ਪੰਜਾਬ ਐਂਡ ਸਿੰਧ ਬੈਂਕ ਦਾ ਏ. ਟੀ. ਐੱਮ. ਤੋੜਣ ਦੀ ਕੋਸ਼ਿਸ਼ ਕਰਨ ਵਾਲੇ 5 ਗ੍ਰਿਫਤਾਰ
Thursday, Mar 15, 2018 - 12:15 AM (IST)

ਬਟਾਲਾ, (ਬੇਰੀ, ਸੈਂਡੀ)- ਪੁਲਸ ਚੌਕੀ ਹਰਚੋਵਾਲ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਦਾ ਏ. ਟੀ. ਐੱਮ. ਤੋੜਣ ਦੀ ਕੋਸ਼ਿਸ਼ ਕਰਨ ਵਾਲੇ 5 ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਨੂੰ ਦਿੱਤੀ ਜਾਣਕਾਰੀ 'ਚ ਪੰਜਾਬ ਐਂਡ ਸਿੰਧ ਬੈਂਕ ਅੱਡਾ ਮਠੌਲਾ ਦੇ ਮੈਨੇਜਰ ਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 12, 13 ਮਾਰਚ ਦੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਚੋਰੀ ਕਰਨ ਦੀ ਨੀਅਤ ਨਾਲ ਬੈਂਕ 'ਚ ਲੱਗੇ ਏ. ਟੀ. ਐੱਮ. ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਏ। ਪੁਲਸ ਚੌਕੀ ਹਰਚੋਵਾਲ ਦੇ ਇੰਚਾਰਜ ਏ. ਐੱਸ. ਆਈ. ਗੁਰਦੇਵ ਸਿੰਘ ਨੇ ਕਾਰਵਾਈ ਕਰਦਿਆਂ ਸਬੰਧਤ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਨੂੰ ਬੀਤੀ ਸ਼ਾਮ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ ਗਿਆ। ਐੱਸ. ਐੱਚ. ਓ. ਸ੍ਰੀ ਹਰਗੋਬਿੰਦਪੁਰ ਦਿਓਲ ਅਤੇ ਚੌਕੀ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਦੀ ਪਛਾਣ ਬੌਬੀ ਪੁੱਤਰ ਕਰਮਾ ਮਸੀਹ ਵਾਸੀ ਕ੍ਰਿਪਾਲ ਕਾਲੋਨੀ ਅੰਮ੍ਰਿਤਸਰ, ਸੰਦੀਪ ਸਿੰਘ ਪੁੱਤਰ ਰਾਜ ਸਿੰਘ ਵਾਸੀ ਮੋਹਨ ਐਵੀਨਿਊ ਅੰਮ੍ਰਿਤਸਰ, ਕੈਪਟਨ ਸਿੰਘ ਪੁੱਤਰ ਗੁਰਮੀਤ ਸਿੰਘ, ਮਨਦੀਪ ਸਿੰਘ ਪੁੱਤਰ ਨਿਰਮਲ ਸਿੰਘ ਅਤੇ ਮਲਕੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀਆਨ ਪਾਖਰਪੁਰਾ ਥਾਣਾ ਕੱਥੂਨੰਗਲ ਵਜੋਂ ਹੋਈ ਹੈ ਅਤੇ ਇਨ੍ਹਾਂ ਕੋਲੋਂ 2 ਮੋਟਰਸਾਈਕਲ, 2 ਗੈਸ ਸਿਲੰਡਰ, ਇਕ ਕਟਰ ਅਤੇ 5 ਮੋਬਾਇਲ ਬਰਾਮਦ ਕੀਤੇ ਹਨ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਕਤ ਨੌਜਵਾਨਾਂ ਕੋਲੋਂ ਹੋਰ ਪੁੱਛਗਿੱਛ ਜਾਰੀ ਹੈ ਅਤੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।