ਸ੍ਰੀ ਗੁਰੂ ਰਵਿਦਾਸ ਜੀ ਦੀ ਤਸਵੀਰ ਤਮਾਕੂ ਦੇ ਡੱਬੇ 'ਤੇ ਛਾਪਣਾ ਅਤਿ ਨਿੰਦਣਯੋਗ-ਦੇਸ ਰਾਜ ਸਿੰਘ ਧੁੱਗਾ
Tuesday, Jun 02, 2020 - 05:38 PM (IST)
ਟਾਂਡਾ ਉੜਮੁੜ(ਪਰਮਜੀਤ ਸਿੰਘ ਮੋਮੀ) - ਸ੍ਰੀ ਗੁਰੂ ਰਵਿਦਾਸ ਜੀ ਦੀ ਤਸਵੀਰ ਤਮਾਕੂ ਦੇ ਡੱਬੇ 'ਤੇ ਛਾਪਣ ਨੂੰ ਲੈ ਕੇ ਸਾਬਕਾ ਮੁੱਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ ਨੇ ਇਸ ਦੇ ਵਿਰੋਧ ਵਿਚ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਤਮਾਕੂ ਦੀ ਇੱਕ ਕੰਪਨੀ ਵੱਲੋਂ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਦੀ ਤਸਵੀਰ ਪਿਛਲੇ ਦਿਨੀਂ ਤਮਾਕੂ ਦੇ ਡੱਬੇ ਉੱਪਰ ਛਾਪੀ ਗਈ ਸੀ ਜਿਸ ਕਾਰਨ ਸ੍ਰੀ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਅਤੇ ਸੰਗਤਾਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਸੀ। ਇਸ ਮੌਕੇ ਦੇਸ ਰਾਜ ਸਿੰਘ ਧੁੱਗਾ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ ਜਿਸ ਕਾਰਨ ਸਮੁੱਚੀਆਂ ਸੰਗਤਾਂ ਉਨ੍ਹਾਂ ਦਾ ਬਹੁਤ ਹੀ ਸਤਿਕਾਰ ਕਰਦੀਆਂ ਹਨ। ਪ੍ਰੰਤੂ ਕੰਪਨੀ ਨੇ ਅਜਿਹੀ ਕੋਝੀ ਹਰਕਤ ਕਰਕੇ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੰਪਨੀ ਦੀ ਇਸ ਨਾਪਾਕ ਹਰਕਤ ਦੇ ਵਿਰੋਧ ਵਿਚ ਸਖ਼ਤ ਸਟੈਂਡ ਲਏ ਜਾਣ ਦੀ ਵੀ ਸ਼ਲਾਘਾ ਕੀਤੀl ਉਨ੍ਹਾਂ ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਨ ਵਾਲੀ ਕੰਪਨੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਦਲਿਤ ਸਮਾਜ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।