ਪੰਜਾਬ ''ਚ ਇਕ ਹੋਰ ਮਹਾਂਮਾਰੀ ਦਾ ਖਦਸ਼ਾ, ਪੋਲਟਰੀ ਫਾਰਮਾਂ ''ਚ 5 ਕਰੋੜ ਮੁਰਗੀਆਂ ਦੇ ਮਰਨ ਦਾ ਡਰ

03/26/2020 6:01:30 PM

ਪਟਿਆਲਾ (ਪਰਮੀਤ, ਲਖਵਿੰਦਰ): ਪੰਜਾਬ 'ਚ ਇਕ ਹੋਰ ਮਹਾਂਮਾਰੀ ਫੈਲਣ ਦਾ ਖਦਸ਼ਾ ਬਣ ਗਿਆ ਹੈ। ਕਰਫਿਊ ਕਾਰਨ ਫੀਡ ਦੀ ਸਪਲਾਈ ਠੱਪ ਹੋਣ ਮਗਰੋਂ ਸੂਬੇ ਵਿਚਲੇ 2550 ਪੋਲਟਰੀ ਫਾਰਮਾਂ ਵਿਚ ਪਲ ਰਹੀਆਂ 5 ਕਰੋੜ ਮੁਰਗੀਆਂ ਭੁੱਖੀਆਂ ਮਰਨ ਦਾ ਡਰ ਬਣ ਗਿਆ ਹੈ, ਜਿਸਨੂੰ ਵੇਖਦਿਆਂ ਕਿਸਾਨਾਂ ਨੇ ਹਰਾ ਚਾਰਾ ਕੱਟ ਕੇ ਮੁਰਗੀਆਂ ਨੂੰ ਪਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਕੋਰੋਨਾ ਸੰਕਟ 'ਚ ਗਰੀਬਾਂ ਦੀ ਮਦਦ ਲਈ ਅੱਗੇ ਆਇਆ ਡੇਰਾ ਬਿਆਸ, ਕੀਤਾ ਵੱਡਾ ਐਲਾਨ

ਜਾਣਕਾਰੀ ਅਨੁਸਾਰ ਇਨ੍ਹਾਂ ਪੋਲਟਰੀ ਫਾਰਮਾਂ ਲਈ ਫੀਡ ਰਾਜਸਥਾਨ, ਯੂ. ਪੀ., ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਤੋਂ ਆਉਂਦੀ ਹੈ। ਫੀਡ 'ਚ ਜੌਂ, ਬਾਜਰਾ, ਮੱਕੀ ਸਮੇਤ ਵੱਖ-ਵੱਖ ਵਸਤਾਂ ਸ਼ਾਮਲ ਹੁੰਦੀਆਂ ਹਨ। ਪੰਜਾਬ 'ਚ ਦੋ ਤਰੀਕੇ ਪੋਲਟਰੀ ਫਾਰਮਿੰਗ ਹੋ ਰਹੀ ਹੈ। ਇਕ ਤਾਂ ਕੰਪਨੀਆਂ ਨੇ ਚੂਚੇ ਪੁਆਏ ਹੋਏ ਹਨ ਜੋ ਪੋਲਟਰੀ ਫਾਰਮਿੰਗ ਕਰਨ ਵਾਲੇ ਕਿਸਾਨਾਂ ਨੂੰ ਫੀਡ ਸਪਲਾਈ ਕਰਦੀਆਂ ਹਨ ਜਦਕਿ ਦੂਜਾ ਕੇਸਾਂ 'ਚ ਪੋਲਟਰੀ ਕਿਸਾਨਾਂ ਨੇ ਆਪਣੇ ਚੂਚੇ ਪਾਏ ਹੋਏ ਹਨ ਤੇ ਆਪ ਫੀਡ ਖਰੀਦ ਕੇ ਚੂਚੇ ਪਾਲਦੇ ਹਨ।

ਪੰਜਾਬ ਪੋਲਟਰੀ ਐਸੋਸੀਏਸ਼ਨ ਦੇ ਮੈਂਬਰ ਜੱਸਾ ਸਿੰਘ ਨੇ ਦੱਸਿਆ ਕਿ ਪੋਲਟਰੀ ਫਾਰਮਿੰਗ 'ਚ ਪੰਜਾਬ ਵਿਚ ਇਸ ਵੇਲੇ 550 ਫਾਰਮਾਂ ਵਿਚ 2.5 ਕਰੋੜ ਮੁਰਗੀਆਂ ਪਲ ਰਹੀਆਂ ਹਨ ਜਦਕਿ 2000 ਫਾਰਮਾਂ ਵਿਚ ਬਰਾਇਲਰ ਪਾਲੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਹੁਤੇ ਪੋਲਟਰੀ ਫਾਰਮਾਂ ਵਿਚ ਅਗਲੇ ਦੋ ਤੋਂ ਤਿੰਨ ਦਿਨ ਦੀ ਫੀਡ ਬਾਕੀ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਕਰਫਿਊ ਕਾਰਨ ਫੀਡ ਦੀ ਸਪਲਾਈ ਨਹੀਂ ਹੋ ਰਹੀ ਕਿਉਂਕਿ ਟਰਾਂਸਪੋਰਟ ਸੈਕਟਰ ਬੰਦ ਪਿਆ ਹੈ। ਅਜਿਹੇ ਵਿਚ ਫੀਡ ਮੁੱਕਣ 'ਤੇ ਮੁਰਗੀਆਂ ਤੇ ਬਰਾਇਲਰਾਂ ਦਾ ਭੁੱਖੇ ਮਰਨ ਦਾ ਖਦਸ਼ਾ ਹੈ।ਦੂਜੇ ਪਾਸੇ ਕਿਸਾਨ ਕੁਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਅਸੀਂ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਤਹਿਤ ਪੋਲਟਰੀ ਫਾਰਮਿੰਗ ਕਰ ਰਹੇ ਹਾਂ ਪਰ ਕਰਫਿਊ ਕਾਰਨ ਹੁਣ ਕੰਪਨੀ ਤੋਂ ਫੀਡ ਸਪਲਾਈ ਨਹੀਂ ਹੋ ਰਹੀ। ਸਾਡੇ ਕੋਲ ਫੀਡ ਮੁੱਕ ਗਈ ਹੈ, ਜਿਸਨੂੰ ਵੇਖਦਿਆਂ ਅਸੀਂ ਆਪਣੇ ਘਰਾਂ 'ਚ ਰੱਖੇ ਪਸ਼ੂਆਂ ਵਾਸਤੇ ਲਗਾਇਆ ਚਾਰਾ ਹੀ ਵੱਢ ਕੇ ਮੁਰਗੀਆਂ ਨੂੰ ਪਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ:  ਕੋਰੋਨਾ ਵਾਇਰਸ ਦਾ ਕਹਿਰ: ਸੰਕਟ 'ਚ ਮਦਦ ਲਈ ਅੱਗੇ ਆਏ ਓਬਰਾਏ

ਪਟਿਆਲਾ ਜ਼ਿਲੇ 'ਚ ਪੋਲਟਰੀ ਫਾਰਮਿੰਗ ਦਾ ਧੰਦਾ ਕਰ ਰਹੇ ਸ਼ੀਸ਼ਪਾਲ ਸਿੰਘ ਤੇ ਰਵੀਦੀਪ ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਇਸ ਗੰਭੀਰ ਸੰਕਟ ਦਾ ਤੁਰੰਤ ਹੱਲ ਕੱਢਣਾ ਪਵੇਗਾ ਨਹੀਂ ਤਾਂ ਸੂਬੇ ਨੂੰ ਇਸਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।ਜੱਸਾ ਸਿੰਘ ਨੇ ਦੱਸਿਆ ਕਿ ਜੇਕਰ ਮੁਰਗੀਆਂ ਤੇ ਬਰਾਇਲਰਾਂ ਦੇ ਭੁੱਖ ਨਾਲ ਮਰਨ ਦੀ ਸ਼ੁਰੂਆਤ ਹੋ ਗਈ ਨਾ ਤਾਂ ਨਾ ਸਿਰਫ ਮੁਰਗੀ ਪਾਲਣ ਦੇ ਧੰਦੇ ਵਿਚ ਲੱਗੇ ਪੋਲਟਰੀ ਫਾਰਮਰ ਬਰਬਾਦ ਹੋ ਜਾਣਗੇ ਬਲਕਿ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨਾਂ ਬੇਰੋਜ਼ਗਾਰ ਹੋ ਜਾਣਗੇ।ਇੰਨਾ ਹੀ ਨਹੀਂ ਬਲਕਿ ਇਹਨਾਂ ਮੁਰਗੀਆਂ ਦੇ ਮਰਨ ਨਾਲ ਸੂਬੇ ਵਿਚ ਭਿਆਨਕ ਬਿਮਾਰੀ ਫੈਲ ਸਕਦੀ ਹੈ ਜਿਸਦਾ ਟਾਕਰਾ ਕਰਨਾ ਸੂਬੇ ਲਈ ਮੌਜੂਦਾ ਹਾਲਾਤ ਦੇ ਅਨੁਸਾਰ ਬਹੁਤ ਔਖਾ ਹੋ ਜਾਵੇਗਾ। ਜੱਸਾ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਇਸ ਗੰਭੀਰ ਸੰਕਟ ਵਾਲੇ ਪਾਸੇ ਧਿਆਨ ਦੇਣ ਅਤੇ ਪੋਲਟਰੀ ਫਾਰਮਾਂ ਵਾਸਤੇ ਫੀਡ ਦੀ ਸਪਲਾਈ ਯਕੀਨੀ ਬਣਾਉਣ ਲਈ ਲੋੜੀਂਦੇ ਹੁਕਮ ਜਾਰੀ ਕਰਨ। ਇਸ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਉਹ ਇਸ ਮਾਮਲੇ 'ਤੇ ਕੰਮ ਕਰ ਰਹੇ ਹਨ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਮੁਰਗੀ ਜਾਂ ਬਰਾਇਲਰ ਭੁੱਖ ਨਾਲ ਨਾ ਮਰੇ ਤੇ ਇਹਨਾਂ ਵਾਸਤੇ ਫੀਡ ਦੀ ਸਪਲਾਈ ਛੇਤੀ ਤੋਂ ਛੇਤੀ ਹੋ ਸਕੇ।

ਇਹ ਵੀ ਪੜ੍ਹੋ:  ਮਜ਼ਦੂਰਾਂ ਤੇ ਦਿਹਾੜੀਦਾਰਾਂ ਲਈ ਮਜੀਠੀਆ ਦੀ ਮੁੱਖ ਮੰਤਰੀ ਕੈਪਟਨ ਨੂੰ ਅਪੀਲ (ਵੀਡੀਓ)


Shyna

Content Editor

Related News