ਪੁਲਸ ਨੇ ਸ਼ਿਕਾਇਤਕਰਤਾ ਨੂੰ ਕਿਹਾ- ''ਚੋਰਾਂ ਦਾ ਸਕੈੱਚ ਬਣਵਾ ਕੇ ਲਿਆਓ''

Tuesday, May 01, 2018 - 06:17 AM (IST)

ਪੁਲਸ ਨੇ ਸ਼ਿਕਾਇਤਕਰਤਾ ਨੂੰ ਕਿਹਾ- ''ਚੋਰਾਂ ਦਾ ਸਕੈੱਚ ਬਣਵਾ ਕੇ ਲਿਆਓ''

ਮੋਹਾਲੀ, (ਕੁਲਦੀਪ)- ਸਾਵਧਾਨ! ਜੇਕਰ ਤੁਹਾਡੇ ਘਰ ਵਿਚ ਕੋਈ ਚੋਰੀ ਹੋ ਜਾਂਦੀ ਹੈ ਅਤੇ ਤੁਹਾਡੇ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਚੋਰਾਂ ਦੀ ਫੁਟੇਜ ਵੀ ਕੈਦ ਹੋ ਜਾਂਦੀ ਹੈ ਤਾਂ ਇਸ ਦਾ ਖਮਿਆਜ਼ਾ ਵੀ ਤੁਹਾਨੂੰ ਹੀ ਭੁਗਤਣਾ ਪੈ ਸਕਦਾ ਹੈ ਕਿਉਂਕਿ ਪੁਲਸ ਵੱਲੋਂ ਤੁਹਾਡੀ ਮਦਦ ਕਰਨ ਦੀ ਬਜਾਏ ਤੁਹਾਨੂੰ ਹੀ ਚੋਰਾਂ ਦੇ ਸਕੈੱਚ ਬਣਵਾਉਣ ਲਈ ਕਿਹਾ ਜਾ ਸਕਦਾ ਹੈ । ਇਹ ਕੋਈ ਅਤਿਕਥਨੀ ਨਹੀਂ ਹੈ, ਸਗੋਂ ਹਕੀਕਤ ਹੈ । ਮੋਹਾਲੀ ਪੁਲਸ ਵੱਲੋਂ ਇਹ ਪ੍ਰੈਕਟਿਸ ਫੇਜ਼-2 ਦੇ ਮਕਾਨ ਨੰਬਰ 405 ਨਿਵਾਸੀ ਰੋਹਿਤ ਭਾਰਦਵਾਜ ਤੋਂ ਕਰਵਾਈ ਜਾ ਰਹੀ ਹੈ ।
ਗੱਲ ਇਹ ਹੈ ਕਿ 26 ਅਪ੍ਰੈਲ ਨੂੰ ਰੋਹਿਤ ਭਾਰਦਵਾਜ ਦੇ ਘਰ ਵਿਚ ਉਸ ਸਮੇਂ ਦਿਨ-ਦਿਹਾੜੇ ਚੋਰੀ ਹੋ ਗਈ, ਜਦੋਂ ਉਹ ਅਤੇ ਉਸ ਦੀ ਪਤਨੀ ਆਪਣੇ-ਆਪਣੇ ਦਫਤਰ ਗਏ ਹੋਏ ਸਨ । ਸ਼ਾਮ ਨੂੰ ਆ ਕੇ ਵੇਖਿਆ ਤਾਂ ਘਰ 'ਚੋਂ 1 ਲੱਖ 20 ਹਜ਼ਾਰ ਰੁਪਏ ਦੀ ਨਕਦੀ, ਡਾਇਮੰਡ ਅਤੇ ਸੋਨੇ ਦੀ ਜਿਊਲਰੀ ਸਮੇਤ ਮਹਿੰਗੇ ਮੁੱਲ ਦੇ ਸਿੱਕੇ ਚੋਰੀ ਹੋ ਚੁੱਕੇ ਸਨ । ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਪਤਾ ਲੱਗਾ ਹੈ ਕਿ ਘਰ ਵਿਚ ਦੁਪਹਿਰ ਦੇ ਸਮੇਂ ਦੋ ਚੋਰ ਦਾਖਲ ਹੋਏ ਸਨ, ਜਿਨ੍ਹਾਂ ਨੇ ਇਹ ਚੋਰੀ ਕੀਤੀ ।
ਰੋਹਿਤ ਭਾਰਦਵਾਜ ਨੇ ਦੱਸਿਆ ਕਿ ਉਹ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਲੈ ਕੇ ਪੁਲਸ ਕੋਲ ਗਏ ਤਾਂ ਪੁਲਸ ਨੇ ਖੁਦ ਚੋਰਾਂ ਦਾ ਸਕੈੱਚ ਬਣਵਾਉਣ ਦੀ ਬਜਾਏ ਉਲਟਾ ਉਸ ਨੂੰ ਹੀ ਕਿਹਾ ਕਿ ਉਹ ਚੋਰਾਂ ਦਾ ਸਕੈੱਚ ਬਣਵਾ ਕੇ ਲਿਆਏ ।
ਕਦੇ ਸੈਕਟਰ-22 ਤਾਂ ਕਦੇ ਸੁਖਨਾ ਲੇਕ ਜਾ ਕੇ ਖਾਣੇ ਪਏ ਧੱਕੇ : ਰੋਹਿਤ ਦਾ ਕਹਿਣਾ ਹੈ ਕਿ ਇਕ ਤਾਂ ਉਸ ਦੇ ਘਰ ਵਿਚ ਚੋਰੀ ਹੋ ਗਈ ਅਤੇ ਉਤੋਂ ਉਹ ਆਪਣੀ ਗਰਭਵਤੀ ਪਤਨੀ ਨੂੰ ਘਰ ਵਿਚ ਇਕੱਲੀ ਛੱਡ ਕੇ ਪੁਲਸ ਦੇ ਸਕੈੱਚ ਬਣਵਾਉਣ ਦੇ ਹੁਕਮਾਂ ਦੀ ਪਾਲਣ ਕਰਦਾ ਫਿਰ ਰਿਹਾ ਹੈ । ਕਦੇ ਉਹ ਚੰਡੀਗੜ੍ਹ ਦੇ ਸੈਕਟਰ-22 ਸਥਿਤ ਫੋਟੋਗਰਾਫੀ ਦੇ ਸ਼ੋਅਰੂਮ ਵਿਚ ਗਿਆ ਤਾਂ ਕਦੇ ਸੁਖਨਾ ਲੇਕ 'ਤੇ ਸਕੈੱਚ ਤਿਆਰ ਕਰਵਾਉਣ ਲਈ ਧੱਕੇ ਖਾਂਦਾ ਫਿਰ ਰਿਹਾ ਹੈ ।
ਮੋਹਾਲੀ ਪੁਲਸ ਕੋਲ ਨਹੀਂ ਹੈ ਸਕੈੱਚ ਬਣਾਉਣ ਵਾਲਾ ਆਰਟਿਸਟ : ਪਤਾ ਲੱਗਾ ਹੈ ਕਿ ਮੋਹਾਲੀ ਪੁਲਸ ਕੋਲ ਸਕੈੱਚ ਬਣਾਉਣ ਵਾਲਾ ਕੋਈ ਆਰਟਿਸਟ ਨਹੀਂ ਹੈ, ਜਿਸ ਕਾਰਨ ਹੁਣ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ।


Related News