ਪਬਲਿਕ ਸੀਟ ਬੈਲਟ ਨਾ ਲਾਏ ਤਾਂ ਚਲਾਨ ਪਰ ਟੋਅ ਵੈਨ ਵਾਲਿਆਂ ''ਤੇ ਟ੍ਰੈਫਿਕ ਪੁਲਸ ਮਿਹਰਬਾਨ
Saturday, Mar 31, 2018 - 10:50 AM (IST)

ਜਲੰਧਰ (ਸ਼ੋਰੀ)— ਟ੍ਰੈਫਿਕ ਪੁਲਸ ਦੀ ਸਖਤੀ ਸਿਰਫ ਆਮ ਪਬਲਿਕ ਲਈ ਹੀ ਹੈ, ਰੋਜ਼ਾਨਾ ਦਰਜਨਾਂ ਦੇ ਹਿਸਾਬ ਨਾਲ ਲੋਕਾਂ ਦੇ ਸੀਟ ਬੈਲਟ ਨਾ ਪਾਉਣ ਕਾਰਨ ਚਲਾਨ ਕੱਟਣ ਵਾਲੀ ਟ੍ਰੈਫਿਕ ਪੁਲਸ ਦੀ ਨਜ਼ਰ ਸ਼ਾਇਦ ਆਪਣੇ ਨਾਲ ਟੋਅ ਵੈਨ 'ਤੇ ਸਵਾਰ ਚਾਲਕ 'ਤੇ ਨਹੀਂ ਪੈਂਦੀ ਜਾਂ ਫਿਰ ਪੁਲਸ ਇਹ ਵੇਖ ਕੇ ਅੱਖਾਂ ਬੰਦ ਕਰ ਲੈਂਦੀ ਹੈ। ਮਹਾਨਗਰ 'ਚ ਗਲਤ ਕਾਰਾਂ ਪਾਰਕ ਕਰਨ ਵਾਲਿਆਂ ਦੀਆਂ ਕਾਰਾਂ ਟੋਅ ਕਰਨ ਲਈ ਪ੍ਰਾਈਵੇਟ ਠੇਕੇਦਾਰਾਂ ਦੀ ਟੋਅ ਵੈਨ ਸੜਕਾਂ 'ਤੇ ਦੌੜਦੀ ਹੈ ਅਤੇ ਰੋਜ਼ਾਨਾ ਦਰਜਨਾਂ ਦੇ ਹਿਸਾਬ ਨਾਲ ਗਲਤ ਪਾਰਕਿੰਗ 'ਚ ਖੜ੍ਹੀਆਂ ਗੱਡੀਆਂ ਨੂੰ ਟੋਅ ਕਰਕੇ ਪੁਲਸ ਲਾਈਨ ਪਹੁੰਚਾਉਂਦੀ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਹ ਟੋਅ ਵੈਨ 'ਚ ਪ੍ਰਾਈਵੇਟ ਡਰਾਈਵਰ ਦੇ ਨਾਲ ਟ੍ਰੈਫਿਕ ਪੁਲਸ ਦਾ ਵਰਦੀਧਾਰੀ ਵਿਅਕਤੀ ਵੀ ਸਵਾਰ ਹੁੰਦਾ ਹੈ, ਡਰਾਈਵਰ ਸੀਟ ਬੈਲਟ ਹੀ ਨਹੀਂ ਲਾਉਂਦਾ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਣ ਵਾਲੇ ਟੋਅ ਵੈਨ ਵਾਲੇ ਖੁਦ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ 'ਚ ਆਨੰਦ ਲੈਂਦੇ ਹਨ। ਮਹਾਨਗਰ 'ਚ ਟੋਅ ਵੈਨ ਵਾਲੇ ਸੀਟ ਬੈਲਟ ਹੀ ਨਹੀਂ ਲਾਉਂਦੇ, ਕੀ ਉਨ੍ਹਾਂ ਲਈ ਕੋਈ ਨਿਯਮ-ਕਾਨੂੰਨ ਨਹੀਂ ਹਨ। ਆਮ ਪਬਲਿਕ ਲਈ ਹੀ ਸਾਰੇ ਨਿਯਮ-ਕਾਨੂੰਨ ਹਨ।
ਸ਼੍ਰੀਮਾਨ ਜੀ ਅਧਿਕਾਰੀ ਸਾਨੂੰ ਰੋਕ ਦਿੰਦੇ ਨੇ
ਉਥੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਟ੍ਰੈਫਿਕ ਪੁਲਸ ਵਿਚ ਤਾਇਨਾਤ ਇਕ ਏ. ਐੱਸ. ਆਈ. ਰੈਂਕ ਦੇ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਸਾਨੂੰ ਆਪ ਸ਼ਰਮ ਆਉਂਦੀ ਹੈ ਜਦੋਂ ਟੋਅ ਵੈਨ ਵਾਲੇ ਬਿਨਾਂ ਸੀਟ ਬੈਲਟ ਗੱਡੀ ਚਲਾਉਂਦੇ ਨੇ। ਸ਼੍ਰੀਮਾਨ ਜੀ ਅਧਿਕਾਰੀ ਸਾਨੂੰ ਰੋਕ ਦਿੰਦੇ ਹਨ, ਇਨ੍ਹਾਂ ਦੇ ਚਲਾਨ ਕੱਟਣ ਤੋਂ। ਫਿਰ ਅਸੀਂ ਕੀ ਕਰੀਏ।
ਕਿਸੇ ਨੂੰ ਛੋਟ ਨਹੀਂ ਦਿੱਤੀ ਪੁਲਸ ਨੇ: ਏ. ਡੀ. ਸੀ. ਪੀ. ਹੀਰ
ਇਸ ਮਾਮਲੇ ਬਾਰੇ ਏ. ਡੀ. ਸੀ. ਪੀ. ਕੁਲਵੰਤ ਸਿੰਘ ਹੀਰ ਦਾ ਕਹਿਣਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ, ਉਨ੍ਹਾਂ ਦੇ ਨੋਟਿਸ 'ਚ ਗੱਲ ਨਹੀਂ ਸੀ। ਟੋਅ ਵੈਨ ਵਾਲਿਆਂ ਨੂੰ ਵੀ ਸੀਟ ਬੈਲਟ ਪਾਉਣੀ ਹੋਵੇਗੀ। ਇਸ ਮਾਮਲੇ ਵਿਚ ਟ੍ਰੈਫਿਕ ਪੁਲਸ ਕਰਮਚਾਰੀਆਂ ਨੂੰ ਉਹ ਹੁਕਮ ਜਾਰੀ ਕਰਨਗੇ ਕਿ ਟੋਅ ਵੈਨ ਵਾਲੇ ਡਰਾਈਵਰਾਂ ਨੇ ਸੀਟ ਬੈਲਟ ਨਾ ਪਾਈ ਹੋਵੇ ਤਾਂ ਉਨ੍ਹਾਂ ਦੇ ਵੀ ਚਲਾਨ ਕੱਟੇ ਜਾਣ।