ਪ੍ਰਨੀਤ ਕੌਰ ਵੱਲੋਂ ਪਿੰਡ ਭਸਮੜਾ ’ਚ 66 ਕੇ. ਵੀ. ਗਰਿੱਡ ਦਾ ਉਦਘਾਟਨ

Sunday, Aug 29, 2021 - 12:55 AM (IST)

ਪਟਿਆਲਾ/ਦੇਵੀਗੜ੍ਹ(ਰਾਜੇਸ਼ ਪੰਜੌਲਾ, ਮਨਦੀਪ ਜੋਸਨ, ਭੁਪਿੰਦਰ, ਨੌਗਾਵਾਂ)- ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਾਸੀਆਂ ਨਾਲ ਕੀਤੇ ਗਏ ਹਰੇਕ ਵਾਅਦੇ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਗਿਆ ਹੈ। ਉਹ ਅੱਜ ਹਲਕਾ ਸਨੌਰ ਦੇ ਪਿੰਡ ਭਸਮੜਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਲਗਾਏ ਗਏ 66 ਕਿਲੋਵਾਟ ਦੇ ਬਿਜਲੀ ਗਰਿੱਡ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਇਸ ਮੌਕੇ ਹਰਿੰਦਰਪਾਲ ਸਿੰਘ ਹੈਰੀਮਾਨ, ਬਿਜਲੀ ਨਿਗਮ ਦੇ ਪ੍ਰਬੰਧਕੀ ਡਾਇਰੈਕਟਰ ਆਰ. ਪੀ. ਪਾਂਡਵ ਵੀ ਮੌਜੂਦ ਸਨ।

ਇਹ ਵੀ ਪੜ੍ਹੋ- ਆਖ਼ਿਰਕਾਰ ਕੈਪਟਨ ਸਰਕਾਰ ਨੂੰ ਮੰਨਣਾ ਹੀ ਪਿਆ ਕਿ ਬਿਜਲੀ ਸਮਝੌਤੇ ਮਾਰੂ ਹਨ : ਅਰੋੜਾ

ਉਨ੍ਹਾਂ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਠੋਸ ਉਪਰਾਲੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਹਰਿੰਦਰਪਾਲ ਸਿੰਘ ਹੈਰੀਮਾਨ ਵਿਧਾਇਕ ਨਹੀਂ ਬਣ ਸਕੇ ਪਰ ਇਨ੍ਹਾਂ ਨੇ ਸਨੌਰ ਹਲਕੇ ’ਚ ਵਿਕਾਸ ਦੇ ਕੰਮ ਕਰਵਾਉਣ ’ਚ ਕੋਈ ਕਮੀ ਨਹੀਂ ਛੱਡੀ। ਉਨ੍ਹਾਂ ਦੱਸਿਆ ਕਿ ਪਿੰਡ ਰੋਸ਼ਨਪੁਰ ਵਿਖੇ ਵੀ ਜਲਦੀ ਹੀ ਇਕ ਹੋਰ ਗਰਿੱਡ ਉਸਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਨੌਰ ਹਲਕੇ ਦੇ ਇਨ੍ਹਾਂ ਪਿੰਡਾਂ ਨੂੰ ਦੇਵੀਗੜ੍ਹ ਗਰਿੱਡ ਤੋਂ ਸਪਲਾਈ ਆਉਂਦੀ ਸੀ ਅਤੇ ਲਾਈਨ ’ਚ ਖਰਾਬੀ ਆਉਣ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਕਈ-ਕਈ ਦਿਨ ਬਿਜਲੀ ਤੋਂ ਵਾਂਝੇ ਹੋਣਾ ਪੈਦਾ ਸੀ, ਜੋ ਹੁਣ ਇਹ ਸਮੱਸਿਆ ਹੱਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ 4 ਕਰੋੜ ਰੁਪਏ ਦੀ ਲਾਗਤ ਨਾਲ ਭਸਮੜਾ ਦੇ ਨਵੇਂ ਬਣੇ 66 ਕੇ. ਵੀ. ਸਬ-ਸਟੇਸ਼ਨ ਨੂੰ 6.17 ਕਿਲੋਮੀਟਰ ਦੀ 66 ਕੇ. ਵੀ. ਲਾਈਨ (ਸਿੰਗਲ ਸਰਕਟ) ਨਾਲ ਬਣਾਇਆ ਗਿਆ ਹੈ ਅਤੇ 12.5 ਮੈਗਾਵਾਟ ਸਮਰੱਥਾ ਦਾ ਟਰਾਂਸਫਾਰਮਰ ਲਗਾਇਆ ਗਿਆ ਹੈ। ਇਸ ਗਰਿੱਡ ਸਬ ਸਟੇਸ਼ਨ ਤੋਂ ਲਗਭਗ 31 ਪਿੰਡਾਂ ਨੂੰ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕੇਂਦਰ ਦੇ ਕਾਲੇ ਤਿੰਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਡੱਟ ਕੇ ਕਿਸਾਨਾਂ ਦਾ ਸਾਥ ਦਿੱਤਾ ਪਰ ਸੁਖਬੀਰ ਸਿੰਘ ਬਾਦਲ ਦੱਸਣ ਕਿ ਉਨ੍ਹਾਂ ਨੇ ਕੀ ਕੀਤਾ?

ਇਹ ਵੀ ਪੜ੍ਹੋ- ਬਾਬਾ ਮੱਖਣ ਸ਼ਾਹ ਲੁਬਾਣਾ ਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ’ਚ ਗੁਰਮਤਿ ਸਮਾਗਮ
ਇਸ ਮੌਕੇ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਪਿੰਡ ਭਸਮੜਾ ਦੇ ਇਸ ਨਵੇਂ 66 ਕੇ.ਵੀ. ਸਬ-ਸਟੇਸ਼ਨ ਨਾਲ ਪਿੰਡ ਭਸਮੜਾ, ਭੈਣੀ, ਘੜਾਮ, ਰਾਜਗੜ, ਨੰਦਗੜ, ਪਠਾਣ ਮਾਜਰਾ, ਸ਼ੇਰਗੜ, ਕਿਸ਼ਨਪੁਰਾ, ਕਪੂਰੀ, ਬਾਂਗੜਾ, ਖੇੜੀ ਰਾਜੂ, ਜਲਾਹਖੇੜੀ ਆਦਿ ਪਿੰਡਾ ਨੂੰ ਲਾਭ ਹੋਵੇਗਾ ਤੇ ਬਿਜਲੀ ਨਿਰਵਿਘਨ ਪ੍ਰਾਪਤ ਹੋਵੇਗੀ। ਇਸ ਮੌਕੇ ਬਿਜਲੀ ਨਿਗਮ ਦੇ ਡਾਇਰੈਕਟਰ ਆਰ. ਪੀ. ਪਾਂਡਵ ਨੇ ਕਿਹਾ ਕਿ ਸਨੌਰ ਹਲਕੇ ’ਚ ਦੋ ਨਵੇਂ ਬਿਜਲੀ ਗਰਿੱਡ ਲੱਗਣ ਨਾਲ ਹਲਕੇ ਦਾ ਵਿਕਾਸ ਹੋਵੇਗਾ। ਇਸ ਮੌਕੇ ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਸੇਖੋਂ, ਚੇਅਰਮੈਨ ਰਤਿੰਦਰ ਸਿੰਘ ਰਿੱਕੀ ਮਾਨ, ਜੋਗਿੰਦਰ ਸਿੰਘ ਕਾਕੜਾ, ਚੇਅਰਮੈਨ ਅਸ਼ਵਨੀ ਬੱਤਾ, ਚੇਅਰਪਰਸਨ ਅੰਮ੍ਰਿਤਪਾਲ ਕੌਰ, ਵਾਈਸ ਚੇਅਰਮੈਨ ਗੁਰਮੀਤ ਸਿੰਘ, ਦੀਦਾਰ ਸਿੰਘ ਦੌਣਕਲਾਂ, ਮੁੱਖ ਇੰਜੀਨੀਅਰ ਟੀ. ਐੱਸ. ਇੰਜ. ਆਰ. ਐੱਸ. ਸਰਾਓ, ਡਿਪਟੀ ਚੀਫ਼ ਇੰਜੀਨੀਅਰ ਸੁਰਿੰਦਰ ਚੋਪੜਾ, ਵਧੀਕ ਐੱਸ. ਈ. ਗੁਰਤੇਜ ਸਿੰਘ ਚਹਿਲ, ਸੀਨੀਅਰ ਐਕਸੀਐਨ ਜਤਿੰਦਰਪਾਲ ਸਿੰਘ ਕੰਡਾ, ਭਸਮੜਾ ਪਿੰਡ ਦੇ ਸਰਪੰਚ ਸ਼੍ਰੀਮਤੀ ਰਜਨੀ, ਪ੍ਰਹਿਲਾਦ ਸ਼ਰਮਾ, ਰਮੇਸ਼ ਸ਼ਰਮਾ ਆਦਿ ਮੌਜੂਦ ਸਨ। ਇਸ ਮੌਕੇ ਪਿੰਡ ਵਾਸੀਆਂ ਨੇ ਸ਼੍ਰੀਮਤੀ ਪ੍ਰਨੀਤ ਕੌਰ ਤੇ ਹਰਿੰਦਰਪਾਲ ਸਿੰਘ ਹੈਰੀਮਾਨ ਦਾ ਸਨਮਾਨ ਵੀ ਕੀਤਾ।


Bharat Thapa

Content Editor

Related News