ਅਜੋਕੇ ਯੁੱਗ ਨੇ ਘਟਾਈ ਮਿੱਟੀ ਦੇ ਭਾਂਡਿਆਂ ਦੀ ਕਦਰ

Tuesday, Jul 03, 2018 - 05:36 AM (IST)

ਅਜੋਕੇ ਯੁੱਗ ਨੇ ਘਟਾਈ ਮਿੱਟੀ ਦੇ ਭਾਂਡਿਆਂ ਦੀ ਕਦਰ

ਸੁਲਤਾਨਪੁਰ ਲੋਧੀ, (ਧੀਰ)- ਅਜੋਕੇ ਯੁੱਗ 'ਚ ਜਿਥੇ ਹਰ ਵਸਤੂ ਇਲੈਕਟ੍ਰੋਨਿਕਸ ਹੋ ਗਈ ਹੈ, ਉਥੇ ਮਿੱਟੀ ਨਾਲ ਬਣੇ ਭਾਂਡਿਆਂ ਦੀ ਆਪਣੀ ਇਕ ਆਪਣੀ ਅਲੱਗ ਪਛਾਣ ਹੈ। ਗਰਮੀਆਂ ਦੇ ਮੌਸਮ 'ਚ ਅਮੀਰ ਵਰਗ ਲਈ ਫਰਿੱਜ ਦਾ ਜਿਥੇ ਅਹਿਮ ਰੋਲ ਹੈ, ਉਥੇ ਗਰੀਬ ਵਰਗ ਲਈ ਮਿੱਟੀ ਦਾ ਘੜਾ ਫਰਿਜ ਨਾਲੋਂ ਕਿਸੇ ਗੱਲ ਤੋਂ ਘੱਟ ਨਹੀਂ ਹੈ। ਮਹਿੰਗਾਈ ਦੇ ਇਸ ਯੁੱਗ 'ਚ ਹਰੇਕ ਵਸਤੂ ਤੇ ਮਹਿੰਗਾਈ ਦੀ ਮਾਰ ਪਈ ਹੈ, ਉਥੇ ਮਿੱਟੀ ਦੇ ਭਾਂਡਿਆਂ 'ਤੇ ਵੀ ਪਈ ਹੈ। ਜਿਸ ਕਾਰਨ ਅਜੋਕੇ ਯੁੱਗ ਨੇ ਮਿੱਟੀ ਦੇ ਭਾਂਡਿਆਂ ਦੀ ਕਦਰ ਘਟਾ ਦਿੱਤੀ ਹੈ। ਇਹ ਕੰਮ ਕਰਨ ਵਾਲੇ ਘੁਮਿਆਰ ਦੀ ਰੋਜ਼ੀ ਰੋਟੀ 'ਤੇ ਵੀ ਅਸਰ ਪਿਆ ਹੈ। ਜੱਦੀ ਤੌਰ 'ਤੇ ਕੰਮ ਕਰਨ ਵਾਲੇ ਘੁਮਿਆਰ ਵੀ ਇਸ ਤੋਂ ਪਾਸਾ ਵੱਟਣ ਲੱਗ ਪਏ ਹਨ ਕਿਉਂਕਿ ਇਹ ਕੰਮ ਹੁਣ ਕੋਈ ਜ਼ਿਆਦਾ ਲਾਭ ਵਾਲਾ ਨਹੀਂ ਰਿਹਾ, ਇਸ ਕਰ ਕੇ ਇਸ ਵਰਗ ਨੂੰ ਭਾਰੀ ਮੰਦੀ ਦੀ ਮਾਰ ਝੱਲਣੀ ਪੈ ਰਹੀ ਹੈ। ਪਾਣੀ ਦੇ ਘੜੇ ਦੀ ਥਾਂ ਫਰਿਜ ਤੇ ਪਾਣੀ ਦੀਆਂ ਬੰਦ ਬੋਤਲਾਂ ਨੇ ਲੈ ਲਈ ਹੈ। ਅਮੀਰ ਆਦਮੀ ਜਿਥੇ ਇਨ੍ਹਾਂ ਆਧੁਨਿਕ ਵਸਤੂਆਂ ਦਾ ਖੂਬ ਇਸਤੇਮਾਲ ਕਰ ਰਹੇ ਹਨ ਉਥੇ ਹੀ ਮੱਧ ਵਰਗ ਤੇ ਗਰੀਬ ਵਰਗ ਦੇ ਲੋਕ ਅੱਜ ਵੀ ਮਿੱਟੀ ਦੇ ਬਣੇ ਭਾਂਡਿਆਂ 'ਚ ਪਾਣੀ ਪੀਣ ਨੂੰ ਤਰਜੀਹ ਦਿੰਦੇ ਹਨ। ਇਹੀ ਕਾਰਨ ਹੈ ਕਿ ਪੇਂਡੂ ਇਲਾਕਿਆਂ 'ਚ ਅੱਜ ਵੀ ਮਿੱਟੀ ਦੇ ਬਣੇ ਭਾਂਡਿਆਂ ਦੀ ਮੰਗ ਬਰਕਰਾਰ ਹੈ। 
ਘਰਾਂ ਤੇ ਦੁਕਾਨਾਂ 'ਚ ਹੁਣ ਟੂਟੀ ਵਾਲੇ ਘੜਿਆਂ ਦੀ ਮੰਗ ਦਿਨੋਂ-ਦਿਨ ਵੱਧ ਰਹੀ ਹੈ। ਵਾਟਰ ਕੂਲਰਾਂ ਦੀ ਤਰਜ 'ਤੇ ਹੁਣ ਬਾਜ਼ਾਰ 'ਚ ਟੂਟੀ ਲੱਗੇ ਘੜੇ ਵੀ ਆ ਗਏ ਹਨ, ਜਿਨ੍ਹਾਂ ਦੀ ਮਾਰਕੀਟ 'ਚ ਕਾਫੀ ਮੰਗ ਹੈ। ਡਾਕਟਰਾਂ ਵੱਲੋਂ ਵੀ ਫਰਿੱਜ ਦੀ ਬਜਾਏ ਘੜੇ ਦੇ ਪਾਣੀ ਨੂੰ ਜ਼ਿਆਦਾ ਤਰਜੀਹ ਦੇਣ ਕਾਰਨ ਲੋਕਾਂ ਵੱਲੋਂ ਹੁਣ ਟੂਟੀ ਵਾਲੇ ਘੜਿਆਂ ਦੀ ਵਧੇਰੇ ਖਰੀਦਦਾਰੀ ਕੀਤੀ ਜਾ ਰਹੀ ਹੈ। 
PunjabKesari
ਪਾਣੀ ਦਾ ਜ਼ਹਿਰੀਲਾ ਹੋਣਾ ਅਤੇ ਬੀਮਾਰੀਆਂ ਨੇ ਵਧਾਈ ਮਿੱਟੀ ਦੇ ਘੜਿਆਂ ਦੀ ਮੰਗ ਸੂਬੇ 'ਚ ਪਾਣੀ ਦਾ ਪੱਧਰ ਨੀਵਾਂ ਤੇ ਜ਼ਹਿਰੀਲਾ ਹੋਣ ਕਾਰਨ ਮਨੁੱਖ ਨੂੰ ਅੱਜ ਅਨੇਕਾਂ ਬੀਮਾਰੀਆਂ ਨੇ ਘੇਰ ਲਿਆ ਹੈ। ਅਮੀਰ ਵਰਗ ਨੇ ਜਿਥੇ ਘਰਾਂ 'ਚ ਆਰ. ਓ. ਲਾਉਣ ਦੇ ਬਾਵਜੂਦ ਮਿੱਟੀ ਦੇ ਘੜਿਆਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਮਿੱਟੀ ਦੇ ਘੜਿਆਂ ਦਾ ਪਾਣੀ ਸਾਫ ਤੇ ਸ਼ੁੱਧ ਹੁੰਦਾ ਹੈ, ਇਸ ਨਾਲ ਕੋਈ ਬੀਮਾਰੀ ਵੀ ਨਹੀਂ ਲੱਗਦੀ। 
ਮਿੱਟੀ ਨਾ ਮਿਲਣ ਕਰ ਕੇ ਘੁਮਿਆਰ ਵਰਗ ਨੂੰ ਕਰਨਾ ਪੈ ਰਿਹੈ ਪ੍ਰੇਸ਼ਾਨੀਆਂ ਦਾ ਸਾਹਮਣਾ
ਮਿੱਟੀ ਦੇ ਭਾਂਡੇ ਬਣਾਉਣ ਵਾਲੇ ਸੋਮ ਨਾਥ ਪ੍ਰਜਾਪਤ ਨੇ ਦੱਸਿਆ ਕਿ ਮਿੱਟੀ ਦੇ ਭਾਂਡੇ ਬਣਾਉਣ ਲਈ ਹੁਣ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲਾਂ ਮਿੱਟੀ ਆਸਾਨੀ ਨਾਲ ਮਿਲ ਜਾਂਦੀ ਸੀ ਪਰ ਹੁਣ ਮਿੱਟੀ ਮਿਲਣ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਉਨ੍ਹਾਂ ਨੂੰ ਦੂਰ-ਦੁਰਾਡੇ ਦੇ ਪਿੰਡਾਂ ਤੋਂ ਮਿੱਟੀ ਲਿਆਉਣੀ ਪੈਂਦੀ ਹੈ। ਮਿੱਟੀ ਦੇ ਬਣੇ ਭਾਂਡਿਆਂ ਦੀ ਜਗ੍ਹਾ ਪਲਾਸਟਿਕ ਅਤੇ ਫਾਈਬਰ ਦੇ ਭਾਂਡੇ ਲੈ ਚੁੱਕੇ ਹਨ। ਜਿਸ ਕਾਰਨ ਮਿੱਟੀ ਦੇ ਭਾਂਡੇ ਬਣਨੇ ਹੁਣ ਕਰੀਬ-ਕਰੀਬ ਬੰਦ ਹੋ ਚੁੱਕੇ ਹਨ। ਪਹਿਲਾਂ ਖਾਣਾ ਬਣਾਉਣ ਤੋਂ ਲੈ ਕੇ ਹੋਰਨਾਂ ਕੰਮਾਂ 'ਚ ਮਿੱਟੀ ਦੇ ਭਾਂਡਿਆਂ ਦਾ ਇਸਤੇਮਾਲ ਹੁੰਦਾ ਸੀ ਪਰ ਹੁਣ ਪਿੱਤਲ ਅਤੇ ਸਟੀਲ ਦੇ ਭਾਂਡਿਆਂ ਨੇ ਇਨ੍ਹਾਂ ਦੀ ਜਗ੍ਹਾ ਲੈ ਲਈ ਹੈ। 
ਘੁਮਿਆਰਾਂ ਦੇ ਬੱਚੇ ਛੱਡ ਰਹੇ ਹਨ ਜੱਦੀ ਪੁਸ਼ਤੀ ਕੰਮ
ਸੋਮ ਨਾਥ ਮੁਤਾਬਕ ਮਿੱਟੀ ਦੇ ਬਰਤਨਾਂ ਦਾ ਕੰਮ ਫਾਇਦੇਮੰਦ ਨਾ ਹੋਣ ਅਤੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੋਣ ਕਾਰਨ ਸਾਡੇ ਬੱਚੇ ਇਹ ਕੰਮ ਛੱਡ ਚੁੱਕੇ ਹਨ। ਅਸੀਂ ਤਾਂ ਆਪਣੀ ਜੱਦੀ ਪੁਸ਼ਤੀ ਵਿਰਾਸਤ ਨੂੰ ਸੰਭਾਲੇ ਹੋਏ ਹਾਂ ਪਰ ਹੁਣ ਸਾਡੇ ਬੱਚੇ ਇਸ ਕੰਮ ਨੂੰ ਨਹੀਂ ਕਰਨਾ ਚਾਹੁੰਦੇ ਹਨ, ਉਹ ਹੁਣ ਨੌਕਰੀ ਕਰ ਰਹੇ ਹਨ। ਤਿਉਹਾਰਾਂ 'ਤੇ ਵੀ ਮਿੱਟੀ ਦੇ ਖਿਡੌਣੇ ਵਿਕਣੇ ਬੰਦ ਹੋਣ ਕਾਰਨ ਘੁਮਿਆਰਾਂ ਦੀ ਸਥਿਤੀ ਇਸ ਪੱਧਰ ਤਕ ਪਹੁੰਚ ਗਈ ਹੈ ਕਿ ਲੋਕ ਇਸ ਕਿੱਤੇ ਨੂੰ ਛੱਡਣ ਦਾ ਮਨ ਬਣਾ ਚੁੱਕੇ ਹਨ। 


Related News