ਪ੍ਰੋ. ਸਰਚਾਂਦ ਸਿੰਘ ਵੱਲੋਂ ਪੰਜਾਬ ਸਰਕਾਰ ਨੂੰ ਆਬਕਾਰੀ ਨੀਤੀ ਦੀ ਸੀਬੀਆਈ ਜਾਂਚ ਕਰਵਾਉਣ ਦੀ ਚੁਣੌਤੀ

Friday, Mar 03, 2023 - 08:14 PM (IST)

ਪ੍ਰੋ. ਸਰਚਾਂਦ ਸਿੰਘ ਵੱਲੋਂ ਪੰਜਾਬ ਸਰਕਾਰ ਨੂੰ ਆਬਕਾਰੀ ਨੀਤੀ ਦੀ ਸੀਬੀਆਈ ਜਾਂਚ ਕਰਵਾਉਣ ਦੀ ਚੁਣੌਤੀ

ਅੰਮ੍ਰਿਤਸਰ : ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਦੀ 'ਆਪ' ਸਰਕਾਰ ਨੂੰ ਆਪਣੀ ਆਬਕਾਰੀ ਨੀਤੀ ਦੀ ਸੀਬੀਆਈ ਜਾਂਚ ਕਰਵਾਉਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਸ਼ਰਾਬ ਘੋਟਾਲੇ ’ਚ ਮਨੀਸ਼ ਸਿਸੋਦੀਆ ਦੇ ਅਸਤੀਫੇ ਤੋਂ ਬਾਅਦ ਦਿੱਲੀ ਸਰਕਾਰ ਦੇ ਮੁਖੀ ਵਜੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੱਤਾ 'ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ, ਲਿਹਾਜ਼ਾ ਉਨ੍ਹਾਂ ਨੂੰ ਆਪਣੇ ਸਾਰੇ ਅਹੁਦਿਆਂ ਤੋਂ ਆਪ ਹੀ ਫਾਰਗ ਹੋ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਸ਼ਰਾਬ ਪੀਣ ਸਮੇਂ ਹੋਏ ਝਗੜੇ ਦੌਰਾਨ ਸਿਰ 'ਚ ਇੱਟਾਂ ਮਾਰ ਕੇ ਨੌਜਵਾਨ ਦਾ ਕਤਲ

ਪ੍ਰੋ. ਸਰਚਾਂਦ ਸਿੰਘ ਅੱਜ ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਖ਼ਿਲਾਫ਼ ਭਾਜਪਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਵਾਲੇ ਵਫ਼ਦ 'ਚ ਸ਼ਾਮਲ ਹੋਣ ਆਏ ਸਨ, ਜਿਨ੍ਹਾਂ ਸੀਬੀਆਈ ਨੂੰ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਇਸ ਸਭ ਕਾਸੇ ਲਈ ਜ਼ਿੰਮੇਵਾਰ ਹਨ, ਇਸ ਲਈ ਉਨ੍ਹਾਂ ਨੂੰ ਆਬਕਾਰੀ ਨੀਤੀ ’ਚ ਕਥਿਤ 'ਘਪਲੇ' ਦੇ 'ਮਾਸਟਰਮਾਈਂਡ' ਅਤੇ ਮੁੱਖ ਸਰਗਣਾ ਵਜੋਂ ਹੱਥ ਪਾ ਲੈਣਾ ਚਾਹੀਦਾ ਹੈ।
 ਉਨ੍ਹਾਂ ਕਿਹਾ ਕਿ ਸਿਸੋਦੀਆ ਦੀ ਠੋਸ ਸਬੂਤਾਂ ਤਹਿਤ ਗ੍ਰਿਫ਼ਤਾਰੀ ਤੋਂ ਬਾਅਦ ਸ਼ਰਾਬ ਘੋਟਾਲੇ ਬਾਰੇ ਜਿਵੇਂ ਖੁਲਾਸੇ ਹੋ ਕੇ ਪਰਤਾਂ ਖੁੱਲ੍ਹ ਰਹੀਆਂ ਹਨ, ਪੰਜਾਬ ਦੀ ਆਬਕਾਰੀ ਨੀਤੀ ਵੀ ਦਿੱਲੀ ਦੀ ਤਰਜ਼ ’ਤੇ ਹੋਣ ਨਾਲ ਸੀਬੀਆਈ ਅਤੇ ਈਡੀ ਨੂੰ ਇੱਥੋਂ ਦੀ ਸਥਿਤੀ ’ਤੇ ਤੁਰੰਤ ਫੋਕਸ ਕਰਨ ਦੀ ਲੋੜ ਹੈ ਕਿਉਂਕਿ ਪੰਜਾਬ ਵਿੱਚ ਤਾਂ ਇਹ ਘੋਟਾਲਾ ਦਿੱਲੀ ਤੋਂ ਕਿਤੇ ਵੱਡਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਲੁਟੇਰਿਆਂ ਨੇ ਲੁੱਟਣ ਦੀ ਕੀਤੀ ਕੋਸ਼ਿਸ਼ ਤਾਂ ਸਕੂਟਰੀ ਦੇ ਡਿੱਗਣ 'ਤੇ ਲੜਕੀ ਤੇ ਬੱਚੇ ਦੀ ਹੋਈ ਮੌਤ

ਉਨ੍ਹਾਂ ਕਿਹਾ ਕਿ ਦਿੱਲੀ 'ਚ ਬੇਹੱਦ ਗੁਪਤ ਤਰੀਕੇ ਨਾਲ ਸਿਸੋਦੀਆ ਵੱਲੋਂ ਰਚੀ ਗਈ ਘਪਲੇ ਦੀ ਸਾਜ਼ਿਸ਼ੀ ਸ਼ਰਾਬ ਨੀਤੀ ਨਾਲ ਤਾਂ ਥੋਕ ਵਪਾਰੀਆਂ ਨੂੰ 12 ਫ਼ੀਸਦੀ ਦਾ ਭਾਰੀ ਮੁਨਾਫਾ ਹੋਇਆ, ਜਿਸ ਵਿੱਚੋਂ ਅੱਧਾ ਕਮਿਸ਼ਨ ਨਕਦੀ ਰੂਪ ਵਿੱਚ 'ਆਪ' ਦੇ ਖਾਤੇ ਪੈਣ ਦੀ ਗੱਲ ਸਾਹਮਣੇ ਆਈ ਹੈ ਪਰ ਪੰਜਾਬ ’ਚ ਤਾਂ ਇਸ ਤਰ੍ਹਾਂ ਦੀ 12 ਫ਼ੀਸਦੀ ਕਮਿਸ਼ਨ 'ਚੋਂ 10 ਫ਼ੀਸਦੀ 'ਆਪ' ਦੇ ਖਾਤੇ ਪੈਣ ਦੇ ਖੂਬ ਚਰਚੇ ਹਨ, ਜਿਸ ਬਾਰੇ ਸੰਜੀਦਗੀ ਨਾਲ ਪੜਤਾਲ ਕਰਕੇ ਸੱਚ ਦਾ ਪਤਾ ਲਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਮੰਤਰੀ 'ਨਿਰਦੋਸ਼' ਨਹੀਂ ਹਨ, ਜਿਸ ਕਾਰਨ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ, ਫਿਰ ਵੀ ਕੇਜਰੀਵਾਲ ਵੱਲੋਂ ਆਪਣੇ ਚਹੇਤਿਆਂ ਪ੍ਰਤੀ 'ਨਿਰਦੋਸ਼' ਹੋਣ ਦਾ ਗੁੰਮਰਾਹਕੁਨ ਪ੍ਰਚਾਰ ਕਰਦਿਆਂ ਅਦਾਲਤ ਅਤੇ ਸੰਵਿਧਾਨ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ 'ਤੇ ਵੱਡੀ ਕਾਰਵਾਈ, ਸੂਬੇ ਭਰ 'ਚ 110 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ

ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕੇਜਰੀਵਾਲ ਬੇਸ਼ੱਕ ਸਿਸੋਦੀਆ ਦੀ ਗ੍ਰਿਫ਼ਤਾਰੀ ਨੂੰ 'ਸਿਆਸੀ ਦਬਾਅ' ਕਹਿ ਰਹੇ ਹੋਣ ਜਾਂ ਦਿੱਲੀ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਲਿਆਉਣ ਦੇ ਫੋਕੇ ਦਾਅਵਿਆਂ ਅਤੇ ਜਜ਼ਬਾਤੀ ਜੁੰਮਲਿਆਂ ਨਾਲ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹੋਣ ਪਰ ਉਨ੍ਹਾਂ ਦਾ ਪੀੜਤ ਕਾਰਡ ਹੁਣ ਨਹੀਂ ਚੱਲੇਗਾ ਕਿਉਂਕਿ ਲੋਕ ਹੁਣ ਸਭ ਕੁਝ ਸਮਝ ਰਹੇ ਹਨ। ਉਨ੍ਹਾਂ ਪੰਜਾਬ ਦੀ ਆਬਕਾਰੀ ਨੀਤੀ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੀ ਨੀਤੀ ਵੀ ਸਿਸੋਦੀਆ ਅਤੇ ਉਨ੍ਹਾਂ ਦੀ ਟੀਮ ਵੱਲੋਂ ਤਿਆਰ ਕੀਤੀ ਗਈ ਹੈ, ਇਸ ਲਈ ਦਿੱਲੀ ਦੇ ਘਪਲੇ ਦੇ ਨਸ਼ਰ ਹੋਣ ਨਾਲ ਹੁਣ ਪੰਜਾਬ ਦੀ ਨੀਤੀ ’ਤੇ ਵੀ ਸੀਬੀਆਈ ਜਾਂਚ ਕਰਵਾਈ ਜਾਵੇ।

ਇਹ ਵੀ ਪੜ੍ਹੋ : 1000 ਫੁੱਟ ਤੋਂ ਡਿੱਗਾ Lufthansa ਦਾ ਜਹਾਜ਼, ਜਾਣੋ ਫਿਰ ਯਾਤਰੀਆਂ ਨਾਲ ਕੀ ਵਾਪਰਿਆ

ਉਨ੍ਹਾਂ ਪੰਜਾਬ ਦੀ 'ਆਪ' ਸਰਕਾਰ ਵੱਲੋਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਕੇਜਰੀਵਾਲ ਨੂੰ ਉਭਾਰਨ ਅਤੇ 'ਆਪ' ਦੀ ਚੋਣ ਮੁਹਿੰਮ ’ਤੇ ਖਰਚੇ ਗਏ ਫ਼ੰਡਾਂ ਪ੍ਰਤੀ ਜਾਂਚ ਕਰਨ ਅਤੇ ਉਸ ਸਮੇਂ 'ਆਪ' ਨੂੰ ਸਪਾਂਸਰ ਕਰਨ ਵਾਲੇ ਸ਼ਰਾਬ ਕਾਰੋਬਾਰੀਆਂ ਨੂੰ ਲਾਭ ਪਹੁੰਚਾਉਣ ਪ੍ਰਤੀ ਵੀ ਜਾਂਚ ਦਾ ਘੇਰਾ ਵਧਾਉਣ ਦੀ ਮੰਗ ਕੀਤੀ। ਇਸ ਮੌਕੇ ਹੁਸੈਨਪੁਰਾ ਮੰਡਲ ਦੇ ਪ੍ਰਧਾਨ ਵਰਿੰਦਰ ਸਿੰਘ ਸਵੀਟੀ, ਅਨੁਜ ਸਿੱਕਾ, ਜਗਮੋਹਨ ਸਿੰਘ ਦੂਆ ਲਾਇਨ ਕਲੱਬ, ਸਲਿਲ ਕਪੂਰ, ਬਲਦੇਵ ਰਾਜ ਬੱਗਾ, ਮੋਹਿਤ ਮਹਾਜਨ, ਰਿੰਕੂ ਖੰਡਵਾਲਾ ਅਤੇ ਰਮਨ ਰਾਠੌਰ ਵੀ ਮੌਜੂਦ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News