ਪਾਵਰਕਾਮ ਦਾ ਸ਼ਿਕੰਜਾ : ਬਿੱਲ ਨਾ ਭਰਨ ਕਾਰਣ ਹੁਣ ਬਿਜਲੀ ਮੁਲਾਜ਼ਮਾਂ ਦੇ ਕੱਟੇ ਕੁਨੈਕਸ਼ਨ

12/22/2019 10:29:43 AM

ਪਟਿਆਲਾ (ਜੋਸਨ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਦੇ ਬਿੱਲਾਂ ਦੀ ਵਸੂਲੀ ਲਈ ਸ਼ੁਰੂ ਕੀਤੀ ਮੁਹਿੰਮ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਉਨ੍ਹਾਂ ਕੁਝ ਬਿਜਲੀ ਮੁਲਾਜ਼ਮਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ, ਜਿਨ੍ਹਾਂ ਦੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਪੈਂਡਿੰਗ ਸੀ।

ਕਾਰਪੋਰੇਸ਼ਨ ਦੇ ਬੁਲਾਰੇ ਨੇ ਦੋਵੇਂ ਕਾਰਪੋਰੇਸ਼ਨ ਦੇ ਉਨ੍ਹਾਂ ਮੁਲਾਜ਼ਮਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੋ ਦਿਨਾਂ ਵਿਚ ਆਪਣੇ ਪੈਂਡਿੰਗ ਰਹਿੰਦੇ ਬਿਜਲੀ ਬਿੱਲ ਦੀ ਅਦਾਇਗੀ ਕਰ ਦੇਣ ਨਹੀਂ ਤਾਂ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਸੋਮਵਾਰ ਨੂੰ ਕੱਟ ਦਿੱਤੇ ਜਾਣਗੇ। ਗਰਮੀਆਂ ਵਿਚ ਜਦੋਂ ਬਿਜਲੀ ਚੋਰੀ ਦੀ ਮੁਹਿੰਮ ਉਲੀਕੀ ਗਈ ਸੀ ਤਾਂ ਸਭ ਤੋਂ ਪਹਿਲਾਂ ਕਾਰਪੋਰੇਸ਼ਨ ਨੇ ਆਪਣੇ ਉੱਚ ਅਫਸਰਾਂ ਜਿਨ੍ਹਾਂ ਵਿਚ ਡਾਇਰੈਕਟਰ, ਮੁੱਖ ਇੰਜੀਨੀਅਰ, ਨਿਗਰਾਨ ਇੰਜੀਨੀਅਰ ਅਤੇ ਐਕਸੀਅਨ ਸ਼ਾਮਲ ਸਨ, ਦੇ ਮੀਟਰਾਂ ਦੀਆਂ ਸੀਲਾਂ ਫਿਕਸਡ ਕੀਤੀਆਂ ਗਈਆਂ ਅਤੇ ਬਿਜਲੀ ਦੇ ਮੀਟਰ ਬਾਹਰ ਕੱਢੇ ਗਏ। ਬਿਜਲੀ ਬਿੱਲਾਂ ਦੀ ਵਸੂਲੀ ਲਈ ਵੀ ਕਾਰਪੋਰੇਸ਼ਨ ਨੇ ਆਪਣੇ ਅਫਸਰਾਂ ਤੇ ਕਰਮਚਾਰੀਆਂ ਨਾਲ ਇਹ ਮੁਹਿੰਮ ਸ਼ੁਰੂ ਕਰ ਕੇ ਇਕ ਉਦਾਹਰਨ ਬਣਾਈ ਹੈ। ਕਿਸੇ ਵੀ ਅਦਾਰੇ ਲਈ ਉਸ ਦੇ ਮਾਲੀਏ ਦਾ ਵੱਡੀ ਮਾਤਰਾ ਵਿਚ ਇਕੱਠਾ ਹੋਣਾ ਜ਼ਰੂਰੀ ਹੁੰਦਾ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿਚ ਅਦਾਰੇ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ।

ਬੁਲਾਰੇ ਨੇ ਦੱਸਿਆ ਕਿ ਰਾਜ ਵਿਚ 3591 ਮੁਲਾਜ਼ਮਾਂ ਤੋਂ 56 ਲੱਖ ਰੁਪਏ ਤੋਂ ਵੱਧ ਬਿਜਲੀ ਬਿੱਲਾਂ ਦੀ ਪੈਂਡਿੰਗ ਵਸੂਲੀ ਕੀਤੀ ਗਈ। ਅੰਮ੍ਰਿਤਸਰ ਬਾਰਡਰ ਜ਼ੋਨ ਵਿਚ 3620 ਮੁਲਾਜ਼ਮਾਂ ਵੱਲ 67 ਲੱਖ ਰੁਪਏ ਤੋਂ ਵੱਧ ਮਾਲੀਆ ਪੈਂਡਿੰਗ ਸੀ, ਜਿਨ੍ਹਾਂ ਵਿਚੋਂ 3327 ਮੁਲਾਜ਼ਮਾਂ ਤੋਂ 45 ਲੱਖ ਰੁਪਏ ਤੋਂ ਵੱਧ ਬਿਜਲੀ ਬਿੱਲਾਂ ਦੀ ਵਸੂਲੀ ਕੀਤੀ ਗਈ ਹੈ ਜਦੋਂ ਕਿ 277 ਮੁਲਾਜ਼ਮਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਲੁਧਿਆਣਾ ਸੈਂਟਰਲ ਜ਼ੋਨ ਵਿਚ 160 ਮੁਲਾਜ਼ਮਾਂ ਵਿਰੁੱਧ 12,61,000 ਰੁਪਏ ਦੀ ਬਿਜਲੀ ਬਿੱਲਾਂ ਦੀ ਅਦਾਇਗੀ ਪੈਡਿੰਗ ਹੈ। ਇਸ ਤੋਂ ਇਲਾਵਾ ਪਟਿਆਲਾ ਸਾਊਥ ਜ਼ੋਨ ਵਿਚ 622 ਮੁਲਾਜ਼ਮਾਂ ਤੋਂ ਕਾਰਪੋਰੇਸ਼ਨ ਨੇ 45 ਲੱਖ ਰੁਪਏ ਤੋਂ ਵੱਧ ਬਿਜਲੀ ਬਿੱਲਾਂ ਦੀ ਅਦਾਇਗੀ ਲੈਣੀ ਸੀ, ਜਿਸ ਵਿਚੋਂ 274 ਮੁਲਾਜ਼ਮਾਂ ਤੋਂ 1 ਤੋਂ 19 ਦਸੰਬਰ ਤੱਕ 11.36 ਲੱਖ ਰੁਪਏ ਵਸੂਲੀ ਕੀਤੀ ਗਈ। 102 ਮੁਲਾਜ਼ਮਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਸੇ ਤਰ੍ਹਾਂ ਵੈਸਟ ਜ਼ੋਨ ਵਿਚ 330 ਮੁਲਾਜ਼ਮਾਂ ਕੋਲੋਂ 48.81 ਲੱਖ ਰੁਪਏ ਬਿਜਲੀ ਬਿੱਲਾਂ ਦੀ ਵਸੂਲੀ ਪੈਂਡਿੰਗ ਸੀ ਜਿਨ੍ਹਾਂ ਵਿਚੋਂ 135 ਮੁਲਾਜ਼ਮਾਂ ਕੋਲੋਂ 12.81 ਲੱਖ ਰੁਪਏ ਵਸੂਲੇ ਗਏ ਹਨ ਜਦੋਂ ਕਿ 135 ਮੁਲਾਜ਼ਮਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਨਾਰਥ ਜ਼ੋਨ ਵਿਚ 21 ਮੁਲਾਜ਼ਮਾਂ ਕੋਲੋਂ 1,95,710 ਰੁਪਏ ਬਿਜਲੀ ਬਿੱਲਾਂ ਦੀ ਵਸੂਲੀ ਪੈਂਡਿੰਗ ਹੈ। ਇਕ ਮੁਲਾਜ਼ਮ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ।


Shyna

Content Editor

Related News