ਪਾਵਰਕਾਮ ਦੇ ਡਾਇਰੈਕਟਰਾਂ ਦੀ ਮੀਟਿੰਗ ''ਬਰੋਟ ਵੈਲੀ'' ''ਚ ਹੋਣ ਨੂੰ ਲੈ ਕੇ ਚਰਚਾ ਛਿੜੀ

Tuesday, Jul 09, 2019 - 04:58 PM (IST)

ਪਾਵਰਕਾਮ ਦੇ ਡਾਇਰੈਕਟਰਾਂ ਦੀ ਮੀਟਿੰਗ ''ਬਰੋਟ ਵੈਲੀ'' ''ਚ ਹੋਣ ਨੂੰ ਲੈ ਕੇ ਚਰਚਾ ਛਿੜੀ

ਪਟਿਆਲਾ (ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਹੋਲ ਟਾਈਮ ਡਾਇਰੈਕਟਰਜ਼ (ਡਬਲਿਊ. ਟੀ. ਡੀ.) ਦੀ ਮੀਟਿੰਗ ਹਿਮਾਚਲ ਪ੍ਰਦੇਸ਼ ਦੀ 'ਬਰੋਟ ਵੈਲੀ' 'ਚ ਹੋਣ ਨੂੰ ਲੈ ਕੇ ਨਵੀਂ ਚਰਚਾ ਛਿੜ ਪਈ ਹੈ। ਇਸ ਮਾਮਲੇ 'ਚ ਵਾਟਸਐਪ ਅਤੇ ਈ-ਮੇਲ ਰਾਹੀਂ ਸਾਂਝੇ ਕੀਤੇ ਜਾ ਰਹੇ ਸੰਦੇਸ਼ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਾਵਰਕਾਮ ਮੈਨੇਜਮੈਂਟ ਨੂੰ ਪੰਜਾਬ ਦੇ ਗਰੀਬ ਕਿਸਾਨਾਂ ਦੀ ਕੋਈ ਚਿੰਤਾ ਨਹੀਂ ਹੈ। ਪਹਿਲਾਂ ਹੀ ਘਾਟੇ ਵਿਚ ਜਾ ਰਹੇ ਪਾਵਰਕਾਮ ਦੀ ਮੀਟਿੰਗ 'ਬਰੋਟ ਵੈਲੀ' ਵਰਗੇ ਟੂਰਿਸਟ ਡੈਸਟੀਨੇਸ਼ਨ 'ਤੇ ਕੀਤੀ ਜਾ ਰਹੀ ਹੈ। ਇਨ੍ਹਾਂ ਸੰਦੇਸ਼ਾਂ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਾਵਰਕਾਮ ਵੱਲੋਂ ਬਿਜਲੀ ਦੀ ਸਪਲਾਈ ਵੀ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ। ਲੋਕਾਂ ਨੂੰ ਪਾਵਰ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸੰਦੇਸ਼ 'ਚ ਦਾਅਵਾ ਕੀਤਾ ਗਿਆ ਹੈ ਕਿ ਪਾਵਰਕਾਮ ਮੈਨੇਜਮੈਂਟ ਨੇ ਇਸ ਲਗਜ਼ਰੀ ਡੈਸਟੀਨੇਸ਼ਨ 'ਤੇ ਮੀਟਿੰਗ ਕਰਨ ਲਈ ਪਾਵਰਕਾਮ ਦੇ ਰੈਵੀਨਿਊ 'ਚੋਂ ਮੋਟਾ ਪੈਸਾ ਖਰਚ ਕਰਨ ਦਾ ਫੈਸਲਾ ਕੀਤਾ ਹੈ। ਜਦੋਂ ਇਸ ਮਾਮਲੇ 'ਚ ਚੇਅਰਮੈਨ ਇੰਜੀ. ਬਲਦੇਵ ਸਿੰਘ ਸਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੀਟਿੰਗ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ। ਜਿਨ੍ਹਾਂ ਨੂੰ ਪਤਾ ਨਹੀਂ ਉਨ੍ਹਾਂ ਨੂੰ ਦੱਸ ਦਈਏ ਕਿ 'ਬਰੋਟ ਵੈਲੀ' ਵਿਚ ਪਾਵਰਕਾਮ ਦਾ ਆਪਣਾ ਕੰਪਲੈਕਸ ਹੈ, ਜਿੱਥੇ 110 ਮੈਗਾਵਾਟ ਦਾ ਸ਼ਨਨ ਪਲਾਂਟ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਮੀਟਿੰਗ ਹੁੰਦੀ ਵੀ ਹੈ ਤਾਂ ਉਹ ਪਾਵਰਕਾਮ ਦੇ ਕੰਪਲੈਕਸ 'ਚ ਹੋਵੇਗੀ, ਨਾ ਕਿ ਕਿਸੇ ਹੋਟਲ 'ਚ। ਉਨ੍ਹਾਂ ਕਿਹਾ ਕਿ ਜਦੋਂ ਫੈਸਲਾ ਹੀ ਨਹੀਂ ਹੋਇਆ ਤਾਂ ਇਸ ਤਰ੍ਹਾਂ ਦੇ ਸੰਦੇਸ਼ ਨਿਸ਼ਚਿਤ ਤੌਰ 'ਤੇ ਕੂੜ-ਪ੍ਰਚਾਰ ਦਾ ਹਿੱਸਾ ਹਨ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਵਿਚ ਇਹ ਬਰੋਟ ਪਿੰਡ ਪੈਂਦਾ ਹੈ, ਜਿਥੇ ਪਾਵਰਕਾਮ ਦਾ ਸ਼ਾਨਨ ਪ੍ਰਾਜੈਕਟ ਹੈ।


author

Anuradha

Content Editor

Related News