ਪਾਵਰਕਾਮ ਦਾ ਕਮਾਲ! ਮ੍ਰਿਤਕ ਖਪਤਕਾਰ ਦਾ ਬਿੱਲ ਕਿਸੇ ਦੂਜੇ ਦੇ ਖਾਤੇ ਵਿਚ ਪਾਇਆ

Wednesday, Dec 25, 2019 - 12:36 PM (IST)

ਪਾਵਰਕਾਮ ਦਾ ਕਮਾਲ! ਮ੍ਰਿਤਕ ਖਪਤਕਾਰ ਦਾ ਬਿੱਲ ਕਿਸੇ ਦੂਜੇ ਦੇ ਖਾਤੇ ਵਿਚ ਪਾਇਆ

ਲੁਧਿਆਣਾ : ਪਾਵਰਕਾਮ ਨੇ ਇਕ ਵਾਰ ਫਿਰ ਕਮਾਲ ਕਰਦੇ ਹੋਏ ਮ੍ਰਿਤਕ ਖਪਤਕਾਰ ਦਾ ਬਕਾਇਆ ਬਿੱਲ ਕਿਸੇ ਦੂਜੇ ਦੇ ਖਾਤੇ ਵਿਚ ਪਾ ਦਿੱਤਾ ਅਤੇ ਅਸ਼ੋਕ ਗੁਪਤਾ ਵੱਲੋਂ ਵਾਰ-ਵਾਰ ਇਤਰਾਜ਼ ਪੇਸ਼ ਕਰਨ 'ਤੇ ਵੀ ਬਿੱਲ ਨਾ ਦੇਣ 'ਤੇ ਉਸ ਦੀ ਫਰਮ ਦਾਦਾ ਡਿਸਟ੍ਰੀਬਿਊਟਰਜ਼ ਦਾ ਕਨੈਕਸ਼ਨ ਕੱਟ ਦਿੱਤਾ। ਹੋਲਸੇਲ ਦਵਾ ਵਿਕਰੇਤਾ ਅਤੇ ਦਾਦਾ ਡਿਸਟ੍ਰੀਰਿਊਟਰਜ਼ ਦੇ ਲਵਲੀ ਡਾਵਰ ਨੇ ਦੱਸਿਆ ਕਿ ਉਨ੍ਹਾਂ ਦੀ ਫਰਮ ਵਿਚ ਪ੍ਰਤੀਮਾ ਡਾਵਰ ਦੇ ਨਾਮ 'ਤੇ ਬਿਜਲੀ ਦਾ ਕਨੈਕਸ਼ਨ ਲੱਗਾ ਹੈ ਜਿਸ ਦਾ ਐਵਰੇਜ 6-7 ਹਜ਼ਾਰ ਰੁਪਏ ਬਿੱਲ ਆਉਂਦਾ ਹੈ ਪਰ ਅਚਾਨਕ ਉਨ੍ਹਾਂ ਨੂੰ ਇਕ ਲੱਖ 56 ਹਜ਼ਾਰ ਦਾ ਬਿੱਲ ਭੇਜ ਦਿੱਤਾ ਗਿਆ।

ਜਦੋਂ ਉਨ੍ਹਾਂ ਨੇ ਚਾਂਦ ਸਿਨੇਮਾ ਸਥਿਤ ਪਾਵਰਕਾਮ ਦੇ ਦਫਤਰ ਵਿਚ ਜਾ ਕੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਕੁਲਵੰਤ ਸਿੰਘ ਨਾਮ ਦਾ ਇਕ ਵਿਅਕਤੀ ਜੋ ਇਸ ਦੁਨੀਆ ਵਿਚ ਨਹੀਂ ਰਿਹਾ, ਉਸ ਦਾ ਬਕਾਇਆ ਸਾਡੇ ਖਾਤੇ ਵਿਚ ਜੋੜ ਦਿੱਤਾ ਗਿਆ ਹੈ। ਜਦੋਂ ਉਨ੍ਹਾਂ ਨੇ ਬਿੱਲ ਅਦਾ ਨਾ ਕੀਤਾ ਤਾਂ ਪਾਵਰਕਾਮ ਨੇ ਉਨ੍ਹਾਂ ਦੀ ਫਰਮ ਦਾ ਕਨੈਕਸ਼ਨ ਕੱਟ ਦਿੱਤਾ। ਇਸ ਤੋਂ ਬਾਅਦ ਉਹ ਐਕਸੀਅਨ ਸਮੇਤ ਹੋਰਨਾ ਅਫਸਰਾਂ ਨੂੰ ਮਿਲ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਨਾ ਤਾਂ ਉਨ੍ਹਾਂ ਦਾ ਬਿਜਲੀ ਕਨੈਕਸ਼ਨ ਜੋੜਿਆ ਜਾ ਰਿਹਾ ਹੈ ਅਤੇ ਨਾ ਹੀ ਬਿੱਲ ਠੀਕ ਕੀਤਾ ਜਾ ਰਿਹਾ ਹੈ।
ਉਧਰ, ਲੁਧਿਆਣਾ ਡਿਸਟ੍ਰਿਕਟ ਕੈਮਿਸਟ ਐਸੋ. ਅਤੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੀ.ਐੱਸ. ਚਾਵਲਾ ਨੇ ਕਿਹਾ ਕਿ ਇਹ ਪਾਵਰਕਾਮ ਦੀ ਸਰਾਸਰ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਮਾਰਕਿਟ ਵਿਚ ਲੰਬੇ ਸਮੇਂ ਤੋਂ ਬਿਜਲੀ ਦੀਆਂ ਢਿੱਲੀਆ ਤਾਰਾਂ ਦਾ ਜੰਜਾਲ ਬਣਿਆ ਹੋਇਆ ਹੈ ਜਿਸ ਵਿਚ ਸਪਾਰਕਿੰਗ ਨਾਲ ਮਾਰਕਿਟ ਵਿਚ ਅੱਗ ਦਾ ਖਤਰਾ ਰਹਿੰਦਾ ਹੈ। ਉਹ ਕਈ ਵਾਰ ਪਾਵਰਕਾਮ ਦੇ ਅਫਸਰਾਂ ਨੂੰ ਸਮੱਸਿਆ ਦੇ ਹੱਲ ਲਈ ਕਹਿ ਚੁੱਕੇ ਹਨ ਪਰ ਇਹ ਸਮੱਸਿਆ ਤਾਂ ਠੀਕ ਨਹੀਂ ਹੋਈ, ਉਲਟਾ ਸਾਡੇ ਮੈਂਬਰਾਂ ਦੇ ਬਿਜਲੀ ਕਨੈਕਸ਼ਨ ਕੱਟ ਕੇ ਤੰਗ ਕੀਤਾ ਜਾ ਰਿਹਾ ਹੈ। ਚਾਵਲਾ ਨੇ ਕਿਹਾ ਕਿ ਪਾਵਰਕਾਮ ਅਫਸਰਾਂ ਨੇ ਇਹ ਰਵੱਈਆ ਨਾ ਛੱਡਿਆ ਤਾਂ ਮਾਰਕਿਟ ਦੇ ਦੁਕਾਨਦਾਰਾਂ ਨੂੰ ਪਾਵਰਕਾਮ ਖਿਲਾਫ ਸੜਕਾਂ 'ਤੇ ਉੱਤਰਨਾ ਪਵੇਗਾ।


author

Babita

Content Editor

Related News