ਕੋਰੋਨਾ ਕਾਰਣ ਮੰਦਹਾਲੀ ਨਾਲ ਜੂਝ ਰਹੀ ਇੰਡਸਟਰੀ ਦੇ ਹੱਕ ''ਚ ਆਏ ਪ੍ਰਤਾਪ ਬਾਜਵਾ
Saturday, Mar 28, 2020 - 10:59 PM (IST)
ਗੁਰਦਾਸਪੁਰ, (ਹਰਮਨ)- ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸੂਬੇ ਦੀ ਇੰਡਸਟਰੀ ਦੇ ਬਿਜਲੀ ਬਿੱਲਾਂ 'ਚ ਨਿਰਧਾਰਤ ਘੱਟੋ-ਘੱਟ ਫਿਕਸ ਖਰਚੇ ਮੁਆਫ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਬਾਜਵਾ ਨੇ ਕਿਹਾ ਕਿ ਪੰਜਾਬ ਸਮੇਤ ਪੂਰੀ ਦੁਨੀਆ ਅੰਦਰ ਉਦਯੋਗ ਅਤੇ ਵਪਾਰ ਦਾ ਹਾਲ ਕਾਫੀ ਮੰਦਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਹੁਣ ਜਦੋਂ ਇਨ੍ਹਾਂ ਉਦਯੋਗਾਂ ਦਾ ਸਾਰਾ ਕੰਮ ਬੰਦ ਪਿਆ ਹੈ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੀ ਦੇਰ ਇਹ ਉਦਯੋਗ ਬੰਦ ਰਹਿੰਦੇ ਹਨ, ਓਨੀ ਦੇਰ ਸਿਰਫ ਖਪਤ ਹੋਈ ਬਿਜਲੀ ਦੇ ਬਿੱਲ ਹੀ ਵਸੂਲੇ ਜਾਣ ਜਦੋਂ ਕਿ ਪਾਵਰਕਾਮ ਵੱਲੋਂ ਨਿਰਧਾਰਤ ਕੀਤੇ ਬਿਜਲੀ ਦੇ ਘੱਟੋ-ਘੱਟ ਫਿਕਸ ਖਰਚਿਆਂ ਦੀ ਵਸੂਲੀ 'ਤੇ ਰੋਕ ਲਾਉਣੀ ਚਾਹੀਦੀ ਹੈ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੂਬੇ ਅੰਦਰ ਪ੍ਰਾਪਰਟੀ ਟੈਕਸ, ਸੀਵਰੇਜ, ਪਾਣੀ ਅਤੇ ਐਕਸਾਈਜ਼ ਡਿਊਟੀ ਦੀਆਂ ਅਦਾਇਗੀਆਂ ਲਈ ਵੀ ਜੂਨ ਮਹੀਨੇ ਤੱਕ ਦਾ ਸਮਾਂ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਸਬੰਧੀ ਰਿਫੰਡ ਵੀ ਤੁਰੰਤ ਜਾਰੀ ਕੀਤਾ ਜਾਣਾ ਚਾਹੀਦਾ ਹੈ। ਸਰਕਾਰੀ ਕੇਸਾਂ ਦੀ ਸੁਣਵਾਈ ਵਿਚ ਵੀ ਦੇਰੀ ਕਰਨੀ ਚਾਹੀਦੀ ਹੈ ਤਾਂ ਜੋ ਲੋਕ ਪ੍ਰੇਸ਼ਾਨੀਆਂ ਤੋਂ ਬਚ ਸਕਣ।