ਜੇਲ ''ਚ ਖਤਰਨਾਕ ਮੁਲਜ਼ਮਾਂ ਦੇ ਸੰਪਰਕ ''ਚ ਸਨ 1 ਕਰੋੜ ਦੇ ਸੋਨੇ ਦੇ ਡਕੈਤ

11/18/2019 12:21:33 PM

ਅੰਮ੍ਰਿਤਸਰ (ਇੰਦਰਜੀਤ) : 1 ਕਰੋੜ ਦੇ ਗਹਿਣਿਆਂ ਦੀ ਡਕੈਤੀ ਬਾਰੇ ਅਜੇ ਤੱਕ ਥਾਣਾ ਡੀ-ਡਵੀਜ਼ਨ ਦੀ ਪੁਲਸ ਕਿਸੇ ਤਰ੍ਹਾਂ ਦਾ ਕੋਈ ਸੁਰਾਗ ਨਹੀਂ ਲਾ ਸਕੀ। ਪਰਿਵਾਰਕ ਮੈਂਬਰ ਪੁਲਸ ਦੀ ਕਾਰਵਾਈ ਤੋਂ ਨਾਰਾਜ਼ ਹਨ, ਫਿਰ ਵੀ ਉਨ੍ਹਾਂ ਨੂੰ ਅਤੇ ਲੋਕਾਂ ਨੂੰ ਪੂਰਾ ਭਰੋਸਾ ਹੈ ਕਿ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਤੇ ਉਨ੍ਹਾਂ ਦੀ ਟੀਮ ਮੁਲਜ਼ਮਾਂ ਨੂੰ ਛੱਡਣ ਵਾਲੀ ਨਹੀਂ। ਦੂਜੇ ਪਾਸੇ ਇਸ ਘਟਨਾਚੱਕਰ ਤਰ੍ਹਾਂ-ਤਰ੍ਹਾਂ ਦੀਆਂ ਕਿਆਸ-ਅਰਾਈਆਂ ਦੌਰਾਨ ਇਕ ਗੱਲ ਸਾਹਮਣੇ ਆਈ ਹੈ ਕਿ ਇਸ ਲੁੱਟ ਦੀ ਵੱਡੀ ਘਟਨਾ ਦੇ ਤਾਰ ਅੰਮ੍ਰਿਤਸਰ ਦੀ ਜੇਲ ਨਾਲ ਜੁੜੇ ਹੋਏ ਹਨ, ਜਿਥੇ ਬੈਠੇ ਖਤਰਨਾਕ ਗੈਂਗਸਟਰ ਬਾਹਰੀ ਲੁਟੇਰਿਆਂ ਨਾਲ ਪੂਰੀ ਤਰ੍ਹਾਂ ਨਾਲ ਸੰਪਰਕ 'ਚ ਹਨ। ਇਸ ਲਈ ਪੁਲਸ ਨੂੰ ਜੇਲ 'ਚੋਂ ਕੁਝ ਸ਼ੱਕ ਦੇ ਘੇਰੇ ਵਿਚ ਆਏ ਗੈਂਗਸਟਰਾਂ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣਾ ਚਾਹੀਦਾ ਹੈ।

ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਇਸ਼ਾਰੇ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਕਿਉਂਕਿ ਜੇਲਾਂ 'ਚ ਵੀ ਹੁਣ ਤੱਕ ਮੋਬਾਇਲ ਦਾ ਚਲਨ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ। ਫੋਨ ਰਾਹੀਂ ਜੇਲ 'ਚ ਬੈਠੇ ਖਤਰਨਾਕ ਗੈਂਗਸਟਰ ਸ਼ਹਿਰ ਦੇ ਗੈਂਗਸਟਰਾਂ ਦਾ ਸੰਚਾਲਨ ਕਰਦੇ ਹਨ, ਉਥੇ ਹੀ ਦੂਜੇ ਪਾਸੇ ਗੇਟ ਹਕੀਮਾਂ ਦੀ ਪੁਲਸ ਦੀ ਨਿਗਰਾਨੀ 'ਚ ਭੱਜੇ ਹੋਏ ਮੋਟਰਸਾਈਕਲ 'ਤੇ ਸਵਾਰ ਵਿਅਕਤੀ ਦੇ ਮਾਮਲੇ ਵਿਚ ਵੀ ਜਾਣਕਾਰ ਲੋਕ ਸ਼ੱਕ ਜਤਾ ਰਹੇ ਹਨ ਕਿ ਕਿਤੇ ਨਾ ਕਿਤੇ ਇਸ ਵਾਰਦਾਤ 'ਚ ਉਸ ਦਾ ਵੀ ਹੱਥ ਹੈ।

ਘਟਨਾ ਦੀ ਡੂੰਘਾਈ 'ਚ ਜਾਣ 'ਤੇ ਪਤਾ ਲੱਗਾ ਹੈ ਕਿ ਵਾਰਦਾਤ ਵਿਚ ਸ਼ਾਮਲ 2 ਲੁਟੇਰਿਆਂ ਨੇ ਹਾਲਾਂਕਿ ਆਪਣੇ ਮੂੰਹ ਢਕੇ ਹੋਏ ਸਨ, ਜਦਕਿ ਸਵੇਰ ਦੇ ਸਮੇਂ ਦਿਨ ਨਿਕਲ ਆਉਣ 'ਤੇ ਵਾਰਦਾਤ ਨੂੰ ਅੰਜਾਮ ਦੇਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਕਿਉਂਕਿ ਢਕੇ ਚਿਹਰਿਆਂ 'ਤੇ ਪੁਲਸ ਦੀ ਜ਼ਿਆਦਾ ਨਜ਼ਰ ਹੁੰਦੀ ਹੈ। ਹਾਲਾਂਕਿ ਇਸ ਗੱਲ ਨੂੰ ਇਕ ਆਮ ਆਦਮੀ ਵੀ ਸਮਝਦਾ ਹੈ ਕਿ ਅੱਜਕਲ ਥਾਂ-ਥਾਂ ਪੁਲਸ ਦੇ ਨਾਕੇ ਲੱਗੇ ਹੋਏ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਕਿਸੇ ਨਾ ਕਿਸੇ ਜਗ੍ਹਾ ਅਤੇ ਨਾਕੇ 'ਤੇ ਹੋ ਸਕਦੀ ਹੈ। ਫਿਰ ਵਾਰਦਾਤ ਕਰਨ ਵਾਲੇ ਤਾਂ ਪੇਸ਼ੇਵਰ ਲੁਟੇਰੇ ਸਨ ਪਰ ਉਨ੍ਹਾਂ ਨੂੰ ਇਸ ਗੱਲ ਦੀ ਵੀ ਜਾਣਕਾਰੀ ਹੋਵੇਗੀ ਕਿ ਰਸਤੇ ਵਿਚ ਲੱਗੇ ਪੁਲਸ ਦੇ ਨਾਕੇ ਬੇਕਾਰ ਹੋ ਚੁੱਕੇ ਹਨ।

ਨਹੀਂ ਹੋਇਆ ਸ਼ੋਅਰੂਮ ਦਾ ਉਦਘਾਟਨ, ਮਾਤਮ 'ਚ ਬਦਲੀਆਂ ਖੁਸ਼ੀਆਂ
ਜਿਸ ਘਰ 'ਚ ਅੱਜ ਖੁਸ਼ੀਆਂ ਦੀ ਰੌਣਕ ਆਉਣੀ ਸੀ, ਉਹ ਮਾਤਮ 'ਚ ਬਦਲ ਗਈ। ਐਤਵਾਰ ਨੂੰ ਗੁਰੂ ਬਾਜ਼ਾਰ ਦੀ 108 ਨੰਬਰ ਦੁਕਾਨ 'ਚ ਇਕ ਜਿਊਲਰੀ ਦੇ ਨਵੇਂ ਸ਼ੋਅਰੂਮ ਦਾ ਉਦਘਾਟਨ ਹੋਣਾ ਸੀ, ਜਿਸ ਤੋਂ 3 ਦਿਨ ਪਹਿਲਾਂ ਹੀ ਸ਼ੁਰੂਆਤੀ ਤੌਰ 'ਤੇ ਦਿੱਲੀ ਤੋਂ ਬੇਸ਼ਕੀਮਤੀ ਗਹਿਣਿਆਂ ਨੂੰ ਅੰਮ੍ਰਿਤਸਰ ਲਿਆਂਦਿਆਂ ਅਜਿਹਾ ਗ੍ਰਹਿਣ ਲੱਗਾ ਕਿ ਲੁਟੇਰਿਆਂ ਨੇ ਰਸਤੇ 'ਚ ਹੀ ਉਨ੍ਹਾਂ ਨੂੰ ਲੁੱਟ ਕੇ ਪਰਿਵਾਰ ਦੀਆਂ ਖੁਸ਼ੀਆਂ 'ਤੇ ਨਾ ਸਿਰਫ ਪਾਣੀ ਫੇਰ ਦਿੱਤਾ, ਉਥੇ ਸ਼ਹਿਰ 'ਚ ਵੀ ਦਹਿਸ਼ਤ ਫੈਲਾ ਕੇ ਪੁਲਸ ਲਈ ਇਕ ਚੁਣੌਤੀ ਖੜ੍ਹੀ ਕਰ ਦਿੱਤੀ।

ਇਹ ਉਸ ਘਟਨਾਚੱਕਰ ਦੀਆਂ ਕੜੀਆਂ ਹਨ, ਜਿਸ ਵਿਚ ਇਕ ਸੋਨਾ ਵਪਾਰੀ ਤੋਂ ਲੁਟੇਰਿਆਂ ਨੇ 1 ਕਰੋੜ ਦੇ ਸੋਨੇ ਦੇ ਗਹਿਣੇ ਉਸ ਸਮੇਂ ਲੁੱਟ ਲਏ, ਜਦੋਂ ਉਹ ਦਿੱਲੀ ਤੋਂ ਬੈਗ 'ਚ ਆਪਣੇ ਸ਼ੋਅਰੂਮ ਦੀ ਸ਼ੁਰੂਆਤ ਲਈ ਗਹਿਣੇ ਲਿਆ ਰਿਹਾ ਸੀ। ਲੁੱਟ ਦਾ ਸ਼ਿਕਾਰ ਹੋਏ ਸੁਰਿੰਦਰ ਕੁਮਾਰ ਅਜੇ ਹਸਪਤਾਲ ਵਿਚ ਹਨ ਅਤੇ ਸੱਟ ਦੇ ਦਰਦ ਦੇ ਨਾਲ-ਨਾਲ ਮਾਨਸਿਕ ਤਣਾਅ ਵਿਚ ਵੀ ਹੈ ਅਤੇ 4 ਦਿਨ ਬੀਤ ਜਾਣ ਤੱਕ ਵੀ ਉਸ ਨੂੰ ਅਜੇ ਤੱਕ ਨੀਂਦ ਨਹੀਂ ਆਈ। ਅੱਜ ਗੁਰੂ ਬਾਜ਼ਾਰ 'ਚ ਉਸ ਦੇ ਸ਼ੋਅਰੂਮ ਦਾ ਉਦਘਾਟਨ ਸੀ। ਰਿਸ਼ਤੇਦਾਰ ਉਥੇ ਆਉਣ ਦੀ ਤਿਆਰੀ 'ਚ ਸਨ, ਕੁਝ ਆ ਚੁੱਕੇ ਸਨ ਪਰ ਉਦਘਾਟਨ ਨਹੀਂ ਹੋ ਸਕਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਰਿੰਦਰ ਕੁਮਾਰ ਨੇ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਇਸ ਨਵੇਂ ਸ਼ੋਅਰੂਮ ਦਾ ਸੁਪਨਾ ਦੇਖਿਆ ਸੀ ਤੇ ਆਪਣੀ ਜੀਵਨ ਭਰ ਦੀ ਕਮਾਈ ਹੋਈ ਪੂੰਜੀ ਸ਼ੋਅਰੂਮ 'ਤੇ ਲਾ ਦਿੱਤੀ ਸੀ।


Gurminder Singh

Content Editor

Related News