ਕੋਰੋਨਾ ਨਾਲ ਹੜਕੰਪ! ਪੋਲਟਰੀ ਫ਼ਾਰਮ ਮਾਲਕਾਂ ਨੇ ਨਹਿਰਾਂ ਦੇ ਕੰਢੇ ਛੱਡੇ ਜ਼ਿੰਦਾ ਮੁਰਗੇ

Tuesday, Mar 24, 2020 - 12:54 PM (IST)

ਅੰਮ੍ਰਿਤਸਰ (ਇੰਦਰਜੀਤ) : ਪੰਜਾਬ ਸਰਕਾਰ ਵੱਲੋਂ ਕਰਫਿਊ ਦਾ ਐਲਾਨ ਹੋਣ ਉਪਰੰਤ ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ 'ਚ ਜਨਤਾ ਨੂੰ ਤਸੱਲੀ ਜ਼ਰੂਰ ਹੋਈ ਹੈ ਪਰ ਇਸ 'ਚ ਪੋਲਟਰੀ ਫ਼ਾਰਮ ਉਦਯੋਗ ਬੁਰੀ ਤਰ੍ਹਾਂ ਨਾਲ ਖਤਰੇ 'ਚ ਪੈ ਗਿਆ ਹੈ। ਨਤੀਜਨ ਹੜਕੰਪ ਦੀ ਹਾਲਤ 'ਚ ਪੁੱਜੇ ਵੱਡੀ ਗਿਣਤੀ 'ਚ ਪੋਲਟਰੀ ਫ਼ਾਰਮ ਦੇ ਮਾਲਕਾਂ ਨੇ ਆਪਣੇ ਜ਼ਿੰਦਾ ਮੁਰਗੇ ਨਹਿਰਾਂ ਦੇ ਕੰਢੇ ਲਾਵਾਰਸ ਛੱਡ ਦਿੱਤੇ ਹਨ। ਅਜਿਹੀ ਹਾਲਤ ਉਸ ਸਮੇਂ ਪੈਦਾ ਹੁੰਦੀ ਹੈ, ਜਦੋਂ ਪੋਲਟਰੀ ਉਦਯੋਗ ਕੋਲ ਮੁਰਗਿਆਂ ਨੂੰ ਆਪਣੇ ਕੋਲ ਸੁਰੱਖਿਅਤ ਰੱਖਣ ਦਾ ਕੋਈ ਵਿਕਲਪ ਬਾਕੀ ਨਹੀਂ ਬਚਦਾ। ਇਹ ਵੀ ਦੱਸ ਦਈਏ ਕਿ ਜੇਕਰ ਨਾ ਸੰਭਾਲ ਪਾਉਣ ਦੀ ਹਾਲਤ 'ਚ ਜੇਕਰ ਇਹ ਪੰਛੀ ਮਰ ਜਾਂਦੇ ਹਨ ਤਾਂ ਤਾਂ ਕਿਸੇ ਗੰਭੀਰ ਰੋਗ ਦੇ ਸੰਕੇਤ ਆ ਸਕਦੇ ਹਨ। ਇਸ ਸਬੰਧੀ ਪੋਲਟਰੀ ਫ਼ਾਰਮ ਐਸੋਸੀਏਸ਼ਨ ਦੇ ਪ੍ਰਧਾਨ ਜੀ. ਐੱਸ. ਬੇਦੀ ਨੇ ਦੱਸਿਆ ਕਿ ਪੰਜਾਬ 'ਚ ਪੋਲਟਰੀ ਫਾਰਮਾਂ ਦੇ ਕੋਲ ਇਸ ਸਮੇਂ 40 ਤੋਂ 50 ਲੱਖ ਜ਼ਿੰਦਾ ਮੁਰਗੇ ਅਤੇ ਇਕ ਕਰੋੜ ਦੇ ਕਰੀਬ ਅੰਡਿਆਂ ਦਾ ਭੰਡਾਰ ਪਿਆ ਹੈ। ਸਮੱਸਿਆ ਇਹ ਹੈ ਕਿ ਇਨ੍ਹਾਂ ਮੁਰਗਿਆਂ ਲਈ ਫੀਡ ਦਾ ਪ੍ਰਬੰਧ ਵੀ ਨਹੀਂ ਹੋ ਰਿਹਾ ਕਿਉਂਕਿ ਪੰਜਾਬ ਦੀ ਮੁੱਖ ਫੀਡ ਮਿੱਲਾਂ ਨੇ ਮਾਲ ਭੇਜਣਾ ਬੰਦ ਕਰ ਦਿੱਤਾ ਹੈ। ਇਸ ਹਾਲਾਤ 'ਚ ਪੋਲਟਰੀ ਫ਼ਾਰਮਾਂ ਕੋਲ ਇਕ-ਦੋ ਦਿਨ ਤੋਂ ਜ਼ਿਆਦਾ ਮੁਰਗੇ ਜ਼ਿੰਦਾ ਨਹੀਂ ਰਹਿ ਸਕਦੇ ਹਨ।

ਇਸ ਬਾਰੇ 'ਚ ਪੋਲਟਰੀ ਪ੍ਰਧਾਨ ਨੇ ਕਿਹਾ ਕਿ ਮਾਰਕੀਟ 'ਚ ਭੇਜਣ ਲਈ ਸਰਕਾਰ ਵੱਲੋਂ ਐਲਾਨ ਕੀਤਾ ਕਰਫਿਊ ਆੜੇ ਆ ਰਿਹਾ ਹੈ, ਇਸ ਲਈ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਕਿਉਂਕਿ ਇਹ ਗੰਭੀਰ ਹਾਲਾਤ ਪੈਦਾ ਕਰ ਸਕਦੇ ਹਨ।

ਦੱਸ ਦਈਏ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿੱਥੇ ਆਮ ਜ਼ਿੰਦਗੀ ਰੁਕ ਗਈ ਹੈ, ਉੱਥੇ ਇਸ ਦਾ ਅਸਰ ਪਸ਼ੂਆਂ-ਪੰਛੀਆਂ 'ਤੇ ਵੀ ਪੈਣ ਲੱਗਾ ਹੈ। ਲੋਕ ਘਰੋਂ ਬਾਹਰ ਨਹੀਂ ਆ ਰਹੇ। ਲੋਕਾਂ ਦੀ ਆਵਾਜਾਈ ਘੱਟ ਹੋਣ ਕਾਰਣ ਪਸ਼ੂਆਂ ਤੇ ਪੰਛੀਆਂ ਨੂੰ ਭੋਜਨ ਤੇ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਕਈ ਹੋਟਲ-ਰੈਸਟੋਰੈਂਟ ਆਦਿ ਬੰਦ ਹਨ ਜਿਸ ਕਾਰਨ ਕੁੱਤਿਆਂ ਤੇ ਬਿੱਲੀਆਂ ਨੂੰ ਵੀ ਭੁੱਖਿਆ ਰਹਿਣਾ ਪੈ ਰਿਹਾ ਹੈ।


Anuradha

Content Editor

Related News