ਸੜਕਾਂ ''ਤੇ ਉਤਰੇ ਕਿਸਾਨ, ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Friday, Jan 26, 2018 - 07:20 AM (IST)
ਬਠਿੰਡਾ(ਪਰਮਿੰਦਰ)-ਕਰਜ਼ਾ ਮੁਕਤੀ ਮੋਰਚੇ ਦੇ ਚੌਥੇ ਦਿਨ ਪੰਜਾਬ ਸਰਕਾਰ ਵੱਲੋਂ ਖੇਤੀ ਮੋਟਰਾਂ 'ਤੇ ਬਿਜਲੀ ਮੀਟਰ ਲਾਉਣ ਦੇ ਲਏ ਗਏ ਫੈਸਲੇ ਨਾਲ ਕਿਸਾਨਾਂ ਦਾ ਗੁੱਸਾ ਭੜਕ ਗਿਆ ਅਤੇ ਹਜ਼ਾਰਾਂ ਕਿਸਾਨ ਸੜਕਾਂ 'ਤੇ ਉਤਰ ਆਏ। ਕਿਸਾਨਾਂ ਨੇ ਇਸ ਫੈਸਲੇ ਦੇ ਵਿਰੋਧ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਗੁੱਸਾ ਕੱਢਿਆ। ਭਾਕਿਯੂ ਏਕਤਾ (ਉਗਰਾਹਾਂ) ਦੀ ਅਗਵਾਈ ਵਿਚ ਲਾਏ ਗਏ ਮੋਰਚੇ ਦੌਰਾਨ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦੇ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਉਨ੍ਹਾਂ ਦੇ ਜ਼ਖਮਾਂ 'ਤੇ ਨਮਕ ਛਿੜਕਣ ਲਈ ਕਿਸਾਨ ਵਿਰੋਧੀ ਫੈਸਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਮੋਟਰਾਂ 'ਤੇ ਬਿਜਲੀ ਮੀਟਰ ਲਾਉਣ ਦੇ ਫੈਸਲੇ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ ਵੀ ਖੇਤੀ ਮੋਟਰਾਂ 'ਤੇ ਮੀਟਰ ਲਾਉਣ ਦਾ ਫੈਸਲਾ ਕੀਤਾ ਸੀ ਪਰ ਕਿਸਾਨਾਂ ਦੇ ਵਿਰੋਧ ਨੂੰ ਵੇਖਦੇ ਹੋਏ ਸਰਕਾਰ ਨੂੰ ਉਕਤ ਫੈਸਲਾ ਬਦਲਣਾ ਪਿਆ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਕੈਪਟਨ ਵੀ ਬਾਦਲਾਂ ਦੀਆਂ ਨੀਤੀਆਂ 'ਤੇ ਹੀ ਚੱਲ ਰਹੇ ਹਨ। ਪੰਜਾਬ ਦਾ ਕਿਸਾਨ ਦੇਸ਼ ਦਾ ਅੰਨ ਭੰਡਾਰ ਭਰ ਰਿਹਾ ਹੈ ਜਦਕਿ ਸਰਕਾਰ ਦੇ ਮੰਤਰੀ ਤਰਿਪਤ ਬਾਜਵਾ ਕਿਸਾਨਾਂ ਨੂੰ ਬੇਕਾਰ ਕਹਿ ਕੇ ਉਨ੍ਹਾਂ ਦਾ ਅਪਮਾਨ ਕਰ ਰਹੇ ਹਨ। ਪੰਜਾਬ ਸਰਕਾਰ ਖੇਤੀ ਮੋਟਰਾਂ 'ਤੇ ਮੀਟਰ ਲਾਉਣ ਦੀ ਬਜਾਏ ਕਿਸਾਨਾਂ ਦੇ ਨਾਲ ਕੀਤੇ ਗਏ ਕਰਜ਼ਾ ਮੁਆਫ਼ੀ ਦੇ ਵਾਅਦਿਆਂ ਨੂੰ ਪੂਰਾ ਕਰੇ। ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਕੀਤਾ ਜਾਵੇ, ਸੂਦਖੋਰੀ ਰੋਕਣ ਲਈ ਸਖਤ ਕਾਨੂੰਨ ਬਣਾਇਆ ਜਾਵੇ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ, ਫਸਲਾਂ ਦੇ ਮੁੱਲ ਡਾ. ਸਵਾਮੀਨਾਥਨ ਰਿਪੋਰਟ ਅਨੁਸਾਰ ਦਿੱਤੇ ਜਾਣ ਅਤੇ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ। ਇਸ ਮੌਕੇ ਮਿੱਠੂ ਸਿੰਘ ਕੋਟੜਾ, ਜਗਜੀਤ ਸਿੰਘ ਭੂੰਦੜ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਹਰਪ੍ਰੀਤ ਕੌਰ ਜੇਠੂਕੇ, ਅਮਰੀਕ ਸਿੰਘ ਸਿਵੀਆ, ਬਸੰਤ ਸਿੰਘ ਕੋਠਾਗੁਰੂ, ਬਹੱਤਰ ਸਿੰਘ ਨੰਗਲਾ, ਹਰਜਿੰਦਰ ਸਿੰਘ ਬੱਗੀ ਆਦਿ ਨੇ ਵੀ ਸੰਬੋਧਨ ਕੀਤਾ।
ਮੋਟਰਾਂ 'ਤੇ ਮੀਟਰ ਲਾਉਣ ਦਾ ਫੈਸਲਾ ਮੰਦਭਾਗਾ
ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਨੇ ਪੰਜਾਬ ਸਰਕਾਰ ਵੱਲੋਂ ਖੇਤੀ ਮੋਟਰਾਂ 'ਤੇ ਮੀਟਰ ਲਾਉਣ ਦੇ ਕੀਤੇ ਗਏ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਇਸ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਰੇਸ਼ਮ ਸਿੰਘ ਯਾਤਰੀ ਅਤੇ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਜਥੇਬੰਦੀ ਇਸ ਫੈਸਲੇ ਨੂੰ ਸਿਰੇ ਤੋਂ ਖਾਰਜ ਕਰਦੀ ਹੈ ਕਿਉਂਕਿ ਇਸ ਸਿੱਧਾ ਕਿਸਾਨ ਵਿਰੋਧੀ ਫੈਸਲਾ ਹੈ ਅਤੇ ਇਸ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਜੋ ਸਬਸਿਡੀ ਦੇਣ ਦਾ ਵਾਅਦਾ ਕਰ ਰਹੀ ਹੈ ਉਹ ਇਨ੍ਹਾਂ ਦੇ ਚਹੇਤੇ ਪਹਿਲਾਂ ਹੀ ਹੜੱਪ ਜਾਂਦੇ ਹਨ, ਜਿਸ ਕਾਰਨ ਕਿਸਾਨਾਂ ਦੇ ਪੱਲੇ ਕੁਝ ਨਹੀਂ ਪਵੇਗਾ। ਪਹਿਲਾਂ ਹੀ ਬੀਜਾਂ ਅਤੇ ਹੋਰਨਾਂ ਵਸਤੂਆਂ 'ਤੇ ਦਿੱਤੀਆਂ ਸਬਸਿਡੀਆਂ ਲੈਣ ਲਈ ਕਿਸਾਨਾਂ ਨੂੰ ਦਫਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ। ਸਰਕਾਰ ਕਿਸਾਨਾਂ ਨੂੰ ਸਬਸਿਡੀ ਦਾ ਲਾਲਚ ਦੇ ਕੇ ਹਮੇਸ਼ਾ ਲਈ ਖੇਤੀ ਮੋਟਰਾਂ ਦੇ ਬਿੱਲ ਵਸੂਲਣ ਦਾ ਰਾਹ ਪੱਧਰਾ ਕਰ ਰਹੀ ਹੈ, ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਕਿਸਾਨ ਵਿਰੋਧੀ ਫੈਸਲੇ ਨੂੰ ਤੁਰੰਤ ਰੱਦ ਕਰੇ।
