ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਪੀ. ਐੱਸ. ਗਮੀ ਕਲਿਆਣ ਭਾਜਪਾ ''ਚ ਸ਼ਾਮਲ

06/12/2022 1:18:37 PM

ਭਵਾਨੀਗੜ੍ਹ (ਕਾਂਸਲ) : ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਡੂੰਘਾ ਝਟਕਾ ਲੱਗਿਆ, ਜਦੋਂ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਗੇਜਾ ਰਾਮ ਦੀ ਪ੍ਰੇਰਨਾ ਸਦਕਾ ਤੇ ਭਾਜਪਾ ਆਗੂ ਅਰਵਿੰਦ ਖੰਨਾ ਦੀ ਰਹਿਨੁਮਾਈ ਹੇਠ ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਪੀ. ਐੱਸ. ਗਮੀ ਕਲਿਆਣ ਕਾਂਗਰਸ ਨੂੰ ਅਲਵਿਦਾ ਆਖ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ 'ਚ  ਸ਼ਾਮਲ ਹੋ ਗਏ। ਇਸ ਮੌਕੇ ਕਰਵਾਏ ਗਏ ਇਕ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ ਨੇ ਪੀ. ਐੱਸ. ਗਮੀ ਕਲਿਆਣ ਤੇ ਉਸਦੇ ਸਾਥੀਆਂ ਨੂੰ ਸਿਰੋਪਾਓ ਭੇਂਟ ਕਰ ਕੇ ਭਾਜਪਾ 'ਚ ਸ਼ਾਮਲ ਕੀਤਾ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇਕੱਲੇ ਪੰਜਾਬ 'ਚ ਹੀ ਨਹੀਂ, ਪੂਰੇ ਦੇਸ਼ 'ਚੋਂ ਕਾਂਗਰਸ ਦਾ ਸਫ਼ਾਇਆ ਹੋਣ ਕਾਰਨ ਕਾਂਗਰਸ ਦਾ ਬੇੜਾ ਹੁਣ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ।

ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਆਗੂਆਂ ਸਬੰਧੀ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਕਿਸੇ ਡਰ ਕਾਰਨ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੇ, ਸਗੋਂ ਕਾਂਗਰਸ ਪਾਰਟੀ ਦੀਆਂ ਦੇਸ਼ ਅਤੇ ਆਪਣੇ ਵਰਕਰਾਂ ਪ੍ਰਤੀ ਮਾੜੀਆਂ ਨੀਤੀਆਂ, ਕਾਂਗਰਸ ਵਿੱਚ ਚੱਲ ਰਹੇ ਪਰਿਵਾਰਵਾਦ ਤੇ ਆਮ ਵਰਕਰਾਂ ਨੂੰ ਜ਼ਲੀਲ ਕੀਤੇ ਜਾਣ ਤੋਂ ਦੁਖ਼ੀ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਮੌਜੂਦ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ  ਭਾਜਪਾ ਵਿਚ ਹਰ ਵਰਗ ਨੂੰ ਬਰਾਬਰ ਦਾ ਦਰਜਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਲ ਕਿਲੇ ਤੋਂ ਖੜ੍ਹ ਕੇ ਹੀ ਐਲਾਨ ਕੀਤਾ ਸੀ ਕਿ ਭਾਜਪਾ ਵੱਲੋਂ ਐੱਸ. ਸੀ. ਭਾਈਚਾਰੇ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਾਇਆ ਜਾਵੇਗਾ, ਜਿਸ ਦੇ ਕਾਰਨ ਹੀ ਅੱਜ ਸੰਸਦ ਵਿੱਚ ਭਾਜਪਾ ਦੇ ਐੱਸ. ਸੀ. ਭਾਈਚਾਰੇ ਨਾਲ ਸਬੰਧਿਤ 40 ਤੋਂ ਵੱਧ ਸਾਂਸਦ ਹਨ।

ਇਸ ਮੌਕੇ ਆਪਣੇ ਸੰਬੋਧਨ ਵਿਚ ਭਾਜਪਾ ਦੇ ਸੰਗਰੂਰ ਲੋਕ ਸਭਾ ਉਪ ਚੋਣ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰ ਆਪਣੀ ਜਨਤਾ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਾ ਸਕਦੀ, ਉਸ ਤੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੋਚ ਅੱਜ ਵੀ ਬੱਸਾਂ ਉੱਪਰ ਖੜ੍ਹੀ ਹੈ ਕਿਉਂਕਿ ਆਪ ਸਰਕਾਰ ਵੱਲੋਂ ਦਿੱਲੀ ਏਅਰਪੋਰਟ ਲਈ ਬੱਸਾਂ ਚਲਾ ਕੇ ਇਸ ਨੂੰ ਆਪਣੀ ਵੱਡੀ ਪ੍ਰਾਪਤੀ ਦੇ ਤੌਰ 'ਤੇ ਦਰਸਾਇਆ ਜਾ ਰਿਹਾ ਹੈ, ਜਦੋਂ ਕਿ ਸਾਡੇ ਵੱਲੋਂ ਸੰਗਰੂਰ ਵਿਚ ਏਅਰਪੋਰਟ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਵਾਂਗ 'ਆਪ' ਦਾ ਪਤਨ ਵੀ ਜਲਦ ਹੀ ਹੋ ਜਾਵੇਗਾ ਅਤੇ ਪੂਰੇ ਦੇਸ਼ ਵਿੱਚ ਭਾਜਪਾ ਹੀ ਇੱਕ ਮਜ਼ਬੂਤ ਪਾਰਟੀ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆਵੇਗੀ ਅਤੇ ਕੇਂਦਰ ਅਤੇ ਪੰਜਾਬ 'ਚ ਅਗਲੀ ਸਰਕਾਰ ਭਾਜਪਾ ਦੀ ਹੀ ਹੋਵੇਗੀ। 


Babita

Content Editor

Related News