ਆਟਾ ਵੰਡ ਸਕੀਮ ਨੂੰ ਲੈ ਕੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ, ਕਿਹਾ-ਭ੍ਰਿਸ਼ਟਾਚਾਰ ਨੂੰ ਦੇਵੇਗੀ ਜਨਮ
Saturday, Oct 01, 2022 - 08:49 PM (IST)
ਗੁਰਦਾਸਪੁਰ (ਜੀਤ ਮਠਾਰੂ)-ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਲਾਭਪਾਤਰੀਆਂ ਦੇ ਘਰਾਂ ’ਚ ਆਟਾ ਵੰਡਣ ਵਾਲੀ ਯੋਜਨਾ ਲਈ ਭਗਵੰਤ ਮਾਨ ਸਰਕਾਰ ਦੀ ਨਿੰਦਾ ਕੀਤੀ ਹੈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਵੱਡੇ ਕਾਰਪੋਰੇਟ ਘਰਾਣਿਆਂ ਦੀ ਸਲਾਹ ’ਤੇ ਸਿਆਸੀ ਲਾਹਾ ਲੈਣ ਲਈ ਇਹ ਸਕੀਮ ਕਾਹਲੀ ’ਚ ਸ਼ੁਰੂ ਕੀਤੀ ਹੈ, ਜੋ ਸਿਰਫ ਭ੍ਰਿਸ਼ਟਾਚਾਰ ਨੂੰ ਜਨਮ ਦੇਵੇਗੀ ਕਿਉਂਕਿ ਨਿੱਜੀ ਕੰਪਨੀਆਂ ਅਤੇ ਟਰਾਂਸਪੋਰਟਰ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ। ਬਾਜਵਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਦਾ ਪੈਰ ਅਸਲ ’ਚ ਦਿੱਲੀ ’ਚ ਪਿਆ ਹੈ, ਜਿੱਥੇ ਅਰਵਿੰਦ ਕੇਜਰੀਵਾਲ ਸਰਕਾਰ ਸ਼ਰਾਬ ਦੀ ਲਾਬੀ ਦੇ ਪ੍ਰਭਾਵ ਹੇਠ ਬਣਾਈ ਗਈ ਇਕਤਰਫਾ ਆਬਕਾਰੀ ਨੀਤੀ ਕਾਰਨ ਪਹਿਲਾਂ ਹੀ ਕਟਹਿਰੇ ’ਚ ਹੈ।
ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਲੈ ਕੇ ਕੈਪਟਨ ਦਾ ਵੱਡਾ ਬਿਆਨ, ਦੁਬਈ ਤੋਂ ਕਿਸ ਨੇ ਭੇਜਿਆ, ‘ਆਪ’ ਸਰਕਾਰ ਕਰਵਾਏ ਜਾਂਚ
ਹੁਣ ਪੰਜਾਬ ਵਿਚ 'ਆਪ' ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ 17,000 ਤੋਂ ਵੱਧ ਡਿਪੂ ਹੋਲਡਰਾਂ ਨੂੰ ਪੂਰੀ ਤਰ੍ਹਾਂ ਬੇਰੁਜ਼ਗਾਰ ਕਰ ਦਿੱਤਾ ਜਾਵੇਗਾ। ਇਸ ਨਾਲ ਆਟਾ ਚੱਕੀਆਂ ਵਾਲਿਆਂ ਦਾ ਰੁਜ਼ਗਾਰ ਵੀ ਖੁੱਸ ਜਾਵੇਗਾ। ਬਾਜਵਾ ਨੇ ਕਿਹਾ ਕਿ 500 ਕਰੋੜ ਰੁਪਏ ਸਿਰਫ ਆਟਾ ਵੰਡਣ ਲਈ ਖਰਚ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਇਸ ਪ੍ਰਕਿਰਿਆ ਨੂੰ ਪਹਿਲਾਂ ਹੀ ਰਾਸ਼ਨ ਡਿਪੂਆਂ ਵੱਲੋਂ ਚੰਗੀ ਤਰ੍ਹਾਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਮੇਂ ਸਿਰ ਦਖਲ ਦੇ ਕੇ 17 ਅਕਤੂਬਰ ਤੱਕ ਆਟਾ ਵੰਡਣ ਸਬੰਧੀ ਲਗਾਈ ਰੋਕ ਦੀ ਸ਼ਲਾਘਾ ਕੀਤੀ।
ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਗੈਂਗ ਦੇ ਖ਼ਤਰਨਾਕ ਗੈਂਗਸਟਰ ਜਾਂਬਾ ਨੂੰ STF ਨੇ ਕੀਤਾ ਗ੍ਰਿਫ਼ਤਾਰ, ਵਿਦੇਸ਼ੀ ਹਥਿਆਰ ਬਰਾਮਦ