ਚੰਡੀਗੜ੍ਹ ''ਚ ਹਰਿਆਣਾ ਲਈ ਵੱਖਰੀ ''ਹਾਈਕੋਰਟ'' ਬਣਾਉਣ ਦਾ ''ਪੰਜਾਬ'' ਵੱਲੋਂ ਵਿਰੋਧ
Friday, Feb 12, 2021 - 02:34 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ 'ਚ ਹਰਿਆਣਾ ਲਈ ਵੱਖਰੀ ਹਾਈਖੋਰਟ ਸਥਾਪਤ ਕਰਨ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਵੱਲੋਂ ਲੋਕਾ ਸਭਾ ਨੂੰ ਦਿੱਤੀ ਗਈ। ਚੰਡੀਗੜ੍ਹ 'ਚ ਪੰਜਾਬ ਅਤੇ ਹਰਿਆਣਾ ਦੀ ਇਕ ਹੀ ਹਾਈਕੋਰਟ ਹੈ-ਪੰਜਾਬ ਅਤੇ ਹਰਿਆਣਾ ਹਾਈਕੋਰਟ। ਹੁਣ ਹਰਿਆਣਾ ਸਰਕਾਰ ਵੱਲੋਂ ਇਕ ਵੱਖਰੀ ਹਾਈਕੋਰਟ ਸਥਾਪਿਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਸਰਕਾਰ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਉੱਤਰ-ਪੂਰਬੀ ਖੇਤਰਾਂ 'ਚ ਛੋਟੇ ਸੂਬਿਆਂ ਦੀਆਂ ਵੀ ਆਪਣੀਆਂ ਉੱਚ ਅਦਾਲਤਾਂ (ਹਾਈਕੋਰਟ) ਹਨ। ਇਸ ਬਾਰੇ ਕਰਨਾਲ ਤੋਂ ਸੰਸਦ ਮੈਂਬਰ ਸੰਜੇ ਭਾਟੀਆ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਕੇਂਦਰੀ ਮੰਤਰੀ ਨੇ ਦੱਸਿਆ ਕਿ ਅਜੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਇਸ ਬਾਰੇ ਆਪਣੀ ਕੋਈ ਰਾਏ ਨਹੀਂ ਬਣਾਈ ਹੈ।
ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਚੰਡੀਗੜ੍ਹ 'ਚ ਹਰਿਆਣਾ ਲਈ ਵੱਖਰੀ ਹਾਈਕੋਰਟ ਸਥਾਪਿਤ ਕਰਨ ਲਈ ਕੋਈ ਸਹੀ ਸਮੇਂ ਦਾ ਸੰਕੇਤ ਨਹੀਂ ਦਿੱਤਾ ਜਾ ਸਕਦਾ। ਇਸ ਮਾਮਲੇ ਸਬੰਧੀ ਪੰਜਾਬ ਦੀ ਰਾਏ ਪੁੱਛੇ ਜਾਣ 'ਤੇ ਪੰਜਾਬ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਨਾਂ ਛਪਣ ਦੀ ਸੂਰਤ 'ਚ ਕਿਹਾ ਕਿ ਜੇਕਰ ਚੰਡੀਗੜ੍ਹ 'ਚ ਹਰਿਆਣਾ ਦੀ ਵੱਖਰੀ ਹਾਈਕੋਰਟ ਹੋਵੇਗੀ ਤਾਂ ਚੰਡੀਗੜ੍ਹ ਦੇ ਅਧਿਕਾਰ ਖੇਤਰ ਬਾਰੇ ਵੀ ਤਕਰਾਰ ਹੋਵੇਗੀ ਕਿਉਂਕਿ ਪੰਜਾਬ ਅਤੇ ਹਰਿਆਣਾ ਦੋਹਾਂ ਸੂਬਿਆਂ ਦੀ ਚੰਡੀਗੜ੍ਹ ਹੀ ਰਾਜਧਾਨੀ ਹੈ।
ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਪੰਚਕੂਲਾ ਵਾਂਗ ਚੰਡੀਗੜ੍ਹ ਤੋਂ ਬਾਹਰ ਆਪਣੀ ਹਾਈਕੋਰਟ ਸਥਾਪਿਤ ਕਰਨ ਲਈ ਸਹਿਮਤ ਹੁੰਦੀ ਹੈ ਤਾਂ ਇਸ ਮਸਲੇ ਦਾ ਹੱਲ ਹੋ ਸਕਦਾ ਹੈ।
ਨੋਟ : ਹਰਿਆਣਾ ਵੱਲੋਂ ਚੰਡੀਗੜ੍ਹ 'ਚ ਵੱਖਰੀ ਹਾਈਕੋਰਟ ਸਥਾਪਿਤ ਕਰਨ ਦੀ ਮੰਗ ਬਾਰੇ ਦਿਓ ਆਪਣੀ ਰਾਏ