ਪੰਜਾਬ ਦੇ 93000 ਟਰੱਕ ਆਪ੍ਰੇਟਰਾਂ ਵੱਲੋਂ ਹੜਤਾਲ ਸ਼ੁਰੂ

Wednesday, Nov 01, 2017 - 05:38 AM (IST)

ਪੰਜਾਬ ਦੇ 93000 ਟਰੱਕ ਆਪ੍ਰੇਟਰਾਂ ਵੱਲੋਂ ਹੜਤਾਲ ਸ਼ੁਰੂ

ਪਟਿਆਲਾ(ਪਰਮੀਤ)-ਪੰਜਾਬ ਵਿਚ ਝੋਨੇ ਦੇ ਸੀਜ਼ਨ 'ਚ ਇੱਕ-ਇੱਕ ਦਾਣਾ ਮੰਡੀ ਵਿਚੋਂ ਚੁੱਕ ਕੇ ਸਮੇਂ ਸਿਰ ਅਦਾਇਗੀ ਕਰਨ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਕੋਲ ਇਸ ਦਾਣੇ-ਦਾਣੇ ਦੀ ਢੁਆਈ ਕਰਨ ਵਾਲੇ ਟਰੱਕ ਆਪ੍ਰੇਟਰਾਂ ਦੇ 275 ਕਰੋੜ ਰੁਪਏ ਫਸ ਗਏ ਹਨ। ਇਸ ਕਾਰਨ ਪੰਜਾਬ ਦੇ 93000 ਟਰੱਕ ਆਪ੍ਰੇਟਰਾਂ ਵੱਲੋਂ ਅੱਜ ਤੋਂ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਆਲ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਹਿਣ ਨੂੰ ਤਾਂ ਝੋਨੇ ਦੀ ਅਦਾਇਗੀ ਸਮੇਂ ਸਿਰ ਕਰਨ ਦੇ ਦਾਅਵੇ ਕਰਦੀ ਹੈ ਪਰ ਅਸਲੀਅਤ ਇਹ ਹੈ ਕਿ ਇਸ ਵੱਲੋਂ ਕਣਕ ਦੇ ਸੀਜ਼ਨ ਦੀ ਢੋਆ-ਢੁਆਈ ਦੇ ਹੀ ਹਾਲੇ 275 ਕਰੋੜ ਰੁਪਏ ਟਰੱਕ ਆਪ੍ਰੇਟਰਾਂ ਦੇ ਅਦਾ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਵਿਚੋਂ 46 ਕਰੋੜ ਰੁਪਏ ਤਾਂ ਇਕੱਲੀ ਮਾਰਕਫੈੱਡ ਕੋਲ ਹੀ ਫਸੇ ਹੋਏ ਹਨ। ਬਾਕੀ ਦੀ ਰਕਮ ਵੱਖ-ਵੱਖ ਏਜੰਸੀਆਂ ਕੋਲ ਫਸੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਸਮੇਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ 150 ਕਰੋੜ ਰੁਪਏ ਦਾ ਬਕਾਇਆ ਸੀਜ਼ਨ ਦੇ ਸ਼ੁਰੂ ਵਿਚ ਹੀ ਅਦਾ ਕਰ ਦਿੱਤਾ ਜਾਵੇਗਾ। ਅਸਲੀਅਤ ਇਹ ਹੈ ਕਿ ਸੀਜ਼ਨ ਖਤਮ ਵੀ ਹੋ ਗਿਆ ਹੈ, ਹਾਲੇ ਤੱਕ ਅੱਧੀ ਅਦਾਇਗੀ ਹੀ ਮਸਾਂ ਹੋਈ ਹੈ। ਇਹ ਅਦਾਇਗੀ ਕਣਕ ਦੇ ਸੀਜ਼ਨ ਦੀ ਹੈ। ਝੋਨੇ ਦੇ ਸੀਜ਼ਨ ਦੀ ਢੋਆ-ਢੁਆਈ ਦੀ 200 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਸਾਰੀ ਦੀ ਸਾਰੀ ਬਕਾਇਆ ਪਈ ਹੈ। ਹੈਪੀ ਸੰਧੂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਹਵਾਈ ਦਾਅਵੇ ਕਰਨ ਤੋਂ ਪਹਿਲਾਂ ਟਰੱਕ ਆਪ੍ਰੇਟਰਾਂ, ਸੀਜ਼ਨ ਦੇ ਕੰਮ ਵਿਚ ਲੱਗੀ ਲੇਬਰ ਅਤੇ ਹਰ ਵਰਗ ਦੀ ਪੇਮੈਂਟ ਕਰੇ। ਸਰਕਾਰ ਵੱਲੋਂ ਅਦਾਇਗੀ ਨਾ ਕਰਨ ਕਾਰਨ ਟਰੱਕ ਆਪ੍ਰੇਟਰਾਂ ਦੇ ਤਿਮਾਹੀ ਟੈਕਸ ਨਹੀਂ ਭਰੇ ਜਾ ਸਕੇ। ਹੁਣ ਆਪ੍ਰੇਟਰਾਂ ਨੂੰ ਟੈਕਸਾਂ ਦੇ ਨਾਲ-ਨਾਲ ਜੁਰਮਾਨਾ ਵੀ ਅਦਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਟਰੱਕ ਆਪ੍ਰੇਟਰਾਂ ਲਈ ਅਦਾਇਗੀ ਨਾ ਹੋਣ ਕਾਰਨ ਇਹ ਆਪ੍ਰੇਟਰ ਹੁਣ ਆਪਣੇ ਰੋਜ਼ਾਨਾ ਦੇ ਖਰਚਿਆਂ ਤੋਂ ਵੀ ਤੰਗ ਬੈਠੇ ਹਨ। ਟੈਕਸ ਟੁੱਟਣ ਕਾਰਨ ਹੁਣ ਸਰਕਾਰ ਨੂੰ ਜੁਰਮਾਨਿਆਂ ਵਿਚ ਛੋਟ ਦੇਣੀ ਚਾਹੀਦੀ ਹੈ। ਇਸ ਮੌਕੇ ਰਵਿੰਦਰ ਸਿੰਘ ਧਾਲੀਵਾਲ, ਟਹਿਲ ਸਿੰਘ ਬੁੱਟਰ, ਰਾਮਪਾਲ ਸਿੰਘ ਬਹਿਣੀਵਾਲ, ਚਰਨਜੀਤ ਸਿੰਘ ਢਿੱਲੋਂ, ਬਿੰਦਰ ਮਨੀਲਾ, ਜਸਬੀਰ ਸਿੰਘ ਉੱਪਲ, ਕਰਮਜੀਤ ਸਿੰਘ ਰਾਮਪੁਰਾ ਫੂਲ, ਜਗਤਾਰ ਸਿੰਘ ਖੱਟੜਾ ਸਰਹਿੰਦ, ਜਗਜੀਤ ਸਿੰਘ ਦੁਲੱਦੀ ਨਾਭਾ, ਹਰਦੀਪ ਸਿੰਘ ਦੀਪਾ ਪਟਿਆਲਾ, ਰਾਣਾ ਪੰਜੇਟਾ ਪ੍ਰੈੱਸ ਸਕੱਤਰ, ਗੋਪਾਲ ਕ੍ਰਿਸ਼ਨ ਗਰਗ ਸਮਾਣਾ, ਜਸਮੇਰ ਸਿੰਘ ਲਾਛੜੂ, ਬਾਬੂ ਕੀਮਤ ਲਾਲ, ਗੁਰਪ੍ਰੀਤ ਸਿੰਘ ਅਜਨਾਲਾ, ਕਮਲਜੀਤ ਸਿੰਘ ਬੰਗਾ, ਅਵਤਾਰ ਸਿੰਘ ਸਾਹਨੇਵਾਲ, ਸਿਮੂ ਪਾਸੀ, ਸਵਰਨ ਸਿੰਘ ਵਿਰਕ ਦੇਵੀਗੜ੍ਹ ਅਤੇ ਬਲਜਿੰਦਰ ਸਿੰਘ ਬੱਬੂ ਭਾਦਸੋਂ ਆਦਿ ਹਾਜ਼ਰ ਸਨ।


Related News