ਨਿੱਜੀ ਹਸਪਤਾਲ ''ਚ ਡਾਕਟਰ ਦੀ ਗੁੰਡਾਗਰਦੀ, ਮਰੀਜ਼ ਤੇ ਪੁਲਸ ਨੂੰ ਧੱਕੇ ਮਾਰ ਕੱਢਿਆ ਬਾਹਰ
Sunday, May 31, 2020 - 02:57 PM (IST)
ਗੁਰਦਾਸਪੁਰ (ਗੁਰਪ੍ਰੀਤ)— ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ 'ਚ ਸ਼ਰੇਆਮ ਡਾਕਟਰ ਦੀ ਗੁੰਡਾਗਰਦੀ ਵੇਖਣ ਨੂੰ ਮਿਲੀ। ਇਸ ਦੌਰਾਨ ਡਾਕਟਰ ਨੇ ਪੁਲਸ ਅਤੇ ਮਰੀਜ਼ ਨੂੰ ਧੱਕੇ ਮਾਰ ਕੇ ਬਾਹਰ ਵੀ ਕੱਢ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ 'ਚ ਦੇਰ ਰਾਤ ਇਕ ਨਿੱਜੀ ਹਸਪਤਾਲ 'ਚ ਇਲਾਜ ਕਰਵਾਉਣ ਆਏ ਮਰੀਜ਼ ਦਾ ਡਾਕਟਰ ਨੇ ਬਿੱਲ ਜ਼ਿਆਦਾ ਬਣਾ ਦਿੱਤਾ।
ਜਦੋਂ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਬਿੱਲ ਦੇ ਬਾਰੇ ਪੁੱਛਿਆ ਤਾਂ ਡਾਕਟਰ ਭੜਕ ਗਿਆ ਅਤੇ ਮਰੀਜ਼ ਦੇ ਪਰਿਵਾਰ ਵਾਲਿਆਂ 'ਤੇ ਹੱਥ ਚੁੱਕ ਲਿਆ। ਇਸ ਦੌਰਾਨ ਡਾਕਟਰ ਨੇ ਮਰੀਜ਼ ਨੂੰ ਹਸਪਤਾਲ ਤੋਂ ਬਾਹਰ ਕੱਢ ਦਿੱਤਾ। ਜਦੋਂ ਮਾਮਲਾ ਗਰਮਾਇਆ ਤਾਂ ਮੌਕੇ 'ਤੇ ਕੁਝ ਪੁਲਸ ਕਾਮੇ ਪਹੁੰਚੇ ਪਰ ਡਾਕਟਰ ਆਪਣੀ ਗੁੰਡਾਗਰਦੀ ਦਿਖਾਉਂਦਾ ਰਿਹਾ ਅਤੇ ਪੁਲਸ ਕਾਮਿਆਂ ਨੂੰ ਧੱਕੇ ਮਾਰਨ ਲੱਗਾ ਅਤੇ ਧਮਕਾਉਣ ਲੱਗਾ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਨੇ ਮਾਮਲੇ ਨੂੰ ਸ਼ਾਂਤ ਕਰਵਾ ਕੇ ਜਾਂਚ ਦੀ ਗੱਲ ਕੀਤੀ।
ਮੌਕੇ 'ਤੇ ਪਹੁੰਚੇ ਪੁਲਸ ਕਾਮੇ ਜਰਨੈਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਨਿੱਜੀ ਹਸਪਤਾਲ 'ਚ ਹੰਗਾਮਾ ਹੋ ਰਿਹਾ ਹੈ ਤਾਂ ਉਹ ਉਥੇ ਮੌਕੇ 'ਤੇ ਪਹੁੰਚੇ ਅਤੇ ਡਾਕਟਰ ਨੂੰ ਸਮਝਾਉਣ ਲੱਗੇ। ਇਸ ਦੌਰਾਨ ਡਾਕਟਰ ਅਤੇ ਉਸ ਦੇ ਸਾਥੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਪੁਲਸ ਮੁਤਾਬਕ ਡਾਕਟਰ ਨਸ਼ੇ ਦੀ ਹਾਲਤ 'ਚ ਸੀ, ਇਸੇ ਕਰਕੇ ਉਹ ਇਸ ਤਰ੍ਹਾਂ ਕਰ ਰਿਹਾ ਸੀ।
ਉਥੇ ਹੀ ਜਦੋਂ ਮਰੀਜ਼ ਦੇ ਪਰਿਵਾਰ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਰੀਜ਼ ਦੇ ਬਿੱਲ ਨੂੰ ਲੈ ਕੇ ਅਸੀਂ ਡਾਕਟਰ ਨਾਲ ਗੱਲਬਾਤ ਕਰ ਰਹੇ ਸੀ ਕਿ ਇੰਨਾ ਬਿੱਲ ਕਿਵੇਂ ਬਣ ਗਿਆ। ਇਸੇ ਗੱਲ ਨੂੰ ਲੈ ਕੇ ਡਾਕਟਰ ਭੜਕ ਗਿਆ ਅਤੇ ਗਾਲਾਂ ਕੱਢਣ ਲੱਗਾ। ਇਸ ਦੇ ਨਾਲ ਹੀ ਹੱਥੋਂਪਾਈ ਕਰਕੇ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ ਅਤੇ ਮਰੀਜ਼ ਨੂੰ ਹਸਪਤਾਲ ਤੋਂ ਬਾਹਰ ਕੱਢ ਦਿੱਤਾ। ਉਨ੍ਹਾਂ ਦਾ ਵੀ ਇਹੀ ਕਹਿਣਾ ਸੀ ਕਿ ਉਕਤ ਡਾਕਟਰ ਨਸ਼ੇ ਦੀ ਹਾਲਤ 'ਚ ਸੀ। ਉਥੇ ਹੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।