ਭਾਕਿਯੂ ਵੱਲੋਂ 5ਵੇਂ ਦਿਨ ਵੀ ਧਰਨਾ ਜਾਰੀ
Monday, Jan 29, 2018 - 08:07 AM (IST)
ਮੋਗਾ (ਗਰੋਵਰ, ਗੋਪੀ) - ਮੁਕੰਮਲ ਕਰਜ਼ਾ ਮੁਕਤੀ ਤੇ ਹੋਰ ਭਖਦੇ ਮਸਲਿਆਂ ਨੂੰ ਲੈ ਕੇ ਡੀ. ਸੀ. ਦਫਤਰ ਅੱਗੇ ਦਿਨ-ਰਾਤ ਦਿੱਤੇ ਜਾ ਰਿਹੇ ਧਰਨੇ ਦੇ ਪੰਜਵੇਂ ਦਿਨ ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਅਮਰਜੀਤ ਸੈਦੋ, ਸੂਬਾ ਆਗੂ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਬਰਨਾਲਾ ਦਾਣਾ ਮੰਡੀ 'ਚ ਵਿਸ਼ਾਲ ਕਰਜ਼ਾ ਮੁਕਤੀ ਰੈਲੀ ਕੀਤੀ ਜਾਵੇਗੀ।
ਇਸ ਦੌਰਾਨ 7 ਫਰਵਰੀ ਨੂੰ 7 ਕਿਸਾਨ ਜਥੇਬੰਦੀਆਂ ਵੱਲੋਂ 2 ਘੰਟੇ ਟ੍ਰੈਫਿਕ ਜਾਮ ਕੀਤਾ ਜਾਵੇਗਾ। ਜ਼ਿਲਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ, ਜ਼ਿਲਾ ਸੰਗਠਨ ਸਕੱਤਰ ਬਲੌਰ ਸਿੰਘ ਘੱਲਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਵਿੱਤ ਮੰਤਰੀ ਕਹਿੰਦਾ ਹੈ ਕਿ ਕਿਸਾਨਾਂ 'ਤੇ ਅੱਧਾ ਫੀਸਦੀ ਟੈਕਸ ਲਾਇਆ ਜਾਵੇ, ਪੰਚਾਇਤ ਮੰਤਰੀ ਕਿਸਾਨਾਂ ਨੂੰ ਵਿਹਲੜ ਦੱਸਦਾ ਹੈ, ਪੂਰੀ ਕੈਬਨਿਟ 'ਚ ਕਿਸਾਨਾਂ ਦੀਆਂ ਮੋਟਰਾਂ 'ਤੇ ਮੀਟਰ ਲਾ ਕੇ ਬਿੱਲ ਲਾਉਣ ਦੀ ਵਕਾਲਤ ਕੀਤੀ ਜਾ ਰਹੀ ਹੈ।
ਅਸਲ 'ਚ ਇਹ ਰਹਿੰਦੇ ਬਿਜਲੀ ਬੋਰਡ ਦੇ ਨਿੱਜੀਕਰਨ ਦੀ ਚਲਾਕੀ ਭਰੀ ਚਾਲ ਹੈ। ਸਰਕਾਰੀ ਥਰਮਲ ਪਲਾਂਟ, ਸਕੂਲ, 1647 ਸੁਵਿਧਾ ਕੇਂਦਰ ਬੰਦ ਕੀਤੇ ਜਾ ਰਹੇ ਹਨ ਤਾਂ ਫਿਰ ਅਸੀਂ ਅਜਿਹੀਆਂ ਸਰਕਾਰਾਂ ਤੋਂ ਭਲੇ ਦੀ ਕੀ ਆਸ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਵੱਡੇ-ਵੱਡੇ ਸਰਮਾਏਦਾਰਾਂ ਦੇ ਕਈ ਲੱਖ ਕਰੋੜ ਦੇ ਕਰਜ਼ੇ ਹਰ ਸਾਲ ਵੱਟੇ-ਖਾਤੇ ਪਾ ਦਿੱਤੇ ਜਾਂਦੇ ਹਨ, ਜਦੋਂ ਕੋਈ ਕਿਸਾਨ ਜਾਂ ਮਜ਼ਦੂਰ, 10, 20, 50 ਹਜ਼ਾਰ ਕਿਸੇ ਸਰਕਾਰੀ ਬੈਂਕ ਜਾਂ ਸਹਿਕਾਰੀ ਬੈਂਕ ਦਾ ਪੈਸਾ ਨਹੀਂ ਮੋੜ ਸਕਦਾ ਤਾਂ ਉਨ੍ਹਾਂ ਦੀ ਜ਼ਮੀਨ ਦੀਆਂ ਨਿਲਾਮੀਆਂ ਤੇ ਕੁਰਕੀਆਂ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੀਆਂ ਫੋਟੋਆਂ ਬੈਂਕਾਂ 'ਚ ਲਾ ਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਦੇ ਧਰਨੇ ਨੂੰ ਸੁਦਾਗਰ ਸਿੰਘ ਖਾਈ, ਗੁਰਦੇਵ ਸਿੰਘ ਕਿਸ਼ਨਪੁਰਾ, ਗੁਰਚਰਨ ਸਿੰਘ ਰਾਮਾ, ਬੂਟਾ ਸਿੰਘ ਭਾਗੀਕੇ, ਗੁਰਵਿੰਦਰ ਸਿੰਘ ਕੋਕਰੀ ਕਲਾਂ, ਗੁਰਦਾਸ ਸਿੰਘ, ਹਰਮੰਦਰ ਸਿੰਘ, ਅਜੀਤ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।