ਪੁਲਵਾਮਾ ਹਮਲੇ ਤੋਂ ਬਾਅਦ ਪੰਜਾਬ-ਜੰਮੂ ਬਾਰਡਰ ਸੀਲ (ਵੀਡੀਓ)
Friday, Feb 15, 2019 - 06:57 PM (IST)
ਪਠਾਨਕੋਟ (ਧਰਮਿੰਦਰ ਠਾਕੁਰ) : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿਥੇ ਜੰਮੂ-ਕਸ਼ਮੀਰ ਵਿਚ ਅਲਰਟ ਜਾਰੀ ਕੀਤਾ ਗਿਆ ਹੈ, ਉਥੇ ਹੀ ਦੂਜੇ ਪਾਸੇ ਪੰਜਾਬ-ਜੰਮੂ ਬਾਰਡਰ ਨੂੰ ਵੀ ਪਠਾਨਕੋਟ ਪੁਲਸ ਵਲੋਂ ਸੀਲ ਕਰ ਦਿੱਤਾ ਗਿਆ ਹੈ। ਪੰਜਾਬ-ਜੰਮੂ ਸਰਹੱਦ 'ਤੇ ਵਧੇਰੇ ਪੁਲਸ ਤਾਇਨਾਤ ਕੀਤੀ ਗਈ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਪੁਲਸ ਵਲੋਂ ਹਰ ਆਉਣ ਜਾਣ ਵਾਲੇ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ। ਪੰਜਾਬ ਵਿਚ ਦਾਖਲ ਹੋਣ ਵਾਲੇ ਸਾਰੇ ਇੰਟਰਸਟੇਟ ਨਾਕਿਆਂ ਮਾਧੋਪੁਰ ਅਤੇ ਚੱਕੀ ਪੁਲ 'ਤੇ ਵੀ ਸੁਰੱਖਿਆ ਸਖਤ ਕਰਦੇ ਹੋਏ ਚੈਕਿੰਗ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਵੀਰਵਾਰ ਬਾਅਦ ਦੁਪਹਿਰ ਹੋਏ ਆਤਮਘਾਤੀ ਹਮਲੇ ਵਿਚ 44 ਜਵਾਨ ਸ਼ਹੀਦ ਅਤੇ 22 ਹੋਰ ਜ਼ਖਮੀ ਹੋ ਗਏ ਸਨ। ਸ੍ਰੀਨਗਰ ਤੋਂ ਲਗਭਗ 20 ਕਿਲੋਮੀਟਰ ਦੂਰ ਪੁਲਵਾਮਾ ਦੇ ਅਵੰਤੀਪੋਰਾ ਖੇਤਰ ਵਿਚ ਗੋਰੀਪੋਰਾ ਵਿਖੇ ਸੁਰੱਖਿਆ ਫੋਰਸਾਂ ਦੇ ਇਕ ਕਾਫਿਲੇ ਨੂੰ ਨਿਸ਼ਾਨਾ ਬਣਾ ਕੇ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੇ 350 ਕਿਲੋ ਆਈ. ਈ. ਡੀ. ਨਾਲ ਦੁਪਹਿਰ 3.20 ਵਜੇ ਇਹ ਫਿਦਾਈਨ ਹਮਲਾ ਕੀਤਾ ਸੀ। ਇਸ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਇੰਟਰਨੈੱਟ ਸੇਵਾ ਕੁਝ ਸਮੇਂ ਬੰਦ ਕਰ ਦਿੱਤੀ ਗਈ ਹੈ।