31 ਮਈ ਤੱਕ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਸ਼ਹਿਰ ਵਾਸੀ

Monday, May 27, 2024 - 12:50 PM (IST)

ਚੰਡੀਗੜ੍ਹ (ਰਾਏ) : ਨਗਰ ਨਿਗਮ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ 31 ਮਈ ਨੂੰ ਖ਼ਤਮ ਹੋਣ ਵਾਲੀ ਛੋਟ ਮਿਆਦ ਦੇ ਅੰਦਰ ਆਪਣਾ ਪ੍ਰਾਪਰਟੀ ਟੈਕਸ ਅਦਾ ਕਰਨ, ਜਿਸ ਤੋਂ ਬਾਅਦ ਟੈਕਸ ਬਿੱਲ ਜਾਰੀ ਹੋਣ ਦੀ ਮਿਤੀ ਤੋਂ ਅਸਲ ਭੁਗਤਾਨ ਦੀ ਮਿਤੀ ਤੱਕ ਬਕਾਇਆ ਟੈਕਸ ’ਤੇ 25 ਫ਼ੀਸਦੀ ਜੁਰਮਾਨਾ ਅਤੇ 12 ਫ਼ੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਲਗਾਇਆ ਜਾਵੇਗਾ।

ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਸ਼ਹਿਰ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਹਾਲਾਂਕਿ ਪ੍ਰਾਪਰਟੀ ਟੈਕਸ ਦੇ ਨਾਲ ਕੂੜਾ ਸੈੱਸ ਦਾ ਭੁਗਤਾਨ ਵਿਕਲਪਿਕ ਹੈ, ਜੇਕਰ ਨਾਗਰਿਕ 31 ਮਈ ਤੱਕ ਦੋਵੇਂ ਭੁਗਤਾਨ ਕਰ ਦਿੰਦੇ ਹਨ ਤਾਂ ਉਹ ਕਾਨੂੰਨੀ ਛੋਟ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ 31 ਮਈ ਤੋਂ ਬਾਅਦ ਛੋਟ ਲਾਗੂ ਨਹੀਂ ਹੋਵੇਗੀ ਅਤੇ ਸਾਲਾਨਾ ਪ੍ਰਾਪਰਟੀ ਟੈਕਸ 'ਤੇ 25 ਫ਼ੀਸਦੀ ਜੁਰਮਾਨਾ ਲਗਾਇਆ ਜਾਵੇਗਾ ਅਤੇ ਪੂਰੇ ਲੰਬਤ ਬਕਾਏ 'ਤੇ 12 ਫ਼ੀਸਦੀ ਵਿਆਜ ਲਗਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਐੱਮ. ਸੀ. ਸੀ ਨੇ ਡਾਕਘਰ ਅਤੇ ਵਿਸ਼ੇਸ਼ ਮੈਨੇਂਜਰ ਰਾਹੀਂ ਰਿਹਾਇਸ਼ੀ ਜਾਇਦਾਦਾਂ ਅਤੇ ਗੈਰ-ਰਿਹਾਇਸ਼ੀ ਜਾਇਦਾਦਾਂ ਲਈ ਕੁੱਲ 108372 ਪ੍ਰਾਪਰਟੀ ਟੈਕਸ ਦੇ ਬਿੱਲ ਵੰਡੇ ਹਨ। ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜੇਕਰ ਸਾਰੀ ਰਕਮ 31 ਮਈ ਤੱਕ ਅਦਾ ਕਰ ਦਿੱਤੀ ਜਾਂਦੀ ਹੈ ਤਾਂ ਰਿਹਾਇਸ਼ੀ ਜਾਇਦਾਦਾਂ ਲਈ ਸਾਲਾਨਾ ਪ੍ਰਾਪਰਟੀ ਟੈਕਸ 'ਤੇ 20 ਫ਼ੀਸਦੀ ਅਤੇ ਬਾਕੀ ਜਾਇਦਾਦਾਂ ਲਈ 10 ਫ਼ੀਸਦੀ ਦੀ ਕਾਨੂੰਨੀ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ।

ਕੂੜਾ ਉਪਕਰ ਦੇ ਸਬੰਧ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪੂਰੇ ਸਾਲ ਲਈ ਅਗਾਊਂ ਭੁਗਤਾਨ ਕੀਤਾ ਜਾਂਦਾ ਹੈ ਤਾਂ 12 ਮਹੀਨਿਆਂ ਦੀ ਬਜਾਏ ਸਿਰਫ਼ 10 ਮਹੀਨਿਆਂ ਦੀ ਉਪਭੋਗਤਾ ਫ਼ੀਸ ਵਸੂਲੀ ਜਾਂਦੀ ਹੈ। ਇਸੇ ਤਰ੍ਹਾਂ, 6 ਮਹੀਨੇ ਪਹਿਲਾਂ ਭੁਗਤਾਨ ਕਰਨ 'ਤੇ, 5.5 ਮਹੀਨਿਆਂ ਦੀ ਉਪਭੋਗਤਾ ਫ਼ੀਸ ਲਈ ਜਾਂਦੀ ਹੈ।


Babita

Content Editor

Related News