ਬਿਜਲੀ ਮੰਤਰੀ ਹਰਭਜਨ ਸਿੰਘ ਤੇ ਵਿਧਾਇਕ ਅਮਰਪਾਲ ਸਿੰਘ ਵੱਲੋਂ ਬਿਜਲੀ ਘਰ ਭਰਥ ਲੋਕ ਅਰਪਣ

Saturday, Jun 04, 2022 - 02:19 AM (IST)

ਬਿਜਲੀ ਮੰਤਰੀ ਹਰਭਜਨ ਸਿੰਘ ਤੇ ਵਿਧਾਇਕ ਅਮਰਪਾਲ ਸਿੰਘ ਵੱਲੋਂ ਬਿਜਲੀ ਘਰ ਭਰਥ ਲੋਕ ਅਰਪਣ

ਬਟਾਲਾ : ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਲਗਭਗ 22 ਪਿੰਡਾਂ ਨੂੰ ਵੱਡੀ ਸਹੂਲਤ ਦਿੰਦਿਆਂ ਪਿੰਡ ਭਰਥ ਵਿਖੇ 66 ਕੇ.ਵੀ. ਸਬ-ਸਟੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪਿੰਡ ਭਰਥ ਦੇ ਇਸ ਨਵੇਂ 66 ਕੇ.ਵੀ. ਸਬ-ਸਟੇਸ਼ਨ ਨੂੰ ਲੋਕ ਅਰਪਣ ਕਰਨ ਦੀ ਰਸਮ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਨਿਭਾਈ ਗਈ। ਇਸ ਮੌਕੇ ਉਨ੍ਹਾਂ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਨਾਭਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਖ਼ਿਲਾਫ਼ 2 ਲੱਖ ਰੁਪਏ ਰਿਸ਼ਵਤ ਲੈਣ 'ਤੇ ਮਾਮਲਾ ਦਰਜ

ਸਬ-ਸਟੇਸ਼ਨ ਦਾ ਉਦਘਾਟਨ ਕਰਨ ਮੌਕੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਹਲਕੇ ਦੇ ਵਸਨੀਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਬਿਜਲੀ ਘਰ ਤੋਂ ਲਗਭਗ 22 ਪਿੰਡਾਂ ਭਰਥ, ਧਾਰੀਵਾਲ ਸੋਹੀਆਂ, ਲੱਲਾ, ਨੰਗਲ ਝੌਰ, ਮਠੋਲਾ, ਭਾਮ, ਚੀਮਾ ਖੁੱਡੀ, ਵਰਸਾਲ ਚੱਕ, ਮੇਤਲੇ, ਸ਼ੁਕਾਲਾ, ਭਾਮੜੀ ਆਦਿ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਬਿਜਲੀ ਘਰ ਦੇ ਬਣਨ ਨਾਲ 132 ਕੇ.ਵੀ. ਸਬ-ਸਟੇਸ਼ਨ ਸ੍ਰੀ ਹਰਗੋਬਿੰਦਪੁਰ ਤੋਂ ਚੱਲਦੇ 4 ਨੰਬਰ ਓਵਰਲੋਡ ਏ.ਪੀ. ਫੀਡਰ (11 ਕੇ.ਵੀ. ਭਰਥ, 11 ਕੇ.ਵੀ. ਮਠੋਲਾ, 11 ਕੇ.ਵੀ. ਨੰਗਲ ਝੌਰ, 11 ਕੇ.ਵੀ. ਭਾਮ) ਅਤੇ 1 ਨੰਬਰ 11 ਕੇ.ਵੀ. ਯੂ.ਪੀ.ਐੱਸ. ਚੀਮਾ ਖੁੱਡੀ ਫੀਡਰ ਅੰਡਰ ਲੋਡ ਹੋਣ ਨਾਲ 132 ਕੇ.ਵੀ. ਸਬ-ਸਟੇਸ਼ਨ ਸ੍ਰੀ ਹਰਗੋਬਿੰਦਪੁਰ ਨੂੰ ਵੀ ਰਾਹਤ ਮਿਲੇਗੀ। 

ਇਹ ਵੀ ਪੜ੍ਹੋ : ਹਸਪਤਾਲ ਵੱਲੋਂ ਪੈਸੇ ਮੰਗਣ 'ਤੇ ਪਰਿਵਾਰ ਨੇ ਜ਼ਬਰਦਸਤੀ ਚੁੱਕਿਆ ਬੱਚਾ, ਹੋਇਆ ਝਗੜਾ

ਬਿਜਲੀ ਮੰਤਰੀ ਨੇ ਕਿਹਾ ਕਿ ਪਿੰਡ ਭਰਥ ਦੀ ਪੰਚਾਇਤ ਵੱਲੋਂ ਇਹ ਬਿਜਲੀ ਘਰ ਬਣਾਉਣ ਲਈ 39 ਕਨਾਲ 5 ਜ਼ਮੀਨ ਬਿਨਾਂ ਕਿਸੇ ਕੀਮਤ ਦੇ ਦਿੱਤੀ ਗਈ ਸੀ, ਜਿਸ ਲਈ ਉਹ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ। ਇਸ ਮੌਕੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਭਰਥ ਵਿਖੇ 66 ਕੇ.ਵੀ. ਸਬ-ਸਟੇਸ਼ਨ ਦੀ ਸ਼ੁਰੂਆਤ ਕਰਕੇ ਹਲਕਾ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਇਸ ਤੋਂ ਪਹਿਲਾਂ ਬਿਜਲੀ ਮੰਤਰੀ ਹਰਭਜਨ ਸਿੰਘ ਤੇ ਵਿਧਾਇਕ ਅਮਰਪਾਲ ਸਿੰਘ ਨੇ ਨਵੇਂ ਬਣੇ ਬਿਜਲੀ ਘਰ 'ਚ ਪੌਦੇ ਵੀ ਲਗਾਏ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਜੁਲਾਈ ਤੋਂ ਨਵੰਬਰ ਤੱਕ ਸਤਿਸੰਗ ਪ੍ਰੋਗਰਾਮ ਰੱਦ

ਇਸ ਮੌਕੇ ਐੱਸ.ਡੀ.ਐੱਮ. ਬਟਾਲਾ ਸ਼੍ਰੀਮਤੀ ਸ਼ਾਇਰੀ ਭੰਡਾਰੀ, ਚੀਫ ਇੰਜੀਨੀਅਰ ਪਾਵਰਕਾਮ ਡੀ.ਕੇ. ਸ਼ਾਰਦਾ, ਚੀਫ ਇੰਜੀਨੀਅਰ ਪਰਵਿੰਦਰ ਸਿੰਘ, ਚੀਫ ਇੰਜੀਨੀਅਰ ਬਾਰਡਰ ਜ਼ੋਨ ਬਾਲ ਕਿਸ਼ਨ, ਡਿਪਟੀ ਚੀਫ ਇੰਜੀਨੀਅਰ ਗੁਰਦਾਸਪੁਰ ਅਰਵਿੰਦਰਜੀਤ ਸਿੰਘ ਬੋਪਾਰਾਏ, ਡਿਪਟੀ ਚੀਫ ਇੰਜੀਨੀਅਰ ਜਗਜੀਤ ਸਿੰਘ, ਡਿਪਟੀ ਚੀਫ ਇੰਜੀਨੀਅਰ ਜਸਵੰਤ ਜਫ਼ਰ, ਡੀ.ਆਰ. ਬੰਗੜ, ਐਡੀਸ਼ਨਲ ਐੱਸ.ਈ. ਸੁਰੇਸ਼ ਕੁਮਾਰ, ਕਮਲਜੀਤ ਸਿੰਘ ਕਾਦੀਆਂ, ਐੱਸ.ਡੀ.ਓ. ਸ੍ਰੀ ਹਰਗੋਬਿੰਦਪੁਰ ਰਵਿੰਦਰ ਕੁਮਾਰ, ਬੀ.ਡੀ.ਪੀ.ਓ. ਅਮਨਦੀਪ ਕੌਰ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ ਭਰਥ, ਮਨਜੋਤ ਸਿੰਘ, ਡਾ. ਨਰਿੰਦਰ ਸਿੰਘ ਬੱਬੂ, ਸੁਖਦੇਵ ਸਿੰਘ ਰੋਮੀ ਪੀ.ਏ., ਸੁਖਰਾਜ ਸਿੰਘ, ਸਰਬਜੀਤ ਸਿੰਘ ਭਰਥ, ਕਾਲਾ ਭਰਥ ਤੋਂ ਇਲਾਵਾ ਇਲਾਕੇ ਦੇ ਹੋਰ ਮੋਹਤਬਰ ਵੀ ਹਾਜ਼ਰ ਸਨ।


author

Mukesh

Content Editor

Related News