ਪਾਵਰ ਨਿਗਮ ਨੂੰ 2.02 ਕਰੋੜ ਦੀ ਰਿਕਵਰੀ, ਸ਼ਿਕਾਇਤਾਂ ਦੇ ਨਿਪਟਾਰੇ ਲਈ ਕਰਮਚਾਰੀ ਸਾਰਾ ਦਿਨ ਰਹੇ ਪ੍ਰੇਸ਼ਾਨ
Wednesday, Aug 05, 2020 - 10:02 AM (IST)
ਜਲੰਧਰ, (ਪੁਨੀਤ)–ਪਾਵਰ ਨਿਗਮ ਦੇ ਬਿਜਲੀ ਬਿੱਲਾਂ ਅਤੇ ਡਿਫਾਲਟਰਾਂ ਤੋਂ ਰਿਕਵਰੀ ਨੇ ਅੱਜ-ਕੱਲ ਰਫਤਾਰ ਫੜੀ ਹੋਈ ਹੈ, ਜਿਸ ਕਾਰਣ ਕਰਮਚਾਰੀਆਂ ਨੂੰ ਰਾਹਤ ਮਹਿਸੂਸ ਹੋ ਰਹੀ ਹੈ ਕਿਉਂਕਿ ਸ਼ਾਮ ਨੂੰ ਉਨ੍ਹਾਂ ਆਪਣੇ ਅਧਿਕਾਰੀਆਂ ਨੂੰ ਰਿਪੋਰਟ ਦੇਣੀ ਹੁੰਦੀ ਹੈ ਅਤੇ ਰਿਕਵਰੀ ਜ਼ਿਆਦਾ ਹੋਣੀ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ। ਦੂਜੇ ਪਾਸੇ ਰੋਜ਼ਾਨਾ ਵਧ ਰਹੀ ਗਰਮੀ ਕਾਰਣ ਬਿਜਲੀ ਦੀਆਂ ਸ਼ਿਕਾਇਤਾਂ ਵੀ ਵਧ ਰਹੀਆਂ ਹਨ, ਜਿਨ੍ਹਾਂ ਦੇ ਨਿਪਟਾਰੇ ਲਈ ਕਰਮਚਾਰੀਆਂ ਨੂੰ ਰੋਜ਼ਾਨਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਟਾਫ ਦੀ ਘਾਟ ਹੈ ਅਤੇ ਜਿਹੜੇ ਕਰਮਚਾਰੀ ਵਰਕਿੰਗ ਵਿਚ ਹਨ, ਉਨ੍ਹਾਂ ’ਤੇ ਵਰਕਲੋਡ ਜ਼ਿਆਦਾ ਹੈ।
ਕੁਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਪਾਵਰ ਨਿਗਮ ਦੇ ਕੈਸ਼ ਕਾਊਂਟਰਾਂ ਤੋਂ ਵਿਭਾਗ ਨੂੰ 1.60 ਕਰੋੜ ਰੁਪਏ ਬਿੱਲਾਂ ਦੇ ਰੂਪ ਵਿਚ ਪ੍ਰਾਪਤ ਹੋਏ, ਜਦਕਿ ਪੈਂਡਿੰਗ ਬਿੱਲਾਂ ਦੀ ਬਕਾਇਆ ਰਾਸ਼ੀ ਦੇ 42 ਲੱਖ ਰੁਪਏ ਵਸੂਲੇ ਗਏ। ਕੁੱਲ ਮਿਲਾ ਕੇ ਅੱਜ ਵਿਭਾਗ ਨੂੰ 2.02 ਕਰੋੜ ਰੁਪਏ ਪ੍ਰਾਪਤ ਹੋਏ। ਅੱਜ ਬਿਜਲੀ ਦੀ ਖਰਾਬੀ ਦੀਆਂ 2477, ਜਦਕਿ ਬਿੱਲਾਂ ਵਿਚ ਗਲਤੀ ਦੀਆਂ 19 ਸ਼ਿਕਾਇਤਾਂ ਕੰਟਰੋਲ ਰੂਮ ਵਿਚ ਆਈਆਂ। ਸ਼ਿਕਾਇਤਾਂ ਦੀ ਗਿਣਤੀ ਆਉਣ ਵਾਲੇ ਦਿਨਾਂ ਵਿਚ ਵਧਣ ਦੇ ਆਸਾਰ ਹਨ ਕਿਉਂਕਿ ਜਦੋਂ ਹੁੰਮਸ ਵਾਲੀ ਗਰਮੀ ਪੈਂਦੀ ਹੈ ਤਾਂ ਬਿਜਲੀ ਦੀ ਖਪਤ ਵਧ ਜਾਣ ’ਤੇ ਬਿਜਲੀ ਦੀਆਂ ਖਰਾਬੀ ਦੀਆਂ ਸ਼ਿਕਾਇਤਾਂ ਵੀ ਵਧ ਜਾਂਦੀਆਂ ਹਨ। ਪਾਵਰ ਨਿਗਮ ਨਾਲ ਜੁੜੇ ਕਰਮਚਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਵਿਭਾਗ ਨੂੰ ਸਟਾਫ ਦੀ ਘਾਟ ਦਾ ਹੱਲ ਕੱਢਣਾ ਚਾਹੀਦਾ ਹੈ। ਿਵਭਾਗ ਨੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਠੇਕੇ ’ਤੇ ਸੀ. ਐੱਚ. ਬੀ. (ਕੰਪਲੇਂਟ ਹੈਂਡਲਿੰਗ ਬਾਈਕ) ਰੱਖੀ ਹੈ, ਜਦਕਿ ਇਸ ਦੇ ਕਰਮਚਾਰੀ ਬਦਲਦੇ ਰਹਿੰਦੇ ਹਨ।