ਅੱਜ ਟੈਕਸਟਾਈਲ ਕਾਰੋਬਾਰ ਰਹੇਗਾ ਬੰਦ
Thursday, Jun 15, 2017 - 06:56 AM (IST)
ਲੁਧਿਆਣਾ(ਸੇਠੀ, ਸੰਦੀਪ, ਸਿਆਲ)-ਸਰਕਾਰ ਵੱਲੋਂ ਕੱਪੜੇ 'ਤੇ ਲਾਏ ਜਾ ਰਹੇ ਜੀ. ਐੱਸ. ਟੀ. ਦੇ ਵਿਰੋਧ ਵਿਚ 15 ਜੂਨ ਨੂੰ ਪੂਰੇ ਭਾਰਤ ਦੇ ਕੱਪੜਾ ਵਪਾਰੀਆਂ ਵੱਲੋਂ ਵਪਾਰ ਬੰਦ ਰੱਖਣ ਨੂੰ ਸਹਿਮਤੀ ਦਿੰਦੇ ਹੋਏ ਲੁਧਿਆਣਾ ਸਮੇਤ ਪੂਰੇ ਪੰਜਾਬ ਵਿਚ ਸਾਰੇ ਕੱਪੜਿਆਂ ਦੇ ਰਿਟੇਲ ਸ਼ੋਅਰੂਮ ਅਤੇ ਹੋਲਸੇਲ ਮਾਰਕੀਟਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਜੀ. ਐੱਸ. ਟੀ. ਵਿਚ ਕੇਵਲ 16 ਦਿਨ ਬਾਕੀ ਰਹਿ ਗਏ ਹਨ ਪਰ ਜਨਤਾ ਨੂੰ ਅਜੇ ਤੱਕ ਜੀ. ਐੱਸ. ਟੀ. ਬਾਰੇ ਕੁਝ ਖਾਸ ਜਾਣਕਾਰੀ ਨਹੀਂ ਹੈ। ਸਿਰ 'ਤੇ ਲਟਕਦੀ ਤਲਵਾਰ ਨੂੰ ਭਾਂਪਦੇ ਹੋਏ ਜੇਕਰ ਕਾਰੋਬਾਰੀ ਤੇ ਉਦਯੋਗਪਤੀ ਜੀ. ਐੱਸ. ਟੀ. ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਤਾਂ ਇਸ ਦੀਆਂ ਪੇਚਦਗੀਆਂ ਤੇ ਬਾਰੀਕੀਆਂ ਉਨ੍ਹਾਂ ਨੂੰ ਦੁਬਿਧਾ ਵਿਚ ਪਾ ਰਹੀਆਂ ਹਨ। ਮਾਹਿਰਾਂ ਦੀ ਮੰਨੀਏ ਤਾਂ ਜੀ. ਐੱਸ. ਟੀ. ਡਰਾਫਟ ਵਿਚ ਜੌਬ ਵਰਕ ਤੋਂ ਲੈ ਕੇ ਕਾਰੋਬਾਰੀ ਤੱਕ ਹਰ ਕਿਸੇ ਨੂੰ ਮਹੀਨਾਵਾਰ ਤਿੰਨ ਰਿਟਰਨਾਂ ਭਰਨ ਦਾ ਪ੍ਰਸਤਾਵ ਹੈ, ਜਦ ਕਿ ਨਾ ਤਾਂ ਇਸ ਬਾਰੇ ਸਰਕਾਰੀ ਤੰਤਰ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਨਾ ਹੀ ਅਸੰਗਠਿਤ ਖੇਤਰ ਵਿਚ ਜੀਵਨ ਬਤੀਤ ਕਰ ਰਹੇ ਆਮ ਲੋਕਾਂ ਨੂੰ ਇਸ ਨੂੰ ਭਰਨ ਦੀ ਲੋੜੀਂਦੀ ਜਾਣਕਾਰੀ ਹੈ। ਉੱਪਰੋਂ ਜੀ. ਐੱਸ. ਟੀ. ਵਿਚ ਸਜ਼ਾ ਤੇ ਜੁਰਮਾਨੇ ਵਰਗੇ ਪ੍ਰਬੰਧ ਦਿਨ-ਬ-ਦਿਨ ਲੋਕਾਂ ਦੇ ਦਿਲਾਂ ਵਿਚ ਜੀ. ਐੱਸ. ਟੀ. ਪ੍ਰਤੀ ਖੌਫ਼ ਵਧਾ ਰਹੇ ਹਨ। ਨਤੀਜੇ ਵਜੋਂ ਹਰ ਸੈਕਟਰ ਦੇ ਲੋਕ ਖੁਦ ਨੂੰ ਜੀ. ਐੱਸ. ਟੀ. ਦੇ ਅਨੁਕੂਲ ਨਾ ਸਮਝਦੇ ਹੋਏ ਇਸ ਦੀ ਵਿਰੋਧਤਾ ਲਈ ਆਵਾਜ਼ ਬੁਲੰਦ ਕਰਦੇ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਕਈ ਕੱਪੜਾ ਕਾਰੋਬਾਰੀਆਂ ਨੇ ਆਪਣੀਆਂ ਦੁਕਾਨਾਂ ਅੱਗੇ ਨੋ-ਜੀ. ਐੱਸ. ਟੀ. ਦੇ ਬੈਨਰ ਲਾ ਕੇ 15 ਜੂਨ ਨੂੰ ਬੰਦ ਦਾ ਸੱਦਾ ਵੀ ਦਿੱਤਾ। ਹੋਲਸੇਲ ਕਲਾਥ ਮਰਚੈਂਟ ਐਸੋਸੀਏਸ਼ਨ ਡਾ. ਗੁੱਜਰਮੱਲ ਰੋਡ ਦੇ ਪ੍ਰਧਾਨ ਅਮਿਤ ਤਨੇਜਾ ਦੀ ਪ੍ਰਧਾਨਗੀ ਵਿਚ ਬੈਠਕ ਕੀਤੀ ਗਈ, ਜਿਸ ਵਿਚ ਐੱਸ. ਸੀ. ਮਾਰਕੀਟ ਐਸੋਸੀਏਸ਼ਨ ਕਰੀਮਪੁਰਾ ਬਾਜ਼ਾਰ ਐਸੋਸੀਏਸ਼ਨ, ਜੇਲ ਰੋਡ ਐਸੋਸੀਏਸ਼ਨ, ਚੌੜਾ ਬਾਜ਼ਾਰ ਐਸੋਸੀਏਸ਼ਨ ਸਮੇਤ ਕਈ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨੇ ਜੀ. ਐੱਸ. ਟੀ. ਦੇ ਵਿਰੋਧ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ। ਵਪਾਰੀਆਂ ਨੇ ਕਿਹਾ ਕਿ ਅੱਜ ਤੱਕ ਕੱਪੜੇ 'ਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲੱਗਾ ਪਰ ਜਦੋਂ ਤੋਂ ਕੇਂਦਰ ਵਿਚ ਮੋਦੀ ਸਰਕਾਰ ਸੱਤਾ 'ਚ ਆਈ ਹੈ, ਉਦੋਂ ਤੋਂ ਮਨਮਾਨੀਆਂ ਕਰ ਕੇ ਵਪਾਰਕ ਵਰਗ ਨੂੰ ਤੰਗ ਕਰਨ ਸਬੰਧੀ ਯੋਜਨਾਵਾਂ ਤਿਆਰ ਕਰਨ ਵਿਚ ਲੱਗੀ ਹੋਈ ਹੈ। ਇਸ ਦੇ ਨਤੀਜੇ ਵਜੋਂ ਕੱਪੜਾ ਵਪਾਰੀ ਕਿਤਾਬ ਬਾਜ਼ਾਰ ਵਿਚ ਇਕੱਠੇ ਹੋ ਕੇ ਕੇਂਦਰ ਸਰਕਾਰ ਵਿਰੁੱਧ ਰੋਸ ਮਾਰਚ ਕੱਢ ਕੇ ਚੌਕ ਘੰਟਾਘਰ ਵਿਚ ਨਰਿੰਦਰ ਮੋਦੀ ਤੇ ਅਰੁਣ ਜੇਤਲੀ ਦੇ ਪੁਤਲਿਆਂ ਨੂੰ ਅਗਨ ਭੇਟ ਕਰਨਗੇ।
'ਕਿਸੇ ਵੀ ਕੀਮਤ 'ਤੇ ਕੱਪੜੇ 'ਤੇ ਜੀ. ਐੱਸ. ਟੀ. ਨਹੀਂ ਲੱਗਣ ਦੇਣਗੇ'
ਇਸੇ ਤਰ੍ਹਾਂ ਸਮੂਹ ਕੱਪੜਾ ਰਿਟੇਲ ਤੇ ਹੋਲਸੇਲ ਸ਼ੋਅਰੂਮਾਂ ਦੇ ਮਾਲਕਾਂ ਦੀ ਏ. ਸੀ. ਮਾਰਕੀਟ ਭਦੌੜ ਹਾਉੂਸ ਵਿਚ ਨੀਲੀਬਾਰ ਤੋਂ ਕੰਵਲਦੀਪ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਦੌਰਾਨ ਐਲਾਨ ਕੀਤਾ ਗਿਆ ਕਿ ਉਹ ਕਿਸੇ ਵੀ ਕੀਮਤ 'ਤੇ ਕੱਪੜੇ 'ਤੇ ਜੀ. ਐੱਸ. ਟੀ. ਨਹੀਂ ਲੱਗਣ ਦੇਣਗੇ। ਉਨ੍ਹਾਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿਚ ਛੋਟੇ ਵਪਾਰੀਆਂ, ਕਾਰੀਗਰਾਂ ਅਤੇ ਦੁਕਾਨਦਾਰਾਂ ਕੋਲ ਕੋਈ ਮੁਢਲੀਆਂ ਸਹੂਲਤਾਂ ਨਹੀਂ ਹਨ ਅਤੇ ਨਾ ਹੀ ਜੀ. ਐੱਸ. ਟੀ. ਬਾਰੇ ਜਾਣਕਾਰੀ ਹੈ, ਉਨ੍ਹਾਂ 'ਤੇ ਜੀ. ਐੱਸ. ਟੀ. ਲਾਉਣਾ ਵਿਵਹਾਰਿਕ ਤੌਰ 'ਤੇ ਸੰਭਵ ਨਹੀਂ। ਇਸ ਮੌਕੇ ਰੂਪ ਸਕੇਅਰ ਦੇ ਓਮ ਪ੍ਰਕਾਸ਼, ਸੰਜੇ ਅਰੋੜਾ, ਕਲਾ ਮੰਦਰ ਦੇ ਐੱਸ. ਪੀ. ਸਿੰਘ ਸਮੇਤ ਘੁਮਾਰਮੰਡੀ ਅਤੇ ਚੌੜਾ ਬਾਜ਼ਾਰ, ਮਾਲ ਰੋਡ ਅਤੇ ਮਾਡਲ ਟਾਊਨ ਆਦਿ ਦੇ ਕੱਪੜਾ ਵਪਾਰੀ ਮੌਜੂਦ ਸਨ।
'1.5 ਕਰੋੜ ਕਾਰੋਬਾਰੀ ਹੋ ਜਾਣਗੇ ਬਰਬਾਦ'
ਟੈਕਸਟਾਈਲ ਕਾਰੋਬਾਰੀ ਅੱਜ ਨਵੀਂ ਟੈਕਸ ਪ੍ਰਣਾਲੀ ਵਿਰੁੱਧ ਸੰਘਰਸ਼ ਅਤੇ ਆਪਣੇ ਉਦਯੋਗ ਅਤੇ ਦੁਕਾਨਾਂ ਬੰਦ ਰੱਖਣਗੇ। ਇਹ ਐਲਾਨ ਕਿਰਪਾਲ ਨਗਰ ਹੋਲਸੇਲ ਕਲਾਥ ਮਾਰਕੀਟ ਐਸੋਸੀਏਸ਼ਨ ਨੇ ਇਕ ਬੈਠਕ ਦੌਰਾਨ ਕੀਤਾ, ਇਸ ਦੌਰਾਨ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਪਾਲ ਸੈਣੀ ਨੇ ਕਿਹਾ ਕਿ ਇਹ ਸੰਘਰਸ਼ ਤਦ ਤਕ ਜਾਰੀ ਰਹੇਗਾ, ਜਦ ਤਕ ਸਰਕਾਰਾਂ ਦੇ ਦਿਲਾਂ ਤੋਂ ਪੱਖਪਾਤ ਦੀ ਰਾਜਨੀਤੀ ਖਤਮ ਨਹੀਂ ਹੋ ਜਾਂਦੀ। ਉਨ੍ਹਾਂ ਨੇ ਕਿਹਾ ਕਿ ਧਾਗੇ 'ਤੇ 18 ਫੀਸਦੀ ਟੈਕਸ ਅਤੇ ਉਸ ਤੋਂ ਤਿਆਰ ਮਾਲ 'ਤੇ 5 ਫੀਸਦੀ ਟੈਕਸ ਦਾ ਅੰਤਰ ਖਤਮ ਕਰਨਾ ਹੋਵੇਗਾ, ਨਹੀਂ ਤਾਂ ਦੇਸ਼ ਦਾ 1.5 ਕਰੋੜ ਦੇ ਲਗਭਗ ਟੈਕਸਟਾਈਲ ਨਾਲ ਜੁੜਿਆ ਕਾਰੋਬਾਰੀ ਬਰਬਾਦ ਹੋ ਜਾਣਗੇ। ਇਸ ਮੌਕੇ ਕ੍ਰਿਸ਼ਨ ਆਹੂਜਾ, ਅਜੇ ਡੋਗਰਾ, ਅਜੇ ਗੁਪਤਾ, ਵਿਸ਼ਾਲ ਗਰਗ, ਰਵਿੰਦਰ ਆਦਿ ਹਾਜ਼ਰ ਸਨ।
