ਮਾਮਲਾ ਪਟਿਆਲਾ ਪੁਲਸ-ਵਿਧਾਇਕਾਂ ਦੇ ਵਿਵਾਦ ਦਾ: ਬਚਾਅ 'ਚ ਆਈ ਪ੍ਰਨੀਤ ਕੌਰ
Monday, Nov 25, 2019 - 10:35 AM (IST)
![ਮਾਮਲਾ ਪਟਿਆਲਾ ਪੁਲਸ-ਵਿਧਾਇਕਾਂ ਦੇ ਵਿਵਾਦ ਦਾ: ਬਚਾਅ 'ਚ ਆਈ ਪ੍ਰਨੀਤ ਕੌਰ](https://static.jagbani.com/multimedia/2019_11image_10_35_038201197uu.jpg)
ਪਟਿਆਲਾ (ਰਾਜੇਸ਼)—ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਜ਼ਿਲਾ ਪਟਿਆਲਾ ਦੀ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਹੋਈ 19 ਨਵੰਬਰ ਦੀ ਮੀਟਿੰਗ ਵਿਚ ਉੱਠੇ ਸਿਆਸੀ ਤੂਫਾਨ ਨੂੰ ਕੰਟਰੋਲ ਕਰਨ ਲਈ ਪਟਿਆਲਾ ਦੀ ਐੱਮ. ਪੀ. ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਧਰਮ-ਪਤਨੀ ਮਹਾਰਾਣੀ ਪ੍ਰਨੀਤ ਕੌਰ ਨੇ ਜ਼ਿਲੇ ਦੇ ਕਾਂਗਰਸੀ ਵਿਧਾਇਕਾਂ ਨੂੰ ਹੈਲੀਕਾਪਟਰ ਦੀ ਸੈਰ ਕਰਵਾ ਕੇ ਮਾਮਲਾ ਸ਼ਾਂਤ ਕਰਨ ਲਈ ਕੋਸ਼ਿਸ਼ ਕੀਤੀ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇ ਜ਼ਿਲੇ ਵਿਚ ਹੋਈ ਕਾਂਗਰਸੀ ਵਿਧਾਇਕਾਂ ਦੀ ਇਸ ਬਗਾਵਤ ਦਾ ਪੂਰੇ ਪੰਜਾਬ ਦੇ ਵਿਧਾਇਕਾਂ 'ਤੇ ਅਸਰ ਨਾ ਹੋਵੇ, ਇਸ ਲਈ ਇਸ ਨੂੰ ਦਬਾਉਣ ਲਈ ਪ੍ਰਨੀਤ ਕੌਰ ਨੇ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨੂੰ ਹੈਲੀਕਾਪਟਰ ਦੀ ਸੈਰ ਕਰਵਾਈ। ਐਤਵਾਰ ਨੂੰ ਨੂਰਮਹਿਲ ਵਿਖੇ ਹੋਏ ਦਿਵਯ ਜੋਤੀ ਜਾਗ੍ਰਤੀ ਸੰਸਥਾ ਦੇ ਪ੍ਰੋਗਰਾਮ ਵਿਚ ਮਹਾਰਾਣੀ ਪ੍ਰਨੀਤ ਕੌਰ ਸਮੇਤ ਇਨ੍ਹਾਂ ਵਿਧਾਇਕਾਂ ਨੇ ਸ਼ਿਰਕਤ ਕਰਨੀ ਸੀ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਪ੍ਰਨੀਤ ਕੌਰ ਨੇ ਧਰਮਸੌਤ ਸਮੇਤ ਤਿੰਨਾਂ ਵਿਧਾਇਕਾਂ ਨੂੰ ਆਪਣੇ ਮੋਤੀ ਮਹਿਲ ਵਿਖੇ ਬੁਲਾਇਆ। ਉਨ੍ਹਾਂ ਨੂੰ ਹੈਲੀਕਾਪਟਰ ਵਿਚ ਨਾਲ ਲੈ ਕੇ ਨੂਰਮਹਿਲ ਵਿਖੇ ਗਏ।
ਤਿੰਨਾਂ ਕਾਂਗਰਸੀ ਵਿਧਾਇਕਾਂ ਨੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿਚ ਜ਼ਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਸ ਅਧਿਕਾਰੀਆਂ ਦੀ ਮਨਮਰਜ਼ੀ ਅਤੇ ਭ੍ਰਿਸ਼ਟਾਚਾਰ ਖਿਲਾਫ ਤਾਬੜਤੋੜ ਹਮਲੇ ਕੀਤੇ ਸਨ। ਇਸ ਤੋਂ ਬਾਅਦ ਪੂਰੇ ਪੰਜਾਬ ਦੀ ਸਿਆਸਤ ਭਖ ਗਈ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਸਮੇਤ ਸਮੁੱਚੀਆਂ ਪਾਰਟੀਆਂ ਦੇ ਆਗੂ ਇਸ ਲੜਾਈ ਵਿਚ ਕੁੱਦ ਪਏ ਸਨ। ਵੱਡੇ ਪੱਧਰ 'ਤੇ ਬਿਆਨਬਾਜ਼ੀ ਸ਼ੁਰੂ ਹੋ ਗਈ ਸੀ। ਮੁੱਖ ਮੰਤਰੀ ਦੇ ਜ਼ਿਲੇ ਵਿਚੋਂ ਉੱਠੀ ਕਾਂਗਰਸੀ ਵਿਧਾਇਕਾਂ ਦੀ ਨਾਰਾਜ਼ਗੀ ਕਿਤੇ 'ਸਿਆਸੀ ਭਾਂਬੜ' ਨਾ ਬਣ ਜਾਵੇ, ਇਸ ਸਥਿਤੀ ਨੂੰ ਸਮਝਦੇ ਹੋਏ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੀ ਅਹਿਮ ਜ਼ਿੰਮੇਵਾਰੀ ਨਿਭਾਉਂਦੇ ਹੋਏ ਤਿੰਨੋ ਵਿਧਾਇਕਾਂ ਨੂੰ ਇਕੱਠਿਆਂ ਕੀਤਾ ਅਤੇ ਆਪਣੇ ਨਾਲ ਹੈਲੀਕਾਪਟਰ ਵਿਚ ਬਿਠਾ ਕੇ ਨੂਰਮਹਿਲ ਲੈ ਗਏ। ਉਨ੍ਹਾਂ ਨੂੰ ਇਕ ਤਰ੍ਹਾਂ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਇੰਗਲੈਂਡ ਦੌਰੇ 'ਤੇ ਗਏ ਹੋਏ ਹਨ। ਇਸ ਦੌਰਾਨ ਇਹ ਘਟਨਾਕ੍ਰਮ ਵਾਪਰਿਆ ਹੈ, ਜਿਸ ਦਾ ਫਾਇਦਾ ਉਠਾਉਂਦੇ ਹੋਏ ਕਾਂਗਰਸ ਪਾਰਟੀ ਵਿਚ ਕੈਪਟਨ ਵਿਰੋਧੀ ਖੇਮਾ ਅਤੇ ਵਿਰੋਧੀ ਪਾਰਟੀ ਦੇ ਅਕਾਲੀ-ਭਾਜਪਾ ਆਗੂ ਸਰਗਰਮ ਹੋ ਗਏ ਹਨ। 3-4 ਦਿਨਾਂ ਤੋਂ ਪੰਜਾਬ ਵਿਚ ਇਹ ਮਸਲਾ ਸੁਰਖੀਆਂ ਵਿਚ ਹੈ। ਪ੍ਰਨੀਤ ਕੌਰ ਇਸ ਮਾਮਲੇ ਨੂੰ ਕੰਟਰੋਲ ਕਰਨ ਲਈ ਖੁਦ ਅੱਗੇ ਆ ਗਏ ਹਨ। ਸੂਤਰਾਂ ਅਨੁਸਾਰ ਹੈਲੀਕਾਪਟਰ ਵਿਚ ਪ੍ਰਨੀਤ ਕੌਰ ਨੇ ਇਨ੍ਹਾਂ ਵਿਧਾਇਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਪਟਿਆਲਾ ਜ਼ਿਲੇ ਦੇ ਵਿਧਾਇਕ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਹਨ। ਇਸ ਲਈ ਉਨ੍ਹਾਂ ਦੀ ਹਰ ਸਮੱਸਿਆ ਪਹਿਲ ਦੇ ਆਧਾਰ 'ਤੇ ਹੱਲ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਵਿਧਾਇਕ ਪ੍ਰਨੀਤ ਕੌਰ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਵਿਧਾਇਕਾਂ ਨੇ ਸਪੱਸ਼ਟ ਕਿਹਾ ਕਿ ਉਹ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਹਨ ਪਰ ਜਿਸ ਤਰ੍ਹਾਂ ਪੰਜਾਬ ਦੀ ਅਫਸਰਸ਼ਾਹੀ ਅਤੇ ਪੁਲਸ ਬੇਲਗਾਮ ਹੋਈ ਹੈ, ਉਸ ਦਾ ਸਭ ਤੋਂ ਵੱਡਾ ਨੁਕਸਾਨ ਕਾਂਗਰਸ ਪਾਰਟੀ ਨੂੰ ਹੋਣਾ ਹੈ। 2022 ਵਿਚ ਫਿਰ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇ, ਇਸ ਲਈ ਉਹ ਮੁੱਖ ਮੰਤਰੀ ਦੇ ਸਾਹਮਣੇ ਇਹ ਮਾਮਲਾ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੇ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿਚ ਜਨਤਾ ਦੀ ਅਵਾਜ਼ ਬੁਲੰਦ ਕੀਤੀ ਹੈ। ਇਸ ਲਈ ਅਫਸਰਸ਼ਾਹੀ ਨੂੰ ਕੰਟਰੋਲ ਕੀਤਾ ਜਾਵੇ।