ਗੜ੍ਹਸ਼ੰਕਰ ''ਚ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਿਆ
Wednesday, Sep 02, 2020 - 02:49 PM (IST)
ਗੜ੍ਹਸ਼ੰਕਰ (ਸ਼ੋਰੀ) : ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਸੀ. ਵਿੰਗ ਵਲੋਂ ਅੱਜ ਇੱਥੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਿਆ ਗਿਆ । ਪ੍ਰਦਰਸ਼ਨਕਾਰੀਆਂ ਨੇ ਇਹ ਰੋਸ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਸਕੀਮ ਦੇ 64 ਕਰੋੜ ਰੁਪਏ ਦੇ ਕਥਿਤ ਘੋਟਾਲੇ ਦੇ ਸੰਬਧ 'ਚ ਕਰਦੇ ਇਸ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਅਤੇ ਦੋਸ਼ੀ ਮੰਤਰੀ ਨੂੰ ਪੰਜਾਬ ਕੈਬਨਿਟ 'ਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ 'ਤੇ ਐੱਸ. ਸੀ. ਵਿੰਗ ਗੜ੍ਹਸ਼ੰਕਰ ਦੇ ਇੰਚਾਰਜ ਸੁੱਚਾ ਸਿੰਘ ਬਿਲੜੋਂ, ਪ੍ਰਧਾਨ ਐੱਸ. ਸੀ. ਵਿੰਗ ਮਨਜੀਤ ਸਿੰਘ , ਸੁਰਿੰਦਰ ਸਿੰਘ ਪਨਾਮ, ਹਰਪ੍ਰੀਤ ਸਿੰਘ, ਕੁਲਵੀਰ ਸਿੰਘ ਡੋਗਰਪੁਰ ਅਤੇ ਨਾਲ ਹਰਜੀਤ ਸਿੰਘ ਭਾਰਤਪੁਰ, ਤਰਲੋਕ ਸਿੰਘ ਨਾਗਪਾਲ, ਹਰਪ੍ਰੀਤ ਸਿੰਘ ਬੇਦੀ, ਰਜਿੰਦਰ ਸਿੰਘ ਸ਼ੂਕਾ ਅਤੇ ਹੋਰ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਵਣ ਨਿਗਮ 'ਚ ਪ੍ਰਮੋਸ਼ਨ ਘੋਟਾਲੇ 'ਚ ਐੱਮ. ਡੀ. ਦਾ ਖੁਲਾਸਾ
ਧਰਮਸੌਤ ਨੇ 'ਆਪ' ਨੂੰ ਆਧਾਰਹੀਣ ਮੁੱਦੇ 'ਤੇ ਬਿਆਨਬਾਜ਼ੀ ਕਰਨ ਲਈ ਪਾਈ ਝਾੜ
ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ 'ਵਣ ਨਿਗਮ 'ਚ ਪ੍ਰਮੋਸ਼ਨ ਘਪਲੇ' ਸਬੰਧੀ ਮੀਡੀਆ 'ਚ ਫੈਲਾਈਆਂ ਜਾ ਰਹੀਆਂ ਖਬਰਾਂ ਨੂੰ ਝੂਠੀਆਂ ਅਤੇ ਤੱਥਾਂ ਤੋਂ ਰਹਿਤ ਗਰਦਾਨਦਿਆਂ ਆਮ ਆਦਮੀ ਪਾਰਟੀ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਆਧਾਰਹੀਣ, ਬੇਬੁਨਿਆਦ ਤੇ ਮੰਦਭਾਗਾ ਦੱਸਿਆ ਹੈ । ਇੱਥੇ ਧਰਮਸੌਤ ਨੇ ਸਪੱਸ਼ਟ ਕਰਦਿਆਂ ਕਿਹਾ ਕਿ 'ਆਪ' ਨੇਤਾ ਵਿਭਾਗ ਦੀ ਕਾਰਜਪ੍ਰਣਾਲੀ ਤੋਂ ਵਾਕਿਫ ਨਹੀਂ ਹਨ, ਕਿਉਂਕਿ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਦੀ ਨਿਯੁਕਤੀ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਪੱਧਰ 'ਤੇ ਕੀਤੀ ਜਾਂਦੀ ਹੈ। 'ਆਪ' ਨੂੰ ਆਪਣੇ ਸਿਆਸੀ ਮੁਫਾਦ ਲਈ ਦੋਸ਼ ਲਾਉਣ ਵਾਲੀ ਆਦਤ ਤੋਂ ਮਜਬੂਰ ਦੱਸਦਿਆਂ ਉਨ੍ਹਾਂ ਕਿਹਾ ਕਿ ਪ੍ਰਾਜੈਕਟ ਅਧਿਕਾਰੀ ਅਤੇ ਹੋਰ ਸਟਾਫ ਦੀ ਪ੍ਰਮੋਸ਼ਨ ਦਾ ਅਧਿਕਾਰ ਮੈਨੇਜਿੰਗ ਡਾਇਰੈਕਟਰ ਦਫਤਰ ਕੋਲ ਹੈ। ਉਨ੍ਹਾਂ ਕਿਹਾ ਕਿ ਮੇਰੀ ਪ੍ਰਮੋਸ਼ਨ ਵਿਚ ਕੋਈ ਭੂਮਿਕਾ ਨਹੀਂ ਹੈ ਪਰ ਇਹ ਸਪੱਸ਼ਟ ਹੈ ਕਿ 'ਆਪ' ਪ੍ਰਸ਼ਾਸਨਿਕ ਤਜ਼ਰਬੇ ਨੂੰ ਨਹੀਂ ਸਮਝ ਸਕੇਗੀ ਕਿਉਂਕਿ ਉਸਦਾ ਦਫਤਰੀ ਕੰਮਕਾਜ ਵਿਚ ਕੋਈ ਤਜ਼ਰਬਾ ਨਹੀਂ ਹੈ ।
ਇਹ ਵੀ ਪੜ੍ਹੋ : ਕੋਰੋਨਾ ਕਾਰਣ ਠੱਪ ਹੋਇਆ ਕੰਮ ਤਾਂ ਕਰਨ ਲੱਗਾ ਮਜ਼ਦੂਰੀ, ਇੰਝ ਆਈ ਮੌਤ ਕਿ ਸੋਚਿਆ ਨਾ ਸੀ