ਪ੍ਰਤਾਪ ਬਾਜਵਾ ਨੇ ਮੁੜ ਕੈਪਟਨ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ
Wednesday, Apr 08, 2020 - 06:33 PM (IST)
ਗੁਰਦਾਸਪੁਰ (ਹਰਮਨ) : ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਅੰਦਰ ਵੱਡੀਆਂ ਅਤੇ ਮੀਡੀਅਮ ਸਨਅਤਾਂ ਕੋਲੋਂ ਬਿਜਲੀ ਬਿੱਲਾਂ ਦੇ ਰੂਪ 'ਚ ਵਸੂਲਿਆ ਜਾਣ ਵਾਲਾ ਘੱਟੋ-ਘੱਟ ਟੈਰਿਫ ਮੁਆਫ ਕਰ ਦਿੱਤੇ ਜਾਣ 'ਤੇ ਸੀਨੀਅਰ ਕਾਂਗਰਸੀ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਬਾਜਵਾ ਨੇ ਮੁੱਖ ਮੰਤਰੀ ਨੂੰ ਇਕ ਹੋਰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਹ ਰਾਹਤ ਸਿਰਫ ਵੱਡੇ ਅਤੇ ਦਰਮਿਆਨੇ ਕਾਰੋਬਾਰੀਆਂ ਤੱਕ ਸੀਮਤ ਰੱਖਣ ਦੀ ਬਜਾਏ ਪੰਜਾਬ ਦੇ ਸਾਰੇ ਛੋਟੇ ਸਨਅਤਕਾਰਾਂ ਅਤੇ ਦੁਕਾਨਦਾਰਾਂ ਨੂੰ ਵੀ ਇਹ ਛੋਟ ਦੇਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ 28 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਸੀ ਕਿ ਕਰੋਨਾ ਵਾਇਰਸ ਕਾਰਨ ਪੰਜਾਬ ਦੇ ਸਾਰੇ ਕਾਰੋਬਾਰ ਤੇ ਉਦਯੋਗ ਬੰਦ ਹੋ ਚੁੱਕੇ ਹਨ ਜਿਸ ਕਾਰਨ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸੰਕਟ ਦੇ ਸਮੇਂ ਵਿਚ ਸੂਬੇ ਦੇ ਕਾਰੋਬਾਰੀਆਂ ਕੋਲੋਂ ਬਿਜਲੀ ਬਿੱਲਾਂ ਦੇ ਨਾਲ ਵਸੂਲਿਆ ਜਾਣ ਵਾਲਾ ਘੱਟੋ-ਘੱਟ ਕਿਰਾਇਆ (ਟੈਰਿਫ) ਨਾ ਲਿਆ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਕਰਫਿਊ ਨੂੰ ਲੈ ਕੇ ਕੋਈ ਫੈਸਲਾ ਨਹੀਂ, ਸਰਕਾਰ ਨੇ ਵਾਪਸ ਲਿਆ ਨੋਟੀਫਿਕੇਸ਼ਨ
ਇਸ ਤੋਂ ਬਾਅਦ ਅੱਜ ਜਦੋਂ ਕੈਪਟਨ ਸਰਕਾਰ ਨੇ ਸੂਬੇ ਅੰਦਰ ਵੱਡੇ ਅਤੇ ਦਰਮਿਆਨੇ ਉਦਯੋਗਾਂ ਦਾ ਇਹ ਕਿਰਾਇਆ ਮੁਆਫ ਕਰ ਦਿੱਤਾ ਹੈ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਦੁਬਾਰਾ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਹਵਾਲਾ ਦਿੱਤਾ ਹੈ ਕਿ ਸੂਬੇ ਅੰਦਰ ਵੱਡੇ ਤੇ ਦਰਮਿਆਨੇ ਕਾਰੋਬਾਰੀਆਂ ਦੀ ਗਿਣਤੀ ਸਿਰਫ 20 ਫੀਸਦੀ ਹੈ ਜਦੋਂ ਕਿ ਛੋਟੇ ਦੁਕਾਨਦਾਰਾਂ ਤੇ ਸਨਅਤਕਾਰਾਂ ਦੀ ਗਿਣਤੀ 80 ਫੀਸਦੀ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੰਕਟ ਨਾਲ ਜੂਝ ਰਹੇ ਇਨ੍ਹਾਂ 80 ਫੀਸਦੀ ਛੋਟੇ ਦੁਕਾਨਦਾਰਾਂ ਤੇ ਸਨਅਤਕਾਰਾਂ ਲਈ ਰਹਿਮਦਿਲੀ ਦਿਖਾ ਕੇ ਉਨ੍ਹਾਂ ਕੋਲੋਂ ਵਸੂਲਿਆ ਜਾਣ ਵਾਲਾ ਬਿਜਲੀ ਦਾ ਘੱਟੋ-ਘੱਟ ਖਰਚਾ/ਕਿਰਾਇਆ ਮੁਆਫ ਕਰੇ।
ਇਹ ਵੀ ਪੜ੍ਹੋ : ਪੰਜਾਬ ਦੇ ਪੇਂਡੂ ਇਲਾਕਿਆਂ ''ਚ ਜ਼ਿਆਦਾ ਕਹਿਰ ਢਾਹ ਰਿਹਾ ਕੋਰੋਨਾ, ਜਾਣੋ ਪੂਰੀ ਰਿਪੋਰਟ