ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਤੈਅ, ਹੁਣ ਸੰਚਾਲਕ ਨਹੀਂ ਵਸੂਲ ਸਕਣਗੇ ਜ਼ਿਆਦਾ ਕਿਰਾਇਆ

Friday, Jul 31, 2020 - 07:39 AM (IST)

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਤੈਅ, ਹੁਣ ਸੰਚਾਲਕ ਨਹੀਂ ਵਸੂਲ ਸਕਣਗੇ ਜ਼ਿਆਦਾ ਕਿਰਾਇਆ

ਜਲੰਧਰ,  (ਚੋਪੜਾ)– ਕੋਵਿਡ-19 ਮਹਾਮਾਰੀ ਦੌਰਾਨ ਹੁਣ ਪ੍ਰਾਈਵੇਟ ਐਂਬੂਲੈਂਸ ਸੰਚਾਲਕ ਮਰੀਜ਼ਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਮਨਚਾਹਿਆ ਕਿਰਾਇਆ ਨਹੀਂ ਵਸੂਲ ਸਕਣਗੇ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮਰੀਜ਼ਾਂ ਦੀ ਸਹੂਲਤ ਲਈ ਵਿਸ਼ੇਸ਼ ਕਦਮ ਉਠਾਉਂਦਿਆਂ ਅੱਜ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਤੈਅ ਕਰ ਦਿੱਤੇ ਹਨ ਤਾਂ ਕਿ ਕੋਈ ਵੀ ਐਂਬੂਲੈਂਸ ਸੰਚਾਲਕ ਜ਼ਿਆਦਾ ਪੈਸੇ ਨਾ ਵਸੂਲ ਸਕੇ। ਜ਼ਿਕਰਯੋਗ ਹੈ ਕਿ ਐਂਬੂਲੈਂਸ ਸੰਚਾਲਕਾਂ ਵਲੋਂ ਮਨਚਾਹਿਆ ਕਿਰਾਇਆ ਵਸੂਲਣ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ’ਤੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀਆਂ ਹਦਾਇਤਾਂ ਅਨੁਸਾਰ ਕਿਰਾਏ ਤੈਅ ਕਰਨ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਐਂਬੂਲੈਂਸ ਸੰਚਾਲਕਾਂ ਦੇ ਇਕ ਪ੍ਰਤੀਨਿਧੀ ਤੋਂ ਇਲਾਵਾ ਸੈਕਟਰੀ ਰਿਜਨਲ ਟਰਾਂਸਪੋਰਟ ਅਥਾਰਿਟੀ ਬਰਜਿੰਦਰ ਸਿੰਘ, ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਸਹਾਇਕ ਸਿਵਲ ਸਰਜਨ ਡਾ. ਗੁਰਮੀਤ ਕੌਰ ਦੁੱਗਲ ਅਤੇ ਡਿਪਟੀ ਮੈਡੀਕਲ ਅਧਿਕਾਰੀ ਡਾ. ਜੋਤੀ ਸ਼ਾਮਲ ਸਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਾਈਵੇਟ ਸੈਕਟਰ ਦੀਆਂ 3 ਕੈਟਾਗਰੀਆਂ ਨਾਲ ਸਬੰਧਤ ਐਂਬੂਲੈਂਸਾਂ ਦੇ ਪ੍ਰਤੀ ਦਿਨ ਦੇ ਹਿਸਾਬ ਨਾਲ ਰੇਟ ਤੈਅ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੀ. ਐੱਲ. ਐੱਸ. ਐਂਬੂਲੈਂਸ (ਬੇਸਿਕ ਲਾਈਜ਼ ਸਪੋਰਟ 2000 ਸੀ. ਸੀ. ਤੱਕ) ਲਈ 10 ਰੁਪਏ ਪ੍ਰਤੀ ਕਿਲੋਮੀਟਰ, ਬੀ. ਐੱਲ. ਐੱਸ. ਐਂਬੂਲੈਂਸ (2000 ਸੀ. ਸੀ. ਅਤੇ ਵੱਧ) ਲਈ 12 ਰੁਪਏ ਪ੍ਰਤੀ ਕਿਲੋਮੀਟਰ ਅਤੇ ਏ. ਸੀ. ਐੱਲ. ਐੱਸ. ਐਂਬੂਲੈਂਸ (ਐਡਵਾਂਸਡ ਕਾਰਡਿਕ ਲਾਈਜ਼ ਸਪੋਰਟ) ਲਈ 15 ਰੁਪਏ ਪ੍ਰਤੀ ਕਿਲੋਮੀਟਰ ਕਿਰਾਇਆ ਤੈਅ ਕੀਤਾ ਗਿਆ ਹੈ ਅਤੇ ਕੋਈ ਵੀ ਐਂਬੂਲੈਂਸ ਸੰਚਾਲਕ ਤੈਅ ਰੇਟਾਂ ਤੋਂ ਜ਼ਿਆਦਾ ਕਿਰਾਇਆ ਨਾ ਵਸੂਲੇ। ਜ਼ਿਆਦਾ ਕਿਰਾਇਆ ਵਸੂਲਣ ਨਾਲ ਸਬੰਧਤ ਸ਼ਿਕਾਇਤ ਕੰਟਰੋਲ ਰੂਮ ਨੰਬਰ 0181-2224417 ’ਤੇ ਕੀਤੀ ਜਾ ਸਕਦੀ ਹੈ।

ਘਨਸ਼ਾਮ ਥੋਰੀ ਨੇ ਦੱਸਿਆ ਕਿ ਐਂਬੂਲੈਂਸ ਦਾ ਕਿਰਾਇਆ ਸ਼ਹਿਰ ਵਿਚ 1000 ਰੁਪਏ (15 ਕਿਲੋਮੀਟਰ ਤੱਕ) ਹੋਵੇਗਾ ਅਤੇ ਇਸ ਤੋਂ ਜ਼ਿਆਦਾ ਪ੍ਰਤੀ ਕਿਲੋਮੀਟਰ ਉਕਤ ਨਿਰਧਾਰਿਤ ਰੇਟ ਅਨੁਸਾਰ ਹੀ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਚਾਲਕ/ਯੂਨੀਅਨ/ਕੰਪਨੀ ਮਰੀਜ਼ ਨੂੰ ਪੀ. ਪੀ. ਈ. ਕਿੱਟ ਉਪਲੱਬਧ ਕਰਵਾਉਣਗੇ ਅਤੇ ਨਿਰਧਾਰਿਤ ਸਥਾਨ ’ਤੇ ਛੱਡਣ ਲਈ ਜ਼ਿੰਮੇਵਾਰ ਹੋਣਗੇ। ਚਾਲਕ ਦੀਆਂ ਸੇਵਾਵਾਂ ਦਾ ਖਰਚਾ ਉਕਤ ਤੈਅ ਰੇਟਾਂ ਵਿਚ ਸ਼ਾਮਲ ਹੋਵੇਗਾ ਅਤੇ ਪੈਟਰੋਲ-ਡੀਜ਼ਲ ਦਾ ਖਰਚਾ ਵੀ ਉਕਤ ਤੈਅ ਰੇਟਾਂ ਅਨੁਸਾਰ ਹੋਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਵੇਂ ਜ਼ਿਲੇ ਵਿਚ ਲਗਾਤਾਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ ਪਰ ਜ਼ਿਲ੍ਹਾ ਨਿਵਾਸੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਵੱਡੀ ਗਿਣਤੀ ਵਿਚ ਮਰੀਜ਼ ਠੀਕ ਹੋ ਕੇ ਘਰਾਂ ਨੂੰ ਵੀ ਜਾ ਚੁੱਕੇ ਹਨ। ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ‘ਮਿਸ਼ਨ ਫਤਿਹ’ ਅਧੀਨ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਬਹੁਤ ਜ਼ਰੂਰੀ ਹਨ।


author

Lalita Mam

Content Editor

Related News