ਦੇਸ਼ ਦਾ ਪ੍ਰਧਾਨ ਮੰਤਰੀ ''ਮਨ ਕੀ ਬਾਤ'' ਪ੍ਰੋਗਰਾਮ ''ਚ ਮਿਹਨਤੀ ਕਿਸਾਨਾਂ ਤੇ ਮਜ਼ਦੂਰਾਂ ਦੀ ਬਾਤ ਕਦੋਂ ਕਰੇਗਾ : ਮਾਨ
Monday, May 31, 2021 - 09:59 PM (IST)
ਭਵਾਨੀਗੜ੍ਹ/ਨਵੀਂ ਦਿੱਲੀ(ਕਾਂਸਲ)- ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋ ਦਿੱਲੀ ਦੇ ਟਿਕਰੀ ਬਾਰਡਰ 'ਤੇ ਲਗਾਇਆ ਹੋਇਆ ਪੱਕਾ ਮੋਰਚਾ ਅੱਜ 187ਵੇਂ ਦਿਨ ਵਿੱਚ ਲਗਾਤਾਰ ਜਾਰੀ ਰਿਹਾ। ਇੱਥੋਂ ਪ੍ਰੈਂਸ ਬਿਆਨ ਜਾਰੀ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਮਿਹਨਤੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਬਾਤ ਕਦੋਂ ਕਰੇਗਾ। ਮੋਦੀ ਦੇ ਮਨ ਕੀ ਬਾਤ ਸਾਫ ਕਰਦੀ ਹੈ ਕਿ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਹਰ ਹਾਲਤ ਦੇਣੀ ਹੈ। ਮੋਦੀ ਸਰਕਾਰ ਨੇ ਨੋਟਬੰਦੀ ਵੇਲੇ ਕਿਹਾ ਸੀ ਕਿ ਵਿਦੇਸ਼ਾਂ ਵਿੱਚੋਂ ਕਾਲਾ ਧਨ ਵਾਪਸ ਆਵੇਗਾ ਪਰ ਮਿਹਨਤੀ ਲੋਕਾਂ ਦੀਆਂ ਜੇਬਾਂ ਖਾਲੀ ਕਰਾ ਕੇ ਉਨ੍ਹਾਂ ਨੂੰ ਲਾਈਨਾਂ ਵਿੱਚ ਖੜ੍ਹਾ ਕਰ ਦਿੱਤਾ। ਕਿਸਾਨਾਂ ਨੂੰ ਬੈਂਕਾਂ ਦੇ ਡਿਫਾਲਟਰ ਹੋਣਾ ਪਿਆ।
ਇਹ ਵੀ ਪੜ੍ਹੋ- ਪਿੰਡਾਂ 'ਚ ਭਾਰੀ ਮੀਂਹ ਤੇ ਗੜ੍ਹੇਮਾਰੀ, ਗਰਮੀ ਤੋਂ ਰਾਹਤ ਦੇ ਨਾਲ ਨੁਕਸਾਨ ਦਾ ਵੀ ਖਦਸ਼ਾ
ਭਾਜਪਾ ਹਕੂਮਤ ਨੇ ਜੀ. ਐੱਸ. ਟੀ. ਲਗਾ ਕੇ ਲੋੜੀਂਦੀਆਂ ਵਸਤਾਂ 'ਤੇ ਵੱਡੇ ਟੈਕਸ ਲਾ ਦਿੱਤੇ, ਜੰਮੂ ਕਸ਼ਮੀਰ ਅੰਦਰ 370 ਅਤੇ 35 ਏ ਧਾਰਾ ਤੋੜ ਕੇ ਲੋਕਾਂ ਨਾਲ ਧੱਕਾ ਕੀਤਾ ਗਿਆ। ਕਰੋੜਾਂ ਲੋਕਾਂ ਦਾ ਰੁਜ਼ਗਾਰ ਚਲਿਆ ਗਿਆ। ਮੋਦੀ ਨੇ ਕਿਹਾ ਸੀ ਕਿ ਮੇਰੀ ਹਕੂਮਤ ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜਗਾਰ ਦੇਵੇਗੀ ਪਰ ਇਸ ਦੇ ਉਲਟ ਰੁਜ਼ਗਾਰ ਪਹਿਲਾਂ ਨਾਲੋਂ ਵੀ ਘਟਿਆ ਹੈ। ਭਾਜਪਾ ਹਕੂਮਤ ਵੱਲੋ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ ਪਰ ਇਸ ਦੇ ਉਲਟ ਕਿਸਾਨ, ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਚੋਣਾਂ ਵੇਲੇ ਅਮੀਰਾਂ ਦਾ ਵਿਦੇਸ਼ੀ ਬੈਂਕਾਂ ਵਿੱਚ ਪਿਆ ਕਾਲਾ ਧਨ ਭਾਰਤ ਵਿੱਚ ਲਿਆ ਕੇ ਹਰ ਇੱਕ ਨਾਗਰਿਕ ਨੂੰ 15-15 ਲੱਖ ਦੇਣ ਦਾ ਵਾਅਦਾ ਕੀਤਾ ਸੀ ਪਰ ਅਮੀਰਾਂ ਦਾ ਵਿਦੇਸ਼ੀ ਬੈਂਕਾਂ ਵਿੱਚ ਪਿਆ ਕਾਲਾ ਧਨ ਦਿਨੋ-ਦਿਨ ਵਧ ਰਿਹਾ ਹੈ ਅਤੇ ਕਿਰਤੀ ਲੋਕ ਹੋਰ ਕਰਜਈ ਹੋ ਰਹੇ ਹਨ। ਸੂਬਾ ਆਗੂ ਨੇ ਕਿਹਾ ਕਿ ਸਰਕਾਰ ਦਾ 'ਮਨੁੱਖੀ ਅਧਿਕਾਰ ਕਮਿਸ਼ਨ' ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਉਸ ਨੂੰ ਦਿੱਲੀ ਦੀਆਂ ਬਰੂਹਾਂ 'ਤੇ ਆਪਣੇ ਹੱਕਾਂ ਵਾਸਤੇ ਸੰਘਰਸ਼ ਕਰਨ ਵਾਲੇ ਲੋਕ ਦਿਖਾਈ ਨਹੀਂ ਦੇ ਰਹੇ।
ਇਹ ਵੀ ਪੜ੍ਹੋ- ਥਾਣਾ ਦੋਰਾਹਾ ‘ਚ ਵਿਜੈ ਕੁਮਾਰ ਨੇ ਬਤੌਰ SHO ਸੰਭਾਲਿਆ ਚਾਰਜ
ਪਕੌੜਾ ਚੌਕ ਨੇੜੇ ਲੱਗੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਖੱਟਰ ਨੇ ਹਾਸੋਹੀਣਾ ਬਿਆਨ ਦੇ ਕੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਕਰਕੇ ਕੋਰੋਨਾ ਵਾਇਰਸ ਫੈਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਵੱਲੋਂ ਕੋਰੋਨਾ ਬਿਮਾਰੀ ਨਾਲ ਲੜਨ ਵਾਸਤੇ ਕਿਸੇ ਪ੍ਰਕਾਰ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਲਿਆਂਦੇ ਹਰੇ ਇਨਕਲਾਬ ਨੇ ਕਿਸਾਨਾਂ ਸਿਰ ਕਰਜ਼ੇ ਦੀਆਂ ਪੰਡਾਂ ਮੜ੍ਹ ਦਿੱਤੀਆਂ ਹਨ। ਇਸ ਮਾਡਲ ਅਧੀਨ ਲਿਆਂਦੀ ਨਵੀਂ ਤਕਨੀਕ ਨਾਲ ਸਪਰੇਅ, ਖਾਦਾ ਬੀਜਾਂ ਅਤੇ ਮਸ਼ੀਨਰੀ ਬਣਾਉਣ ਵਾਲੀਆਂ ਕੰਪਨੀਆਂ ਦੇ ਤਾਂ ਵਾਰੇ ਨਿਆਰੇ ਹੋ ਗਏ ਪਰ ਕਿਸਾਨਾਂ ਦੇ ਪੱਲੇ ਕਰਜ਼ੇ ਤੇ ਖ਼ੁਦਕੁਸ਼ੀਆਂ ਹੀ ਪਈਆਂ। ਅੱਜ ਸਟੇਜ ਸੰਚਾਲਨ ਦੀ ਭੂਮਿਕਾ ਮਨਪ੍ਰੀਤ ਸਿੰਘ ਸਿੰਘਾਂਵਾਲਾ ਨੇ ਬਾਖੂਬੀ ਨਿਭਾਈ ਅਤੇ ਮਨੋਹਰ ਸਿੰਘ ਸਿੰਘੇਵਾਲਾ, ਗੁਰਦੇਵ ਸਿੰਘ ਪਟਿਆਲਾ, ਬਿੱਟੂ ਮੱਲਣ, ਹਰਮਨਦੀਪ ਸਿੰਘ ਟੱਲੇਵਾਲ ਅਤੇ ਗੁਰਚਰਨ ਸਿੰਘ ਚਾਹਲ ਆਦਿ ਨੇ ਵੀ ਸੰਬੋਧਨ ਕੀਤਾ।