ਪੰਜਾਬ 'ਚ ਵੋਟਾਂ ਪੈਣ ਦਾ ਕੰਮ ਸ਼ੁਰੂ, ਈ. ਵੀ. ਐੱਮ. 'ਚ ਬੰਦ ਹੋਵੇਗੀ ਉਮੀਦਵਾਰਾਂ ਦੀ ਕਿਸਮਤ

Sunday, May 19, 2019 - 07:11 AM (IST)

ਪੰਜਾਬ 'ਚ ਵੋਟਾਂ ਪੈਣ ਦਾ ਕੰਮ ਸ਼ੁਰੂ, ਈ. ਵੀ. ਐੱਮ. 'ਚ ਬੰਦ ਹੋਵੇਗੀ ਉਮੀਦਵਾਰਾਂ ਦੀ ਕਿਸਮਤ

ਜਲੰਧਰ/ਚੰਡੀਗੜ੍ਹ : ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਸੱਤਵੇਂ ਅਤੇ ਆਖਰੀ ਗੇੜ ਦੀਆਂ ਵੋਟਾਂ 19 ਮਈ ਮਤਲਬ ਕਿ ਅੱਜ ਪੈਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਦੌਰਾਨ ਈ. ਵੀ. ਐੱਮ. ਮਸ਼ੀਨਾਂ 'ਚ ਉਮੀਦਵਾਰਾਂ ਦੀ ਕਿਸਮਤ ਬੰਦ ਹੋ ਜਾਵੇਗੀ ਅਤੇ 23 ਮਈ ਨੂੰ ਇਨ੍ਹਾਂ ਚੋਣਾਂ ਦੇ ਨਤੀਜੇ ਸਾਹਮਣੇ ਆਉਣਗੇ। ਇਨ੍ਹਾਂ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਲਈ ਹਰ ਪਾਰਟੀ ਨੇ ਆਪਣੀ ਸਿਆਸੀ ਤਾਕਤ ਪੂਰੀ ਤਰ੍ਹਾਂ ਝੋਕ ਦਿੱਤੀ ਹੈ। ਵੋਟਾਂ ਪੈਣ ਦਾ ਕੰਮ ਸਵੇਰੇ 7 ਤੋਂ ਸ਼ੁਰੂ ਹੋ ਗਿਆ ਹੈ ਅਤੇ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਣ ਦਾ ਕੰਮ ਜਾਰੀ ਰਹੇਗਾ।
13 ਸੀਟਾਂ 'ਤੇ 278 ਉਮੀਦਵਾਰ ਮੈਦਾਨ 'ਚ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 278 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ। ਇਨ੍ਹਾਂ ਸੀਟਾਂ 'ਚੋਂ ਅੰਮ੍ਰਿਤਸਰ 'ਚ 30 ਉਮੀਦਵਾਰ, ਹੁਸ਼ਿਆਰਪੁਰ 'ਚ 8, ਗੁਰਦਾਸਪੁਰ 'ਚ 15 ਉਮੀਦਵਾਰ ਮੈਦਾਨ 'ਚ ਹਨ। ਕੁੱਲ 278 ਉਮੀਦਵਾਰਾਂ 'ਚੋਂ ਕਈ ਵੱਡੇ ਨਾਮ ਜਿਵੇਂ ਕਿ ਸੰਨੀ ਦਿਓਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਪਰਨੀਤ ਕੌਰ, ਭਗਵੰਤ ਮਾਨ ਅਤੇ ਮਨੀਸ਼ ਤਿਵਾੜੀ ਸ਼ਾਮਲ ਹਨ, ਜਿਨ੍ਹਾਂ ਨੇ ਜਿੱਤ ਪ੍ਰਾਪਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਹੈ।
ਸੂਬੇ 'ਚ ਕੁੱਲ 2,08,92,674 ਵੋਟਰ 
ਸੂਬੇ 'ਚ ਕੁੱਲ 2,08,92,674 ਵੋਟਰ ਹਨ, ਜਿਨ੍ਹਾਂ 'ਚੋਂ 1,10,59,828 ਪੁਰਸ਼ ਅਤੇ 98,32,286 ਮਹਿਲਾ ਵੋਟਰ ਹਨ, ਜਦੋਂ ਕਿ 560 ਥਰਡ ਜੈਂਡਰ ਵੋਟਰ ਹਨ। ਇਹ ਵੋਟਰ 278 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸੂਬੇ 'ਚ ਕੁੱਲ ਸਰਵਿਸ ਵੋਟਰ 100285 ਹਨ, ਜਿਨ੍ਹਾਂ 'ਚੋਂ ਮਰਦ ਵੋਟਰ 98,551 ਅਤੇ ਮਹਿਲਾ ਵੋਟਰਾਂ ਦੀ ਗਿਣਤੀ 1734 ਹੈ।
ਸਥਾਪਿਤ ਕੀਤੇ ਗਏ 23,213 ਪੋਲਿੰਗ ਸਟੇਸ਼ਨ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਸੂਬੇ 'ਚ ਕੁੱਲ 23,213 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ 'ਚੋਂ 719 ਨੁੰ ਸੰਵੇਦਨਸ਼ੀਲ ਅਤੇ 509 ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਸ਼ਹਿਰਾਂ 'ਚ 6819 ਪੋਲਿੰਗ ਬੂਥ ਬਣਾਏ ਗਏ ਹਨ, ਜਦੋਂ ਕਿ ਪੇਂਡੂ ਇਲਾਕਿਆਂ 'ਚ ਇਨ੍ਹਾਂ ਦੀ ਗਿਣਤੀ 16,394 ਹੈ। ਇਨ੍ਹਾਂ 'ਚੋਂ 12002 ਬੂਥਾਂ ਤੋਂ ਵੈੱਬ ਕਾਸਟਿੰਗ ਕੀਤੀ ਜਾਵੇਗੀ।
13 ਸੀਟਾਂ 'ਤੇ ਉਤਰੇ ਇਹ ਉਮੀਦਵਾਰ
1. ਅੰਮ੍ਰਿਤਸਰ : ਗੁਰਜੀਤ ਔਜਲਾ (ਕਾਂਗਰਸ), ਹਰਦੀਪ ਸਿੰਘ ਪੁਰੀ (ਅਕਾਲੀ-ਭਾਜਪਾ), ਕੁਲਦੀਪ ਸਿੰਘ ਧਾਲੀਵਾਲ (ਆਮ ਆਦਮੀ ਪਾਰਟੀ), ਦਸਵਿੰਦਰ ਕੌਰ (ਪੀਡੀਏ)
2. ਆਨੰਦਪੁਰ ਸਾਹਿਬ : ਮਨੀਸ਼ ਤਿਵਾੜੀ (ਕਾਂਗਰਸ), ਪ੍ਰੇਮ ਸਿੰਘ ਚੰਦੂਮਾਜਰਾ (ਅਕਾਲੀ-ਭਾਜਪਾ), ਨਰਿੰਦਰ ਸਿੰਘ ਸ਼ੇਰਗਿੱਲ (ਆਪ), ਬਿਕਰਮ ਸਿੰਘ ਸੋਢੀ (ਪੀਡੀਏ)
3. ਬਠਿੰਡਾ : ਅਮਰਿੰਦਰ ਸਿੰਘ ਰਾਜਾ ਵੜਿੰਗ (ਕਾਂਗਰਸ), ਹਰਸਿਮਰਤ ਕੌਰ ਬਾਦਲ (ਅਕਾਲੀ-ਭਾਜਪਾ), ਪ੍ਰੋ. ਬਲਜਿੰਦਰ ਕੌਰ (ਆਪ), ਸੁਖਪਾਲ ਖਹਿਰਾ (ਪੀਡੀਏ)
4. ਫਰੀਦਕੋਟ : ਮੁਹੰਮਦ ਸਦੀਕ (ਕਾਂਗਰਸ), ਗੁਲਜਾਰ ਸਿੰਘ ਰਣੀਕੇ (ਅਕਾਲੀ-ਭਾਜਪਾ), ਪ੍ਰੋ. ਸਾਧੂ ਸਿੰਘ (ਆਪ), ਮਾਸਟਰ ਬਲਦੇਵ ਸਿੰਘ (ਪੀਡੀਏ)
5. ਫਤਿਹਗੜ੍ਹ ਸਾਹਿਬ : ਡਾ. ਅਮਰ ਸਿੰਘ (ਕਾਂਗਰਸ), ਦਰਬਾਰਾ ਸਿੰਘ ਗੁਰੂ (ਅਕਾਲੀ-ਭਾਜਪਾ), ਬੰਦੀਪ ਦੂਲੋ (ਆਪ), ਮਨਵਿੰਦਰ ਸਿੰਘ ਗਿਆਸਪੁਰਾ (ਪੀਡੀਏ)
6. ਫਿਰੋਜ਼ਪੁਰ : ਸ਼ੇਰ ਸਿੰਘ ਘੁਬਾਇਆ (ਕਾਂਗਰਸ), ਸੁਖਬੀਰ ਸਿੰਘ ਬਾਦਲ (ਅਕਾਲੀ-ਭਾਜਪਾ), ਹਰਜਿੰਦਰ ਸਿੰਘ ਕਾਕਾ ਸਰਾਂ (ਆਪ), ਹੰਸ ਰਾਜ ਗੋਲਡਨ (ਪੀਡੀਏ)
7. ਗੁਰਦਾਸਪੁਰ : ਸੁਨੀਲ ਜਾਖੜ (ਕਾਂਗਰਸ), ਸੰਨੀ ਦਿਓਲ (ਅਕਾਲੀ-ਭਾਜਪਾ), ਪੀਟਰ ਚੀਦਾ ਮਸੀਹ (ਆਪ), ਲਾਲ ਚੰਦ ਕਟਰੂਚੱਕ (ਪੀਡੀਏ)
8. ਹੁਸ਼ਿਆਰਪੁਰ : ਰਾਜ ਕੁਮਾਰ ਚੱਬੇਵਾਲ (ਕਾਂਗਰਸ), ਸੋਮ ਪ੍ਰਕਾਸ਼ (ਅਕਾਲੀ-ਭਾਜਪਾ), ਡਾ. ਰਵਜੋਤ ਸਿੰਘ (ਆਪ), ਚੌਧਰੀ ਖੁਸ਼ੀ ਰਾਮ (ਪੀਡੀਏ)
9. ਜਲੰਧਰ : ਸੰਤੋਖ ਸਿੰਘ ਚੌਧਰੀ (ਕਾਂਗਰਸ), ਚਰਨਜੀਤ ਸਿੰਘ ਅਟਵਾਲ (ਅਕਾਲੀ-ਭਾਜਪਾ), ਜਸਟਿਸ ਜ਼ੋਰਾ ਸਿੰਘ (ਆਪ), ਬਲਵਿੰਦਰ ਕੁਮਾਰ (ਪੀਡੀਏ)
10. ਖਡੂਰ ਸਾਹਿਬ : ਜਸਬੀਰ ਸਿੰਘ ਗਿੱਲ ਡਿੰਪਾ (ਕਾਂਗਰਸ), ਬੀਬੀ ਜਗੀਰ ਕੌਰ (ਅਕਾਲੀ-ਭਾਜਪਾ), ਮਨਜਿੰਦਰ ਸਿੰਘ ਸਾਧੂ (ਆਪ), ਪਰਮਜੀਤ ਕੌਰ ਖਾਲੜਾ (ਪੀਡੀਏ)
11. ਲੁਧਿਆਣਾ : ਰਵਨੀਤ ਬਿੱਟੂ (ਕਾਂਗਰਸ), ਮਹੇਸ਼ ਇੰਦਰ ਸਿੰਘ ਗਰੇਵਾਲ (ਅਕਾਲੀ-ਭਾਜਪਾ), ਤੇਜਪਾਲ ਸਿੰਘ ਗਿੱਲ (ਆਪ), ਸਿਮਰਜੀਤ ਸਿੰਘ ਬੈਂਸ (ਪੀਡੀਏ)
12. ਪਟਿਆਲਾ : ਪਰਨੀਤ ਕੌਰ (ਕਾਂਗਰਸ), ਸੁਰਜੀਤ ਸਿੰਘ ਰੱਖੜਾ (ਅਕਾਲੀ-ਭਾਜਪਾ), ਨੀਨਾ ਮਿੱਤਲ (ਆਪ), ਧਰਮਵੀਰ ਗਾਂਧੀ (ਨਵਾਂ ਪੰਜਾਬ ਪਾਰਟੀ)
13. ਸੰਗਰੂਰ : ਕੇਵਲ ਸਿੰਘ ਢਿੱਲੋਂ (ਕਾਂਗਰਸ), ਪਰਮਿੰਦਰ ਸਿੰਘ ਢੀਂਡਸਾ (ਅਕਾਲੀ-ਭਾਜਪਾ), ਭਗਵੰਤ ਮਾਨ (ਆਪ), ਜੱਸੀ ਜਸਰਾਜ (ਪੀਡੀਏ)


author

Babita

Content Editor

Related News