ਲੁਧਿਆਣਾ ਜੇਲ੍ਹ ''ਚ 15 ਪਰਿਵਾਰਾਂ ਨੇ ਕੈਦੀਆਂ ਨਾਲ ਕੀਤੀ ਸਿੱਧੀ ਮੁਲਾਕਾਤ, ਸੂਬੇ ਦੀਆਂ 23 ਜੇਲ੍ਹਾਂ ''ਚ ਹੋਈ ਸ਼ੁਰੂਆਤ

Thursday, Sep 15, 2022 - 04:14 PM (IST)

ਲੁਧਿਆਣਾ ਜੇਲ੍ਹ ''ਚ 15 ਪਰਿਵਾਰਾਂ ਨੇ ਕੈਦੀਆਂ ਨਾਲ ਕੀਤੀ ਸਿੱਧੀ ਮੁਲਾਕਾਤ, ਸੂਬੇ ਦੀਆਂ 23 ਜੇਲ੍ਹਾਂ ''ਚ ਹੋਈ ਸ਼ੁਰੂਆਤ

ਲੁਧਿਆਣਾ (ਸਿਆਲ) : ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਥਾਨਕ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕੈਦੀਆਂ ਦੀ ਉਨ੍ਹਾਂ ਦੇ ਪਰਿਵਾਰਾਂ ਨਾਲ ਸਿੱਧੇ ਤੌਰ 'ਤੇ ਹੋਣ ਵਾਲੀ ਮੁਲਾਕਾਤ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਲਈ ਇਹ ਇਕ ਇਤਿਹਾਸਿਕ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਹਿਲੀ ਵਾਰ ਕੈਦੀਆਂ ਨੂੰ ਸਿੱਧੇ ਤੌਰ 'ਤੇ ਆਪਣੇ ਪਰਿਵਾਰਾਂ ਨਾਲ ਮਿਲਣ ਦਾ ਮੌਕਾ ਮਿਲੇਗਾ। ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਜਾਲੀਆਂ ਰਾਹੀਂ ਕੈਦੀਆਂ ਨਾਲ ਮੁਲਾਕਾਤ ਕਰ ਸਕਦੇ ਸਨ। ਹਰਜੋਤ ਬੈਂਸ ਨੇ ਕਿਹਾ ਕਿ ਕਿਸੇ ਵੀ ਕੈਦੀ ਦੇ 5 ਪਰਿਵਾਰਿਕ ਮੈਂਬਰ ਉਸ ਨਾਲ ਇਕ ਘੰਟਾ ਬਿਤਾ ਸਕਣਗੇ ਅਤੇ ਕੈਦੀ ਆਪਣੇ ਪਰਿਵਾਰ ਨਾਲ ਬੈਠ ਕੇ ਖਾਣਾ ਵੀ ਖਾ ਸਕੇਗਾ।

ਇਹ ਵੀ ਪੜ੍ਹੋ : ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਮੁਲਾਜ਼ਮਾਂ ਨੂੰ ਦਿੱਤੀ ਚਿਤਾਵਨੀ, ਸੁਣੋ Exclusive ਇੰਟਰਵਿਊ (ਵੀਡੀਓ)

ਹਰਜੋਤ ਬੈਂਸ ਨੇ ਕਿਹਾ ਕਿ ਜੇਲ੍ਹਾਂ 'ਚ ਬੰਦ ਵੱਡੇ ਗੈਂਗਸਟਰਾਂ ਅਤੇ ਅਪਰਾਧੀਆਂ ਲਈ ਇਹ ਸਹੂਲਤ ਨਹੀਂ ਹੈ। ਇਸ ਦੇ ਨਾਲ ਹੀ ਜਿਸ ਕੈਦੀ ਦਾ ਜੇਲ੍ਹ ਵਿਭਾਗ ਨਾਲ ਮਾੜਾ ਰਿਕਾਰਡ ਹੋਵੇਗਾ, ਉਸ ਨੂੰ ਵੀ ਇਹ ਸਹੂਲਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਮੁਲਾਕਾਤ ਲਈ ਕੈਦੀ ਜਾਂ ਉਸ ਦੇ ਪਰਿਵਾਰਿਕ ਮੈਂਬਰ ਆਨਲਾਈਨ ਮੁਲਾਕਾਤ ਬੁਕਿੰਗ ਕਰਵਾ ਸਕਦੇ ਹਨ। ਜੇਲ੍ਹ ਮੰਤਰੀ ਨੇ ਦੱਸਿਆ ਕਿ ਜੇਲ੍ਹ 'ਚ ਬੰਦ ਕੈਦੀਆਂ ਨੂੰ ਅੱਜ 15 ਪਰਿਵਾਰ ਸਿੱਧੇ ਤੌਰ 'ਤੇ ਮਿਲ ਰਹੇ ਹਨ ਅਤੇ ਪੰਜਾਬ ਦੀਆਂ 23 ਜੇਲ੍ਹਾਂ 'ਚ ਇਹ ਸਕੀਮ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਖੰਨਾ 'ਚ ਖੂਨੀ ਝੜਪ ਦੌਰਾਨ ਚੱਲੇ ਦਾਤਰ ਤੇ ਹਥਿਆਰ, ਬੰਦੇ ਨੇ ਲਲਕਾਰੇ ਮਾਰਦਿਆਂ 5 ਲੋਕਾਂ 'ਤੇ ਚੜ੍ਹਾ ਦਿੱਤੀ ਕਾਰ

ਹਰਜੋਤ ਬੈਂਸ ਨੇ ਦੱਸਿਆ ਕਿ ਜਿਨ੍ਹਾਂ ਕੈਦੀਆਂ ਨੂੰ ਪੈਰੋਲ ਨਹੀਂ ਮਿਲਦੀ, ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸਿੱਧੇ ਤੌਰ 'ਤੇ ਉਨ੍ਹਾਂ ਨਾਲ ਮੁਲਾਕਾਤ ਕਰ ਸਕਦੇ ਹਨ। ਜੇਲ੍ਹ ਮੰਤਰੀ ਨੇ ਕਿਹਾ ਕਿ ਜੇਲ੍ਹਾਂ 'ਚ 14 ਹਜ਼ਾਰ ਦੇ ਕਰੀਬ ਕੈਦੀ ਨਸ਼ੇ ਦੀ ਆਦੀ ਹਨ ਅਤੇ ਸੂਬੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ 350 ਦੇ ਕਰੀਬ ਵਿਦਿਆਰਥੀ ਇਹ ਸਰਵੇ ਕਰਨਗੇ ਕਿ ਉਕਤ ਕੈਦੀ ਨਸ਼ੇ ਦੇ ਆਦਿ ਕਿਸ ਤਰ੍ਹਾਂ ਬਣੇ। ਇਸ ਦੌਰਾਨ ਜੇਲ੍ਹ ਮੰਤਰੀ ਵੱਲੋਂ ਜੇਲ੍ਹ ਦੇ ਸਾਹਮਣੇ ਪੈਟਰੋਲ ਪੰਪ ਦਾ ਵੀ ਉਦਘਾਟਨ ਕੀਤਾ ਗਿਆ, ਜਿੱਥੇ ਕੈਦੀ ਕੰਮ ਕਰ ਸਕਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News