ਐੱਸ. ਸੀ. ਬੱਚਿਆਂ ਤੋਂ ਪੂਰੀਅਾਂ ਫੀਸਾਂ ਲੈਣ ਵਿਰੁੱਧ ਪ੍ਰਗਟਾਇਆ ਰੋਹ
Saturday, Jun 30, 2018 - 08:02 AM (IST)

ਲੌਂਗੋਵਾਲ (ਵਿਜੇ) - ਐੱਸ. ਸੀ. ਬੱਚਿਅਾਂ ਤੋਂ ਪੂਰੀਅਾਂ ਫੀਸਾਂ ਲੈਣ ਸਬੰਧੀ ਜਾਰੀ ਨੋਟੀਫਿਕੇਸ਼ਨ ਦੇ ਵਿਰੋਧ ’ਚ ਵੀਰਵਾਰ ਨੂੰ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਮਜ਼ਦੂਰ ਏਕਤਾ ਗਰੁੱਪ ਲੌਂਗੋਵਾਲ ਦੇ ਜ਼ਿਲਾ ਆਗੂ ਪਿਰਥੀ ਲੌਂਗੋਵਾਲ ਨੇ ਕਿਹਾ ਕਿ ਜਦੋਂ ਦਾ ਦੇਸ਼ ਅਾਜ਼ਾਦ ਹੋਇਆ ਹੈ, ਉਦੋਂ ਤੋਂ ਕਿਸੇ ਵੀ ਪਾਰਟੀ ਦੀ ਸਰਕਾਰ ਬਣੀ ਹੋਵੇ, ਦਲਿਤਾਂ ਦੇ ਹੱਕਾਂ ਨੂੰ ਹਮੇਸ਼ਾ ਲਤਾਡ਼ਿਆ ਗਿਆ ਹੈ। ਇਸੇ ਰਾਹ ’ਤੇ ਚੱਲਦਿਆਂ ਕੇਂਦਰ ਵਿਚਲੀ ਮੋਦੀ ਸਰਕਾਰ ਨੇ ਪਹਿਲਾਂ ਜਾਤੀ ਭੇਦ-ਭਾਵ ਦੇ ਐੱਸ. ਐੱਸ. ਐੱਸ. ਟੀ. ਕਾਨੂੰਨ ਨਾਲ ਛੇਡ਼-ਛਾਡ਼ ਕਰਨ ਦੀ ਚਾਲ ਖੇਡੀ ਅਤੇ ਹੁਣ ਇਸ ਸਰਕਾਰ ਨੇ ਐੱਸ. ਸੀ. ਬੱਚਿਆਂ ਦੀਆਂ ਫੀਸਾਂ ਪੂਰੀਆਂ ਲੈਣ ਸਬੰਧੀ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਉਹ ਸਿੱਧਾ ਐੱਸ. ਸੀ. ਬੱਚਿਆਂ ਨੂੰ ਪਡ਼੍ਹਾਈ ਤੋਂ ਦੂਰ ਕਰਨ ਦੀ ਘਡ਼ੀ ਮਿੱਥੀ ਸਾਜ਼ਿਸ਼ ਹੈ। ਅੱਜ ਬੀ. ਏ., ਐੱਮ. ਏ. ਕਰਨ ਲਈ 50 ਹਜ਼ਾਰ ਤੋਂ ਇਕ ਲੱਖ ਤੱਕ ਦੀ ਫੀਸ ਹੋ ਚੁੱਕੀ ਹੈ, ਜਿਸ ਕਰਕੇ ਅੱਜ ਪੰਜਾਬ ਦੇ ਲੱਖਾਂ ਬੱਚਿਆਂ ਦਾ ਭਵਿੱਖ ਖ਼ਤਰੇ ’ਚ ਪੈ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਗੋਬਿੰਦ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਅਤੇ ਕੇਂਦਰ ਵਿਚਲੀ ਬੀ. ਜੇ. ਪੀ. ਸਰਕਾਰ ਦੇ ਆਗੂਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਤਾਂ ਜੋ ਐੱਸ. ਸੀ. ਬੱਚਿਆਂ ਦੀ ਪਡ਼੍ਹਾਈ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਅਾਂ ਮੰਗਾਂ ਨੂੰ ਮਨਜ਼ੂਰ ਨਾ ਕੀਤਾ ਤਾਂ 2019 ’ਚ ਪੰਜਾਬ ਭਰ ’ਚ ਦਲਿਤਾਂ ਵੱਲੋਂ ਅਕਾਲੀ-ਬੀ. ਜੇ. ਪੀ. ਮੋਦੀ ਅਤੇ ਇਸ ਨਾਲ ਤਾਲਮੇਲ ਰੱਖਣ ਵਾਲੀਆਂ ਹੋਰਨਾਂ ਪਾਰਟੀਆਂ ਦਾ ਮੁਕੰਮਲ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ।