ਪ੍ਰਧਾਨ ਮੰਤਰੀ ਮੋਦੀ 5 ਜਨਵਰੀ ਨੂੰ ਆਉਣਗੇ ਪੰਜਾਬ, ਕਰ ਸਕਦੇ ਹਨ ਵੱਡੇ ਐਲਾਨ

Tuesday, Dec 28, 2021 - 12:38 AM (IST)

ਪ੍ਰਧਾਨ ਮੰਤਰੀ ਮੋਦੀ 5 ਜਨਵਰੀ ਨੂੰ ਆਉਣਗੇ ਪੰਜਾਬ, ਕਰ ਸਕਦੇ ਹਨ ਵੱਡੇ ਐਲਾਨ

ਚੰਡੀਗੜ੍ਹ/ਫਿਰੋਜ਼ਪੁਰ (ਵੈੱਬ ਡੈਸਕ, ਕੁਮਾਰ)-ਸੂਬੇ ’ਚ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰਨਗੇ ਤੇ ਇਥੇ ਇਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਫ਼ਿਰੋਜ਼ਪੁਰ ’ਚ ਸੈਟੇਲਾਈਟ ਪ੍ਰੋਜੈਕਟ ਦਾ ਉਦਘਾਟਨ ਵੀ ਕਰਨਗੇ। ਉਥੇ ਹੀ ਦੂਜੇ ਪਾਸੇ ਸਿਆਸੀ ਗਲਿਆਰਿਆਂ ’ਚ ਕਾਫ਼ੀ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਕਿ ਮੋਦੀ ਵੱਲੋਂ ਪੰਜਾਬ ਦੌਰੇ ਦੌਰਾਨ ਲੋਕਾਂ ਲਈ ਕਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਹੋਣ ਵਾਲੀ ਰੈਲੀ ਦੌਰਾਨ ਕਾਂਗਰਸ ਤੇ ਦੂਜੀਆਂ ਪਾਰਟੀਆਂ ਦੇ ਵੱਡੇ ਨੇਤਾਵਾਂ ਨੂੰ ਭਾਜਪਾ ’ਚ ਸ਼ਾਮਲ ਕੀਤਾ ਜਾ ਸਕਦਾ। ਸੂਤਰਾਂ ਅਨੁਸਾਰ ਉਹ 5 ਜਨਵਰੀ ਨੂੰ ਫਿਰੋਜ਼ਪੁਰ ਆ ਕੇ ਇਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰ ਸਕਦੇ ਹਨ ਤੇ ਆਪਣੀ ਫੇਰੀ ਦੌਰਾਨ ਵੱਡੇ ਪੱਧਰ ’ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਸਕਦੇ ਹਨ।

ਇਹ ਵੀ ਪੜ੍ਹੋ : ‘ਆਪ’ ਵੱਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ

ਫਿਰੋਜ਼ਪੁਰ ਸ਼ਹਿਰ ਦੇ ਤੂੜੀ ਬਾਜ਼ਾਰ ਦੀ ਜਿਸ ਇਮਾਰਤ ’ਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਸਾਥੀ ਭੇਸ ਬਦਲ ਕੇ ਠਹਿਰਿਆ ਕਰਦੇ ਸਨ ਅਤੇ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਬੀ. ਕੇ. ਦੱਤ ਦੀਆਂ ਸ਼ਹੀਦੀ ਯਾਦਗਾਰਾਂ ਨੂੰ ਨੈਸ਼ਨਲ ਹੈਰੀਟੇਜ ਐਲਾਨ ਸਕਦੇ ਹਨ। ਪ੍ਰਧਾਨ ਮੰਤਰੀ ਫਿਰੋਜ਼ਪੁਰ ’ਚ ਕਿਸਾਨਾਂ, ਆਰਥਿਕ ਤੌਰ ’ਤੇ ਪੱਛੜੇ ਜਨਰਲ ਵਰਗ ਦੇ ਨਾਲ-ਨਾਲ ਸਾਰੇ ਵਰਗਾਂ ਲਈ ਕੁਝ ਵੱਡੇ ਐਲਾਨ ਵੀ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਫਿਰੋਜ਼ਪੁਰ ’ਚ ਪੀ. ਜੀ. ਆਈ. ਸੈਟੇਲਾਈਟ ਸੈਂਟਰ ਦੀ ਉਸਾਰੀ ਦਾ ਨੀਂਹ ਪੱਥਰ ਵੀ ਰੱਖ ਸਕਦੇ ਹਨ। ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਫੇਰੀ ਸਬੰਧੀ ਚੱਲ ਰਹੀ ਚਰਚਾ ਨੂੰ ਲੈ ਕੇ ਸਮੁੱਚੇ ਭਾਜਪਾ ਅਹੁਦੇਦਾਰਾਂ ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਂਝ ਤਾਂ ਸਾਰੀਆਂ ਪਾਰਟੀਆਂ ਦੇ ਖੇਤਰੀ ਨੇਤਾਵਾਂ ਵੱਲੋਂ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਥੋਂ ਤਕ ਕੇਂਦਰੀ ਨੇਤਾਵਾਂ ਦਾ ਸਵਾਲ ਹੈ, ਉਨ੍ਹਾਂ ’ਚੋਂ ਹੁਣ ਤਕ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ’ਚ ਇਕ ਤੋਂ ਬਾਅਦ ਇਕ ਦੌਰੇ ਕੀਤੇ ਗਏ ਹਨ ਪਰ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਜਾ ਰਹੀ ਰੈਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਣਗੇ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
 


author

Manoj

Content Editor

Related News