ਖਾਲੀ ਪੀਪੇ ਖੜਕਾ ਕੇ ਕੀਤਾ ਸੂਬਾ ਸਰਕਾਰ ਤੇ ਰਜ਼ੀਆ ਸੁਲਤਾਨਾ ਦਾ ਪਿੱਟ ਸਿਆਪਾ
Saturday, Nov 25, 2017 - 07:19 AM (IST)

ਮਾਲੇਰਕੋਟਲਾ(ਯਾਸੀਨ, ਜ਼ਹੂਰ)-ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਜ਼ਿਲਾ ਪ੍ਰਧਾਨ ਗੁਰਮੇਲ ਕੌਰ ਦੀ ਅਗਵਾਈ 'ਚ 22 ਨਵੰਬਰ ਤੋਂ ਪੰਜਾਬ ਦੀ ਪੀ. ਡਬਲਯੂ. ਡੀ. ਮੰਤਰੀ ਰਜ਼ੀਆ ਸੁਲਤਾਨਾ ਦੀ ਕੋਠੀ ਅੱਗੇ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਤੀਸਰੇ ਦਿਨ 'ਚ ਦਾਖਲ ਹੋ ਗਈ। ਅੱਜ ਦੀ ਭੁੱਖ ਹੜਤਾਲ 'ਚ ਹਰਮੇਲ ਕੌਰ ਛੰਨਾ ਬਲਾਕ ਸ਼ੇਰਪੁਰ, ਸਵਰਨਜੀਤ ਕੌਰ ਬੜੀ ਬਲਾਕ ਸ਼ੇਰਪੁਰ, ਸੁਖਵਿੰਦਰ ਕੌਰ ਢਢੋਗਲ, ਜਸਵੀਰ ਕੌਰ ਢਢੋਗਲ, ਰਛਪਾਲ ਕੌਰ ਢਢੋਗਲ, ਤਾਹਿਰਾ ਪ੍ਰਵੀਨ ਮਾਲੇਰਕੋਟਲਾ, ਫਾਤਿਮਾ ਮਾਲੇਰਕੋਟਲਾ, ਨਸਰੀਨ ਮਾਲੇਰਕੋਟਲਾ-1 ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਬਿਠਾਇਆ ਗਿਆ। ਅੱਜ ਆਂਗਨਵਾੜੀ ਮੁਲਾਜ਼ਮਾਂ ਨੇ ਭੁੱਖ ਹੜਤਾਲ ਵਾਲੀ ਥਾਂ ਤੋਂ ਮੈਡਮ ਰਜ਼ੀਆ ਦੀ ਕੋਠੀ ਤਕ ਖਾਲੀ ਪੀਪੇ ਖੜਕਾ ਕੇ ਰੋਸ ਜ਼ਾਹਿਰ ਕੀਤਾ। ਵੱਡੀ ਗਿਣਤੀ 'ਚ ਇਕੱਠੀਆਂ ਹੋਈਆਂ ਆਂਗਨਵਾੜੀ ਮੁਲਾਜ਼ਮਾਂ ਨੇ ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਬੈਨਰ ਹੱਥਾਂ 'ਚ ਫੜੇ ਹੋਏ ਸਨ ਅਤੇ ਸੂਬਾ ਸਰਕਾਰ ਤੇ ਰਜ਼ੀਆ ਸੁਲਤਾਨਾ ਖਿਲਾਫ ਨਾਅਰੇਬਾਜ਼ੀ ਕਰ ਰਹੀਆਂ ਸਨ।
ਗੱਲਬਾਤ ਦੌਰਾਨ ਜ਼ਿਲਾ ਪ੍ਰਧਾਨ ਗੁਰਮੇਲ ਕੌਰ ਤੇ ਜ਼ਿਲਾ ਜਨਰਲ ਸਕੱਤਰ ਸ਼ਿੰਦਰ ਕੌਰ ਬੜੀ ਨੇ ਕਿਹਾ ਕਿ ਸਰਕਾਰ ਵਲੋਂ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਜਲਦਬਾਜ਼ੀ 'ਚ ਬਿਨਾਂ ਕਿਸੇ ਵਿਉਂਤਬੰਦੀ ਤੋਂ ਲਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੁਲਾਜ਼ਮਾਂ ਨੂੰ ਮੀਟਿੰਗ ਲਈ ਸੱਦਾ ਤਾਂ ਕੀ ਦੇਣਾ ਸੀ, ਉਲਟਾ ਇਹ ਬਿਆਨ ਕਿ ਆਂਗਨਵਾੜੀ ਮੁਲਾਜ਼ਮ ਤਾਂ ਕੱਚੇ ਮੁਲਾਜ਼ਮ ਹਨ ਅਤੇ ਇਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਸਕਦੀ, ਨੇ ਮੁਲਾਜ਼ਮਾਂ 'ਚ ਗੁੱਸਾ ਹੋਰ ਵਧਾ ਦਿੱਤਾ ਹੈ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਭੁਪਿੰਦਰ ਕੌਰ ਹਥੋਆ, ਪੁਸ਼ਪਾ ਸੰਗਰੂਰ, ਪਰਮਜੀਤ ਖੇੜੀ, ਜਸਵਿੰਦਰ ਕੌਰ, ਸੁਖਪਾਲ ਕੌਰ, ਅੰਗਰੇਜ਼ ਕੌਰ ਭਵਾਨੀਗੜ੍ਹ, ਬਲਜੀਤ ਧੂਰੀ ਨੇ ਸੰਬੋਧਨ ਕੀਤਾ।