ਮਗਨਰੇਗਾ ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ ਤੇ ਟ੍ਰੈਫਿਕ ਜਾਮ
Friday, Jun 30, 2017 - 02:04 AM (IST)

ਗੜ੍ਹਦੀਵਾਲਾ, (ਜਤਿੰਦਰ)- ਅੱਜ ਇਥੇ ਸੀਟੂ ਦੇ ਸੱਦੇ 'ਤੇ ਅਨੇਕਾਂ ਮਗਨਰੇਗਾ ਮਜ਼ਦੂਰਾਂ ਵੱਲੋਂ ਭਾਰੀ ਮੀਂਹ ਦੇ ਬਾਵਜੂਦ ਮੇਨ ਰੋਡ ਗੜ੍ਹਦੀਵਾਲਾ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਟ੍ਰੈਫਿਕ ਜਾਮ ਕਰ ਕੇ ਕੇਂਦਰ ਸਰਕਾਰ ਖਿਲਾਫ ਰੋਸ ਜ਼ਾਹਿਰ ਕੀਤਾ ਗਿਆ। ਇਸ ਮੌਕੇ ਅਨੇਕਾਂ ਮਹਿਲਾਵਾਂ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਬਾਬਾ ਧਰਮ ਦਾਸ ਸਮਾਧੀ ਸਥਾਨ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਕਾਮਰੇਡ ਗੁਰਮੇਸ਼ ਸਿੰਘ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਅਧੀਨ ਕਿਰਤੀ ਸ਼੍ਰੇਣੀ ਨੂੰ ਮਿਲ ਰਹੀਆਂ ਸਹੂਲਤਾਂ ਨੂੰ ਸਰਕਾਰਾਂ ਘਟਾ ਰਹੀਆਂ ਹਨ ਪਰ ਮਜ਼ਦੂਰ ਵਰਗ ਇਨ੍ਹਾਂ ਸਰਕਾਰਾਂ ਦੀਆਂ ਕਟੌਤੀਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਮਗਨਰੇਗਾ ਮਜ਼ਦੂਰਾਂ ਨੂੰ ਉਸਾਰੀ ਕਿਰਤੀਆਂ 'ਚ ਸ਼ਾਮਲ ਹੋਣ 'ਤੇ ਰੋਕ ਲਾ ਰਹੀ ਹੈ। ਇਹ ਅਜਿਹੀ ਸਰਕਾਰ ਹੈ, ਜੋ ਮਗਨਰੇਗਾ ਮਜ਼ਦੂਰਾਂ ਨੂੰ ਉਸਾਰੀ ਕਿਰਤੀ ਹੀ ਨਹੀਂ ਮੰਨਦੀ।
ਉਨ੍ਹਾਂ ਕਿਹਾ ਕਿ ਮਗਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਅਤੇ 600 ਰੁਪਏ ਦਿਹਾੜੀ ਦਿੱਤੀ ਜਾਵੇ ਤੇ ਰਹਿੰਦੇ ਬਕਾਏ ਦਿੱਤੇ ਜਾਣ। ਦਲਿਤਾਂ 'ਤੇ ਹਮਲੇ ਬੰਦ ਕੀਤੇ ਜਾਣ, ਨਸ਼ਿਆਂ ਨੂੰ ਠੱਲ੍ਹ ਪਾਈ ਜਾਵੇ ਤੇ ਫਿਰਕਾਪ੍ਰਸਤੀ ਨੂੰ ਨੱਥ ਪਾਈ ਜਾਵੇ। ਮਹਿੰਗਾਈ 'ਤੇ ਕੰਟਰੋਲ ਕੀਤਾ ਜਾਵੇ ਤੇ ਮੁਫਤ ਵਿੱਦਿਆ ਤੇ ਸਾਰਿਆਂ ਲਈ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਵਿਧਵਾ ਤੇ ਬੁਢਾਪਾ ਪੈਨਸ਼ਨ 3 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ ਅਤੇ ਪਿੰਡ-ਪਿੰਡ ਵਿਚ ਸਸਤੇ ਭਾਅ ਦੇ ਰਾਸ਼ਨ ਡਿਪੂ ਖੋਲ੍ਹੇ ਜਾਣ। ਇਸ ਦੌਰਾਨ ਅਨੇਕਾਂ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਬੀਬੀ ਮਨਜੀਤ ਕੌਰ, ਕਿਸਾਨ ਆਗੂ ਚਰਨਜੀਤ ਸਿੰਘ ਚਠਿਆਲ, ਸੁੱਖਾ ਸਿੰਘ ਕੋਲੀਆਂ, ਰਾਜ ਰਾਣੀ, ਨੰਬਰਦਾਰ ਮਲਕੀਤ ਸਿੰਘ, ਚਰਨ ਸਿੰਘ, ਗੁਰਮੇਲ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਪਾਖਰ ਸਿੰਘ, ਜਸਵਿੰਦਰ ਸਿੰਘ, ਬੀਬੀ ਕੁਲਦੀਪ ਕੌਰ, ਗੁਰਬਖਸ਼ ਕੌਰ, ਬਲਦੇਵ ਕੌਰ, ਚਰਨਜੀਤ ਕੌਰ, ਸੁਰਿੰਦਰ ਸਿੰਘ, ਦਰਸ਼ਨਾ ਦੇਵੀ, ਲਾਜ ਰਾਣੀ, ਪਲਵਿੰਦਰ ਕੌਰ, ਗੁਰਮੀਤ ਕੌਰ, ਸੰਤੋਸ਼ ਕੁਮਾਰੀ, ਬਿਮਲਾ ਦੇਵੀ, ਸਰਬਜੀਤ ਕੌਰ, ਗੁਰਨਾਮ ਕੌਰ, ਹਰਜਿੰਦਰ ਕੌਰ, ਕਮਲਜੀਤ ਕੌਰ, ਸ਼ੀਤਲ ਕੌਰ, ਸੁਰਜੀਤ ਕੌਰ, ਪ੍ਰਕਾਸ਼ੋ ਦੇਵੀ ਆਦਿ ਸਮੇਤ ਵੱਖ-ਵੱਖ ਪਿੰਡਾਂ ਤੋਂ ਅਨੇਕਾਂ ਮਗਨਰੇਗਾ ਵਰਕਰ ਹਾਜ਼ਰ ਸਨ।