੋਗ ਮਾਹਰ ਡਾਕਟਰ ਨਰੇਸ਼ ਚਾਵਲਾ ਦੇ ਅਨੁਸਾਰ ਟੀਬੀ ਇੱਕ ਹਵਾ ਰਾਹੀਂ ਫੈਲਣ ਵਾਲੀ ਬਿਮਾਰੀ ਹੈ। ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਵੀ ਟੈਸਟ ਕਰਵਾਉਣਾ ਚਾਹੀਦਾ ਹੈ। ਇਲਾਜ ਅਧੂਰਾ ਛੱਡਣਾ ਸਭ ਤੋਂ ਵੱਡੀ ਗਲਤੀ ਹੈ।” ਡਾਕਟਰ ਨਰੇਸ਼ ਦੇ ਅਨੁਸਾਰ ਲੋਕਾਂ ਨੂੰ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਦੀ ਗਾਈਡਲਾਈਨ ਦੀ ਪਾਲਣਾ ਕਰਦਿਆਂ ਹੋਇਆਂ ਸਿਹਤ ਸੇਵਾਵਾਂ ਮੁਫਤ ਵਿੱਚ ਮਿਲਣ ਵਾਲੀਆਂ ਦਾ ਲਾਭ ਲੈਣਾ ਚਾਹੀਦਾ ਹੈ ਦੋ ਹਫਤੇ ਤੋਂ ਪੁਰਾਣੀ ਖਾਂਸੀ ਟੀਬੀ ਹੋ ਸਕਦੀ ਹੈ ਤੁਰੰਤ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ

ਬਿਮਾਰੀ ਵਿੱਚ ਮਰੀਜ਼ ਨੂੰ ਪੋਸ਼ਣ ਯੁਕਤ ਖੁਰਾਕ ਲੈਣੀ ਚਾਹੀਦੀ ਹੈ

ਡਾਕਟਰ ਰਜਨੀਸ਼ ਸ਼ਰਮਾ ਦੇ ਅਨੁਸਾਰ ਮਰੀਜ਼ਾਂ ਨੂੰ ਦਵਾਈ ਦੇ ਨਾਲ-ਨਾਲ ਪੋਸ਼ਣਯੁਕਤ ਖੁਰਾਕ ਵੀ ਲੈਣੀ ਚਾਹੀਦੀ ਹੈ। ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਦਾ ਲਾਭ ਲੈ ਕੇ ਹੀ ਇਸ ਬਿਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ।” ਟੀਬੀ ਦੇ ਖ਼ਿਲਾਫ਼ ਲੜਾਈ ਵਿੱਚ ਲੋਕਾਂ ਦੀ ਜਾਗਰੂਕਤਾ ਸਭ ਤੋਂ ਵੱਡਾ ਹਥਿਆਰ ਹੈ। ਜੇਕਰ ਸਮੇਂ ‘ਤੇ ਟੈਸਟਿੰਗ ਅਤੇ ਪੂਰਾ ਇਲਾਜ ਯਕੀਨੀ ਬਣਾਇਆ ਜਾਵੇ ਤਾਂ ਇਸ ਬਿਮਾਰੀ ਨੂੰ ਜ਼ਿਲ੍ਹੇ ਤੋਂ ਖਤਮ ਕੀਤਾ ਜਾ ਸਕਦਾ ਹੈ।

ਆਸ਼ਾ ਵਰਕਰਾਂ ਲਈ ਪ੍ਰੋਤਸਾਹਨ ਯੋਜਨਾ

ਸਰਵੇਖਣ ਨੂੰ ਕਾਮਯਾਬ ਬਣਾਉਣ ਲਈ ਸਿਹਤ ਮੰਤਰਾਲੇ ਵੱਲੋਂ ਆਸ਼ਾ ਵਰਕਰਾਂ ਲਈ ਖ਼ਾਸ ਪ੍ਰੋਤਸਾਹਨ ਯੋਜਨਾ ਵੀ ਚਲਾਈ ਗਈ। ਜਿਸ ਤਹਿਤ ਪੋਜ਼ੀਟਿਵ ਮਰੀਜ਼ ਦੀ ਪਛਾਣ ਕਰਨ ਵਾਲੀ ਆਸ਼ਾ ਵਰਕਰ ਨੂੰ ਪ੍ਰਤੀ ਮਰੀਜ਼ 500 ਰੁਪਏ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਪਿੰਡਾਂ ਵਿੱਚ ਮੋਬਾਈਲ ਐਕਸਰੇ ਮਸ਼ੀਨਾਂ ਰਾਹੀਂ ਮੁਫ਼ਤ ਜਾਂਚ ਵੀ ਕੀਤੀ ਗਈ।


 


author

Shivani Bassan

Content Editor

Related News