ਜੇਲ੍ਹ ਤੋਂ ਸੱਤਾ ਦੀ ਖੇਡ, ਹੁਣ ਤੱਕ ਨਹੀਂ ਟੁੱਟਿਆ ਸਿਮਰਨਜੀਤ ਸਿੰਘ ਮਾਨ ਦਾ ਰਿਕਾਰਡ

01/25/2022 9:29:13 PM

ਚੰਡੀਗੜ੍ਹ (ਜ.ਬ.) : ਕੋਰੋਨਾ ਕਾਰਣ ਚੋਣ ਰੈਲੀਆਂ ਅਤੇ ਰੋਡ ਸ਼ੋਅ ’ਤੇ ਪਾਬੰਦੀ ਹੈ। ਚੋਣ ਕਮਿਸ਼ਨ ਵੀ ਡੋਰ-ਟੂ-ਡੋਰ ਜਾਂ ਫਿਰ ਡਿਜ਼ੀਟਲ ਪ੍ਰਚਾਰ ਕਰਨ ਲਈ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਹਾਲਾਂਕਿ ਕਈ ਰਾਜਨੀਤਕ ਪਾਰਟੀਆਂ ਅਤੇ ਰਾਜਨੇਤਾਵਾਂ ਵਲੋਂ ਇਸ ਤਰੀਕੇ ਨਾਲ ਵੋਟਰਾਂ ਤੱਕ ਪਹੁੰਚ ਬਣਾਉਣ ਨੂੰ ਮੁਸ਼ਕਿਲ ਦੱਸਿਆ ਜਾ ਰਿਹਾ ਹੈ ਪਰ ਪੰਜਾਬ ਨੇ ਅਜਿਹਾ ਦੌਰ ਵੀ ਵੇਖਿਆ ਹੈ, ਜਦੋਂ ਇਸ ਤਰ੍ਹਾਂ ਚੋਣ ਪ੍ਰਚਾਰ ਵੀ ਹੋਇਆ ਹੈ, ਜਿਸ ਵਿਚ ਚੋਣ ਲੜਨ ਵਾਲਾ ਉਮੀਦਵਾਰ ਹੀ ਮੌਜੂਦ ਨਹੀਂ ਰਿਹਾ। ਅਜਿਹਾ ਚੋਣ ਪ੍ਰਚਾਰ 1989 ਦੀਆਂ ਲੋਕਸਭਾ ਚੋਣਾਂ ਦੌਰਾਨ ਹੋ ਚੁੱਕਿਆ ਹੈ ਅਤੇ ਖਾਸ ਗੱਲ ਇਹ ਹੈ ਕਿ ਉਮੀਦਵਾਰਾਂ ਨੇ ਜ਼ਬਰਦਸਤ ਜਿੱਤ ਵੀ ਦਰਜ ਕੀਤੀ ਸੀ। ਇਸ ਮੁੱਦੇ ’ਤੇ ‘ਜਗ ਬਾਣੀ’ ਦੇ ਰਮਨਜੀਤ ਸਿੰਘ ਦੀ ਇਹ ਰਿਪੋਰਟ।

ਕਾਂਗਰਸ ਨੇ ਪੰਜਾਬ ਦੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਇਆ ਹੈ ਅਤੇ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਐਲਾਨ ਹੋਣ ਦੇ ਨਾਲ ਹੀ ਸਵਾਲ ਉੱਠਣ ਲੱਗੇ ਸਨ ਕਿ ਸੁਖਪਾਲ ਸਿੰਘ ਖਹਿਰਾ ਮੌਜੂਦਾ ਸਮੇਂ ਵਿਚ ਜੇਲ੍ਹ ਵਿਚ ਬੰਦ ਹਨ ਤਾਂ ਚੋਣ ਮੈਦਾਨ ਵਿਚ ਉਹ ਕਿਵੇਂ ਹੋਣਗੇ।

ਇਹ ਵੀ ਪੜ੍ਹੋ: ਫਤਿਹਜੰਗ ਬਾਜਵਾ ਦੇ ਬੇਬਾਕ ਬੋਲ, ਦੱਸਿਆ ਕਾਂਗਰਸ 'ਚ ਕਿਸਨੇ ਕੀਤੀ ਮੋਟੀ ਕਮਾਈ (ਵੀਡੀਓ)

ਸਾਥੀ ਕਾਂਗਰਸੀਆਂ ਅਤੇ ਭੁਲੱਥ ਤੋਂ ਟਿਕਟ ਦੇ ਦਾਅਵੇਦਾਰਾਂ ਨੇ ਵੀ ਸਵਾਲ ਚੁੱਕੇ। ਅਜੇ ਹਾਲ ਹੀ ਵਿਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਵੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਚੱਲ ਰਹੇ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਉਮੀਦਵਾਰ ਬਣਾਉਣ ਨਾਲ ਕਾਂਗਰਸ ਦੀ ਸਾਖ ਧੁੰਦਲੀ ਹੋ ਰਹੀ ਹੈ, ਇਸ ਲਈ ਨਾ ਸਿਰਫ਼ ਉਨ੍ਹਾਂ ਦੀ ਟਿਕਟ ਕੱਟੀ ਜਾਵੇ, ਸਗੋਂ ਪਾਰਟੀ ਵਿਚੋਂ ਵੀ ਬਾਹਰ ਕੱਢਿਆ ਜਾਵੇ।

ਵੋਟ ਨਹੀਂ ਪਾ ਸਕਦੇ

ਇਹ ਵੀ ਨਿਯਮ ਹੈ ਕਿ ਕਿਸੇ ਵੀ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੋਣ ਦੇ ਸਮੇਂ ਕੋਈ ਵੀ ਭਾਰਤੀ ਨਾਗਰਿਕ ਆਪਣੇ ਵੋਟ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਦਾ। ਜਨ ਪ੍ਰਤੀਨਿਧੀ ਐਕਟ ਦੀ ਧਾਰਾ 62 ਤਹਿਤ ਇਹ ਵਿਵਸਥਾ ਹੈ ਕਿ ਕਿਸੇ ਵੀ ਮਾਮਲੇ ਵਿਚ ਸਜ਼ਾ ਕੱਟ ਰਹੇ ਜਾਂ ਵਿਚਾਰ ਅਧੀਨ ਕੈਦੀ ਜਾਂ ਕੋਈ ਅਜਿਹਾ ਵਿਅਕਤੀ ਜਿਸ ਨੂੰ ਕਿਸੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੋਵੇ ਜਾਂ ਫਿਰ ਪ੍ਰੋਡਕਸ਼ਨ ਵਾਰੰਟ ’ਤੇ ਹੋਵੇ, ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਹਾਲਾਂਕਿ ਇਸ ਧਾਰਾ ਨੂੰ ਆਧਾਰ ਬਣਾ ਕੇ ਕਈ ਮਾਮਲੇ ਦੇਸ ਦੀਆਂ ਵੱਖ-ਵੱਖ ਅਦਾਲਤਾਂ ਅਤੇ ਸੁਪਰੀਮ ਕੋਰਟ ਤਕ ਵਿਚ ਚੱਲੇ ਕਿ ਰਾਜਨੇਤਾ ਨੂੰ ਜੇਲ੍ਹ ਵਿਚ ਬੰਦ ਹੋਣ ਦੇ ਸਮੇਂ ਚੋਣ ਲੜਨ ਤੋਂ ਵਾਂਝਾ ਕੀਤਾ ਜਾਵੇ ਪਰ ਸੁਪਰੀਮ ਕੋਰਟ ਵਲੋਂ ਸੰਵਿਧਾਨ ਅਤੇ ਜਨ ਪ੍ਰਤੀਨਿਧੀ ਐਕਟ ਦਾ ਹਵਾਲਾ ਦਿੰਦੇ ਹੋਏ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਜੇਲ੍ਹ ਅੰਦਰ ਰਹਿੰਦੇ ਹੋਏ ਚੋਣ ਲੜਨ ਤੋਂ ਕਿਸੇ ਨੂੰ ਵਾਂਝਾ ਨਹੀਂ ਰੱਖਿਆ ਜਾ ਸਕਦਾ।

ਇਹ ਵੀ ਪੜ੍ਹੋ : ਰਾਣਾ ਗੁਰਜੀਤ ਦੀ ਚਿੱਠੀ 'ਤੇ ਸੁਖਪਾਲ ਖਹਿਰਾ ਦਾ ਪਲਟਵਾਰ, ਦਿੱਤੀ ਵੱਡੀ ਚੁਣੌਤੀ 

ਸੁਖਪਾਲ ਖਹਿਰਾ ਮੌਜੂਦਾ ਸਮੇਂ ਵਿੱਚ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਦੇ ਚੋਣ ਪ੍ਰਚਾਰ ਦੀ ਕਮਾਨ ਉਨ੍ਹਾਂ ਦੇ ਪੁੱਤਰ ਮਹਿਤਾਬ ਸਿੰਘ  ਖਹਿਰਾ ਸੰਭਾਲ ਰਹੇ ਹਨ ਪਰ ਜੇਲ੍ਹ ਵਿੱਚ ਰਹਿ ਕੇ ਚੋਣ ਲੜਨ ਵਾਲੇ ਸੁਖਪਾਲ ਖਹਿਰਾ ਪਹਿਲੇ ਨੇਤਾ ਨਹੀਂ ਹਨ।ਨਾ ਸਿਰਫ਼ ਦੇਸ਼ ਦੇ ਵੱਖ ਵੱਖ ਸੂਬਿਆਂ, ਸਗੋਂ ਪੰਜਾਬ ਦੇ ਚੋਣ ਇਤਿਹਾਸ ਵਿੱਚ ਵੀ ਅਜਿਹੀਆਂ ਉਦਾਹਰਣਾਂ ਮੌਜੂਦ ਹਨ ਜਿੱਥੇ ਜੇਲ੍ਹ ਵਿੱਚ ਬੈਠ ਕੇ ਚੋਣਾਂ ਲੜੀਆਂ ਗਈਆਂ।

ਹੁਣ ਤਕ ਨਹੀਂ ਟੁੱਟਿਆ ਸਿਮਰਨਜੀਤ ਸਿੰਘ ਮਾਨ ਦਾ ਰਿਕਾਰਡ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇਸ ਗੱਲ ਦੀ ਸਭ ਤੋਂ ਵੱਡੀ ਉਦਾਹਰਣ ਹਨ ਕਿ ਜੇਕਰ ਲੋਕ ਮਨ ਬਣਾ ਲੈਣ ਤਾਂ ਭਾਵੇਂ ਹੀ ਉਮੀਦਵਾਰ ਉਨ੍ਹਾਂ ਵਿਚਕਾਰ ਪ੍ਰਚਾਰ ਲਈ ਨਾ ਪਹੁੰਚੇ, ਜਿੱਤ ਹਾਸਲ ਹੋ ਸਕਦੀ ਹੈ। 1984 ਦੇ ਬਲੂ ਸਟਾਰ ਆਪ੍ਰੇਸ਼ਨ ਦੇ ਰੋਸ ਸਵਰੂਪ ਆਪਣੀ ਆਈ. ਪੀ. ਐੱਸ. ਦੀ ਨੌਕਰੀ ਛੱਡਣ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਅਸਤੀਫ਼ੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਜੇਲ੍ਹ ਵਿਚ ਰੱਖਿਆ ਗਿਆ ਸੀ। ਸਿਮਰਨਜੀਤ ਸਿੰਘ ਮਾਨ ਵਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਗਠਨ ਕੀਤਾ ਗਿਆ ਅਤੇ ਜੇਲ੍ਹ ਅੰਦਰੋਂ ਹੀ 1989 ਦੀਆਂ ਲੋਕ ਸਭਾ ਚੋਣਾਂ ਲਈ ਤਰਨਤਾਰਨ ਸੀਟ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਗਈ ਸੀ। ਉਨ੍ਹਾਂ ਨਾਲ ਰਾਜ ਦੀਆਂ ਹੋਰ ਸੀਟਾਂ ’ਤੇ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਉਮੀਦਵਾਰ ਉਤਾਰੇ ਗਏ ਸਨ। ਚੋਣਾਂ ਦਾ ਨਤੀਜਾ ਆਇਆ ਤਾਂ ਸਿਮਰਨਜੀਤ ਸਿੰਘ ਮਾਨ ਨੂੰ 5,27,207 ਵੋਟਾਂ ਮਿਲੀਆਂ, ਜੋ ਕਿ ਕੁਲ ਪਈਆਂ ਵੋਟਾਂ ਦਾ ਲਗਭਗ 94 ਫ਼ੀਸਦੀ ਬਣਦਾ ਸੀ। ਜਿੱਤ-ਹਾਰ ਦਾ ਫਰਕ ਵੀ ਤਕਰੀਬਨ ਸਾਢੇ ਚਾਰ ਲੱਖ ਵੋਟਾਂ ਦਾ ਰਿਹਾ ਸੀ ਅਤੇ ਇਹ ਰਿਕਾਰਡ ਹੁਣ ਤਕ ਟੁੱਟ ਨਹੀਂ ਸਕਿਆ ਹੈ।

ਇਹ ਵੀ ਪੜ੍ਹੋ : ਕਿਸੇ ਸਮੇਂ ਵੀ ਹੋ ਸਕਦੀ ਹੈ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ

ਤਾਂ ਸਰਕਾਰ ਨੇ ਅਤਿੰਦਰਪਾਲ ਨੂੰ ਵੀ ਕੀਤਾ ਸੀ ਦੋਸ਼ਮੁਕਤ

ਜੇਲ੍ਹ ਤੋਂ ਹੀ ਚੋਣ ਲੜਨ ਅਤੇ ਜਿੱਤਣ ਦੀ ਇੱਕ ਹੋਰ ਮਿਸਾਲ ਅਤਿੰਦਰਪਾਲ ਸਿੰਘ ਹਨ। ਦਿੱਲੀ ਵਿਚ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਮਾਮਲੇ ਵਿਚ ਮੁਲਜ਼ਮ ਬਣਾਏ ਗਏ ਅਤਿੰਦਰਪਾਲ ਸਿੰਘ ਵੀ 1989 ਵਿਚ ਹੀ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਲੜੇ ਸਨ ਅਤੇ ਜੇਲ੍ਹ ਵਿਚ ਬੈਠੇ-ਬੈਠੇ ਹੀ ਜਿੱਤ ਵੀ ਦਰਜ ਕੀਤੀ ਸੀ। ਅਤਿੰਦਰਪਾਲ ਸਿੰਘ ਹਾਲਾਂਕਿ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਲੜੇ ਸਨ ਪਰ ਸਿਮਰਨਜੀਤ ਸਿੰਘ ਮਾਨ ਵਲੋਂ ਆਪਣੇ ਉਮੀਦਵਾਰ ਨੂੰ ਅਤਿੰਦਰਪਾਲ ਸਿੰਘ ਦੇ ਪੱਖ ਵਿਚ ਬਿਠਾ ਦਿੱਤਾ ਗਿਆ ਸੀ। ਅਤਿੰਦਰਪਾਲ ਸਿੰਘ ਨੂੰ 2,94,172 ਵੋਟਾਂ ਮਿਲੀਆਂ ਸਨ, ਜੋ ਕਿ ਕੁਲ ਪਈਆਂ ਵੋਟਾਂ ਦਾ 46.59 ਫ਼ੀਸਦੀ ਸੀ। ਦੋਵਾਂ ਨੂੰ ਹੀ ਬਾਅਦ ਵਿਚ ਜਨਾਦੇਸ਼ ਦਾ ਸਨਮਾਨ ਕਰਦੇ ਹੋਏ ਭਾਰਤ ਸਰਕਾਰ ਵਲੋਂ ਦੋਸ਼ ਮੁਕਤ ਕਰ ਕੇ ਰਿਹਾਅ ਕਰ ਦਿੱਤਾ ਗਿਆ ਸੀ।

ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਤਾਕਤਵਰ ਲੜਦੇ ਰਹੇ ਹਨ ਜੇਲ੍ਹਾਂ ਦੇ ਅੰਦਰੋਂ ਚੋਣਾਂ

ਭਾਵੇਂ ਹੀ ਪੰਜਾਬ ਦੀ ਰਾਜਨੀਤੀ ਲਈ ਇਹ ਅਪਵਾਦ ਵਰਗਾ ਰਿਹਾ ਹੋਵੇ ਪਰ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਰਾਜਨੇਤਾਵਾਂ ਲਈ ਇਹ ਕੋਈ ਨਵਾਂ ਚਲਨ ਨਹੀਂ ਰਿਹਾ ਹੈ।

ਉਕਤ ਦੋਵਾਂ ਰਾਜਾਂ ਦੀ ਰਾਜਨੀਤਕ ਬਿਸਾਤ ’ਤੇ ਅਜਿਹੇ ਕਈ ਮੋਹਰੇ ਦਿਸ ਜਾਂਦੇ ਹਨ, ਜਿਨ੍ਹਾਂ ਨੇ ਵੱਖ-ਵੱਖ ਅਪਰਾਧਿਕ ਮਾਮਲਿਆਂ ਲਈ ਜੇਲ੍ਹਾਂ ਵਿਚ ਹੁੰਦੇ ਹੋਏ ਵੀ ਨਾ ਸਿਰਫ਼ ਚੋਣਾਂ ਲੜੀਆਂ ਸਗੋਂ ਜਿੱਤ ਵੀ ਦਰਜ ਕੀਤੀ। ਇਨ੍ਹਾਂ ਵਿਚ ਉੱਤਰ ਪ੍ਰਦੇਸ਼ ਦੇ ਮਊ ਤੋਂ ਚੋਣ ਲੜਨ ਅਤੇ ਜਿੱਤਣ ਵਾਲੇ ਮੁਖਤਾਰ ਅੰਸਾਰੀ, ਕੁੰਡਾ ਵਿਧਾਨ ਸਭਾ ਖੇਤਰ ਤੋਂ ਚੋਣ ਜਿੱਤਣ ਵਾਲੇ ਰਘੁਰਾਜ ਪ੍ਰਤਾਪ ਸਿੰਘ ਉਰਫ ਰਾਜਾ ਭਾਈ, ਰਾਇਬ੍ਰੇਲੀ ਤੋਂ ਅਖਿਲੇਸ਼ ਸਿੰਘ, ਗੋਰਖਪੁਰ ਤੋਂ ਹਰੀ ਤਿਵਾੜੀ ਅਤੇ ਬਿਹਾਰ ਦੇ ਮੋਕਾਮਾ ਚੋਣ ਖੇਤਰ ਤੋਂ ਅਨੰਤ ਸਿੰਘ ਅਤੇ ਸੂਰਜਭਾਨ ਸਿੰਘ ਦੇ ਨਾਂ ਸ਼ਾਮਲ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


Harnek Seechewal

Content Editor

Related News