ਸਕੱਤਰ ਐਜੂਕੇਸ਼ਨ ਦੀ ਸਖ਼ਤੀ : ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਕਰਵਾਉਣੀ ਹੋਵੇਗੀ ਕੋਵਿਡ-19 ਜਾਂਚ
Wednesday, Feb 24, 2021 - 01:28 PM (IST)
ਲੁਧਿਆਣਾ (ਵਿੱਕੀ) : ਸੂਬੇ ਭਰ ਦੇ ਸਕੂਲਾਂ ’ਚ ਲਗਾਤਾਰ ਵਧ ਰਹੇ ਕੋਵਿਡ-19 ਦੇ ਕੇਸਾਂ ਸਬੰਧੀ ਸਿੱਖਿਆ ਮਹਿਕਮਾ ਹਰਕਤ ’ਚ ਦਿਖਾਈ ਦੇ ਰਿਹਾ ਹੈ। ਸਕੱਤਰ ਐਜੂਕੇਸ਼ਨ ਵੱਲੋਂ ਇਸ ਸਬੰਧੀ ਸਾਰੇ ਸਕੂਲਾਂ ਨੂੰ ਦਿਸ਼ਾ- ਨਿਰਦੇਸ਼ ਜਾਰੀ ਕਰਦੇ ਹੋਏ ਕੋਵਿਡ-19 ਸਬੰਧੀ ਸਾਰੀਆਂ ਗਾਈਡਲਾਈਨਜ਼ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਕੂਲਾਂ ’ਚ ਮਾਸਕ ਰੱਖੇ ਜਾਣ ਤਾਂ ਕਿ ਜੇਕਰ ਕੋਈ ਵਿਦਿਆਰਥੀ ਮਾਤਾ-ਪਿਤਾ ਜਾਂ ਕੋਈ ਹੋਰ ਵਿਜ਼ੀਟਰ ਸਕੂਲ ਵਿਚ ਬਿਨਾਂ ਮਾਸਕ ਦੇ ਆਉਂਦਾ ਹੈ ਤਾਂ ਉਸ ਨੂੰ ਮਾਸਕ ਮੁਹੱਈਆ ਕਰਵਾਇਆ ਜਾ ਸਕੇ। ਨਾਲ ਹੀ ਉਨ੍ਹਾਂ ਨੇ ਨਿੱਜੀ ਸਕੂਲਾਂ ਦੇ ਸਟਾਫ ਨੂੰ ਵੀ ਕੋਵਿਡ-19 ਟੈਸਟ ਕਰਵਾਉਣ ਦੇ ਹੁਕਮ ਦਿੱਤੇ ਹਨ। ਹੁਣ ਸਕੂਲਾਂ ਤੋਂ ਰੋਜ਼ਾਨਾ ਆ ਰਹੇ ਕੋਵਿਡ-19 ਦੇ ਪਾਜ਼ੇਟਿਵ ਕੇਸਾਂ ਨੂੰ ਦੇਖਦੇ ਹੋਏ ਮਹਿਕਮੇ ਵੱਲੋਂ ਸਕੂਲਾਂ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਅਤੇ ਨਿੱਜੀ ਸਕੂਲਾਂ ਦੀ ਜਾਂਚ ਕਰਨ ਲਈ ਮੁੜ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਲੁਧਿਆਣਾ ਦੇ ਪ੍ਰਮੁੱਖ ਨਿੱਜੀ ਸਕੂਲਾਂ ’ਚ ਕੋਰੋਨਾ ਨੇ ਦਿੱਤੀ ਦਸਤਕ, 1 ਟੀਚਰ ਸਮੇਤ 2 ਵਿਦਿਆਰਥੀ ਪਾਜ਼ੇਟਿਵ
ਕੀ ਹਨ ਇਹ ਗਾਇਡਲਾਈਨਜ਼
-ਕੋਵਿਡ19 ਦੀ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਵਿਭਾਗ ਵੱਲੋਂ ਜਾਰੀ ਐੱਸ. ਓ. ਪੀ. ਗਾਈਲਡਲਾਈਨਜ਼ ਦੀ ਪਾਲਣਾ ਸਕੂਲ ’ਚ ਯਕੀਨੀ ਬਣਾਈ ਜਾਵੇ।
-ਹਰ ਇਕ ਸਕੂਲ ’ਚ ਗਾਈਡਲਾਈਨਜ਼ ਦੀ ਪਾਲਣਾ ਯਕੀਨੀ ਬਣਾਉਣ ਲਈ ਇਕ ਅਧਿਆਪਕ ਨੂੰ ਬਤੌਰ ਨੋਡਲ ਅਧਿਕਾਰੀ ਨਿਯੁਕਤ ਕੀਤਾ ਜਾਵੇ ਅਤੇ ਹਰ ਕਲਾਸ ’ਚ 1 ਵਿਦਿਆਰਥੀ ਨੂੰ ਇਸ ਮਕਸਦ ਲਈ ਮਾਨੀਟਰ ਬਣਾਇਆ ਜਾਵੇ।
-ਸਕੂਲ ਮੁਖੀ ਅਤੇ ਸਾਰੇ ਅਧਿਆਪਕ ਖੁਦ ਵੀ ਮਾਸਕ ਦੀ ਵਰਤੋਂ ਸਹੀ ਢੰਗ ਨਾਲ ਕਰਨ ਅਤੇ ਵਿਦਿਆਰਥੀਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਨ।
-ਸਕੂਲਾਂ ’ਚ ਮਾਸਕ ਰੱਖੇ ਜਾਣ ਤੇ ਲੋੜ ਪੈਣ ’ਤੇ ਵਿਦਿਆਰਥੀਆਂ ਨੂੰ ਮਾਸਕ ਮੁਹੱਈਆ ਕਰਵਾਏ ਜਾਣ।
-ਸਕੂਲਾਂ ’ਚ ਕੰਮ ਕਰ ਰਹੇ ਅਧਿਆਪਕਾਂ ਦੀ ਕੋਵਿਡ ਟੈਸਟਿੰਗ ਜੇਕਰ ਪਹਿਲਾਂ ਨਹੀਂ ਹੋਈ ਤਾਂ ਕਰਵਾਈ ਜਾਵੇ।
-ਇਸ ਦਿਸ਼ਾ-ਨਿਰਦੇਸ਼ ਸਾਰੇ ਸਰਕਾਰੀ ਪ੍ਰਾਈਵੇਟ ਸਕੂਲਾਂ ਦੇ ਨਾਲ ਹੀ ਡਾਇਟ ’ਤੇ ਵੀ ਲਾਗੂ ਹੋਣਗੇ।
-ਸਾਰੇ ਜ਼ਿਲਾ ਸਿੱਖਿਆ ਅਧਿਕਾਰੀ (ਸੈਕੰਡਰੀ, ਐਲੀਮੈਂਟਰੀ ਸਿੱਖਿਆ) ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਨਿਰੀਖਣ ਕਰਨਗੇ ਅਤੇ ਯਕੀਨੀ ਬਣਾਉਣਗੇ ਕਿ ਸਕੂਲਾਂ ’ਚ ਵਿਭਾਗ ਵੱਲੋਂ ਜਾਰੀ ਐੱਸ. ਓ. ਪੀ. ਦੀਆਂ ਗਾਈਡਲਾਈਨਜ਼ ਦੀ ਪਾਲਣਾ ਕੀਤੀ ਜਾਵੇ ਅਤੇ ਨਾਲ ਹੀ ਇਨ੍ਹਾਂ ਪ੍ਰਾਈਵੇਟ ਸਕੂਲ ਮੈਨੇਜਮੈਂਟ ਨੂੰ ਲਿਖਿਆ ਜਾਵੇ ਕਿ ਉਹ ਆਪਣੇ ਸਕੂਲ ’ਚ ਕੰਮ ਕਰ ਰਹੇ ਅਧਿਆਪਕਾਂ ਅਤੇ ਮੁਲਾਜ਼ਮਾਂ ਦੀ ਕੋਵਿਡ-19 ਟੈਸਟਿੰਗ ਕਰਵਾਉਣਾ ਯਕੀਨੀ ਬਣਾਉਣ।
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਕਰੇਗੀ ਬਾਘਾ ਪੁਰਾਣਾ ’ਚ ਕਿਸਾਨਾਂ ਦੇ ਸਮਰਥਨ ’ਚ ਕਿਸਾਨ ਮਹਾਸਭਾ
ਨਿੱਜੀ ਸਕੂਲਾਂ ਦੀ ਨਹੀਂ ਹੁੰਦੀ ਚੈਕਿੰਗ : ਮਾਪੇ
ਜਦੋਂ ਇਸ ਸਬੰਧੀ ਨਿੱਜੀ ਸਕੂਲਾਂ ਵਿਚ ਪੜ੍ਹੇ ਰਹੇ ਵੱਖ-ਵੱਖ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਕੁੱਝ ਦਿਨ ਤਾਂ ਕਈ ਨਿੱਜੀ ਸਕੂਲਾਂ ਵਿਚ ਕੋਵਿਡ-19 ਸਬੰਧੀ ਸਖਤੀ ਕੀਤੀ ਗਈ ਪਰ ਹੁਣ ਉਹ ਇਸ ’ਚ ਢਿੱਲ ਵਰਤ ਰਹੇ ਹਨ। ਕਈ ਸਕੂਲਾਂ ਵਿਚ ਤਾਂ ਵਿਦਿਆਰਥੀ ਮਾਸਕ ਪਹਿਨ ਕੇ ਹੀ ਨਹੀਂ ਜਾਂਦੇ। ਅਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿਚ ਹੁਣ ਪਹਿਲਾਂ ਵਾਂਗ ਸੈਨੇਟਾਈਜ਼ੇਸ਼ਨ ਨਹੀਂ ਹੁੰਦੀ ਅਤੇ ਨਾ ਹੀ ਵਿਦਿਆਰਥੀਆਂ ਦੇ ਹੈਂਡ ਸੈਨੇਟਾਈਜ਼ ਕਰਵਾਉਣ ਲਈ ਪਹਿਲਾਂ ਵਰਗੇ ਪ੍ਰਬੰਧ ਹਨ। ਮਾਪਿਆਂ ਨੇ ਕਿਹਾ ਕਿ ਅਧਿਕਾਰੀ ਸਿਰਫ਼ ਆਪਣੇ ਦਫਤਰ ’ਚ ਬੈਠ ਕੇ ਹੁਕਮ ਜਾਰੀ ਕਰਦੇ ਹਨ। ਕੋਈ ਵੀ ਅਧਿਕਾਰੀ ਕਦੇ ਨਿੱਜੀ ਸਕੂਲਾਂ ’ਚ ਚੈਕਿੰਗ ਲਈ ਨਹੀਂ ਜਾਂਦਾ।
ਜਿਸ ਦਿਨ ਤੋਂ ਸਕੂਲ ਖੁੱਲ੍ਹੇ ਹਨ, ਅਸੀਂ ਸਰਕਾਰ ਅਤੇ ਸੀ. ਬੀ. ਐੱਸ. ਈ. ਵੱਲੋਂ ਜਾਰੀ ਸਾਰੀਆਂ ਗਾਈਡਲਾਈਨਜ਼ ਦਾ ਸਖ਼ਤੀ ਨਾਲ ਪਾਲਣ ਕਰ ਰਹੇ ਹਾਂ। ਹਰ ਇਕ ਕਲਾਸ ਵਿਚ 10 ਤੋਂ 12 ਵਿਦਿਆਰਥੀ ਹੀ ਬਿਠਾਏ ਜਾ ਰਹੇ ਹਨ। ਹਰ ਕਲਾਸਰੂਮ ਨੂੰ ਰੋਜ਼ਾਨਾ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਸੋਸ਼ਲ ਡਿਸਟੈਂਸਿੰਗ ਦਾ ਸਖਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ। -ਨਵਿਤਾ ਪੁਰੀ, (ਪ੍ਰਿੰਸੀਪਲ ਕੁੰਦਨ ਵਿੱਦਿਆ ਮੰਦਰ)
ਇਕ ਮਹੀਨਾ ਪਹਿਲਾਂ ਸਾਰੇ ਸਟਾਫ ਦੇ ਕੋਵਿਡ-19 ਟੈਸਟ ਹੋਏ ਸਨ ਅਤੇ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਸੀ। ਅਸੀਂ ਸਕੂਲ ’ਚ ਨੋਡਲ ਇੰਚਾਰਜ ਨਿਯੁਕਤ ਕੀਤੇ ਹਨ। ਉਹ ਸਕੂਲ ਵਿਚ ਸਭ ਤੋਂ ਪਹਿਲਾਂ ਆਉਂਦੇ ਹਨ ਅਤੇ ਸਕੂਲ ਦੇ ਗੇਟ ’ਤੇ ਖੜ੍ਹੇ ਹੋ ਕੇ ਵਿਦਿਆਰਥੀਆਂ ਨੂੰ ਕੋਵਿਡ-19 ਨਿਯਮਾਂ ਦੀ ਪਾਲਣ ਕਰਨ ਲਈ ਗਾਈਡ ਕਰਦੇ ਹਨ।-ਕਮਲਜੀਤ ਕੌਰ, ਪ੍ਰਿੰਸੀਪਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ, ਇਆਲੀ ਖੁਰਦ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ