ਪੁਲਸ ਮੁਲਾਜ਼ਮਾਂ ਲਈ ਪਹਿਲੀ ਵਾਰ ਸਖ਼ਤ ਫ਼ਰਮਾਨ ਜਾਰੀ, ਕਾਂਸਟੇਬਲ ਤੋਂ ਲੈ ਕੇ DSP ਤੱਕ...
Wednesday, Feb 26, 2025 - 11:06 AM (IST)

ਚੰਡੀਗੜ੍ਹ (ਸੁਸ਼ੀਲ) : ਕਾਂਸਟੇਬਲ ਤੋਂ ਲੈ ਕੇ ਹੁਣ ਡੀ. ਐੱਸ. ਪੀ. ਤੱਕ ਸਾਰਿਆਂ ਨੂੰ ਪੁਲਸ ਹੈੱਡਕੁਆਰਟਰ ਦੇ ਅੰਦਰ ਜਾਣ ਲਈ ਵਿਜ਼ਟਰ ਸਲਿੱਪ ਲੈਣੀ ਹੋਵੇਗੀ। ਬਿਨਾ ਵੈਧ ਵਿਜ਼ਟਰ ਸਲਿੱਪ ਦੇ ਜੇਕਰ ਕੋਈ ਪੁਲਸ ਮੁਲਾਜ਼ਮ ਜਾਂ ਆਮ ਨਾਗਰਿਕ ਮਿਲਿਆ ਤਾਂ ਉਸ ਨੂੰ ਅਟੈਂਡ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜਾ ਵੀ ਅਧਿਕਾਰੀ ਗੱਲਬਾਤ ਕਰਦਾ ਪਾਇਆ ਗਿਆ ਤਾਂ ਉਹ ਜ਼ਿੰਮੇਵਾਰ ਮੰਨਿਆ ਜਾਵੇਗਾ। ਵਿਜ਼ਟਰ ਸਲਿੱਪ ਲੈਣ ਦੇ ਹੁਕਮ ਡੀ. ਐੱਸ. ਪੀ. ਹੈੱਡਕੁਆਰਟਰ ਪੀ. ਅਭਿਨੰਦਨ ਨੇ ਸਾਰੇ ਯੂਨਿਟ ਇੰਚਾਰਜਾਂ ਨੂੰ ਜਾਰੀ ਕੀਤੇ ਹਨ। ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਪੁਲਸ ਹੈੱਡਕੁਆਰਟਰ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇ ਗਏ ਹਨ। ਡੀ. ਐੱਸ. ਪੀ. ਹੈੱਡਕੁਆਰਟਰ ਪੀ. ਅਭਿਨੰਦਨ ਨੇ ਵਿਜ਼ਟਰ ਸਲਿੱਪ ਜ਼ਰੂਰ ਲੈਣ ਦੇ ਹੁਕਮ ਜਾਰੀ ਕਰਨ ਤੋਂ ਪਹਿਲਾਂ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਸੀ। ਸੀਨੀਅਰ ਅਧਿਕਾਰੀਆਂ ਨੂੰ ਬਿਨਾਂ ਕਿਸੇ ਕਾਰਨ ਪੁਲਸ ਮੁਲਾਜ਼ਮ ਹੈੱਡਕੁਆਰਟਰ ’ਚ ਘੁੰਮਦੇ ਦਿਖਾਈ ਦਿੱਤੇ ਸਨ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਣ ਵਾਲੇ ਪੰਜਾਬੀਆਂ ਲਈ ਵੱਡਾ ਐਲਾਨ, ਵਿਧਾਨ ਸਭਾ 'ਚ ਵੱਜੀਆਂ ਤਾੜੀਆਂ
ਜਾਰੀ ਹੁਕਮਾਂ 'ਚ ਡੀ. ਐੱਸ. ਪੀ. ਪੀ. ਅਭਿਨੰਦਨ ਨੇ ਕਿਹਾ ਕਿ ਹੈੱਡਕੁਆਰਟਰ 'ਚ ਤਾਇਨਾਤ ਮੁਲਾਜ਼ਮਾਂ ਤੋਂ ਇਲਾਵਾ ਸਾਰੇ ਮੁਲਾਜ਼ਮਾਂ ਨੂੰ ਵਿੰਡੋ ਤੋਂ ਵਿਜ਼ਟਰ ਸਲਿੱਪ ਲੈਣੀ ਹੋਵੇਗੀ। ਵਿਜ਼ਟਰ ਸਲਿੱਪ 'ਚ ਇਹ ਦੱਸਣਾ ਹੋਵੇਗਾ ਕਿ ਪੁਲਸ ਮੁਲਾਜ਼ਮ ਕਿਸ ਅਧਿਕਾਰੀ ਨਾਲ ਮਿਲਿਆ ਹੈ। ਅਧਿਕਾਰੀ ਨੂੰ ਮਿਲਣ ਤੋਂ ਬਾਅਦ ਪੁਲਸ ਮੁਲਾਜ਼ਮ ਨੂੰ ਵਾਪਸ ਵਿਜ਼ਟਰ ਸਲਿੱਪ ਵਿੰਡੋ ’ਤੇ ਜਮ੍ਹਾਂ ਕਰਵਾਉਣੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਮੂਹ ਰੀਡਰਾਂ ਅਤੇ ਯੂਨਿਟ ਇੰਚਾਰਜਾਂ ਨੂੰ ਹੁਕਮ ਦਿੱਤੇ ਜਾਂਦੇ ਹਨ ਕਿ ਉਹ ਕਿਸੇ ਵੀ ਪੁਲਸ ਅਧਿਕਾਰੀ ਜਾਂ ਆਮ ਲੋਕਾਂ ਨੂੰ ਨਾ ਬੁਲਾਉਣ, ਜਿਸਦੇ ਕੋਲ ਵਿਜ਼ਟਰ ਸਲਿੱਪ ਨਹੀਂ ਹੈ। ਹੈੱਡਕੁਆਟਰ ਦੇ ਪੁਲਸ ਅਧਿਕਾਰੀ ਬਿਨਾ ਵੈਧ ਵਿਜ਼ਟਰ ਸਲਿੱਪ ਦੇ ਕਿਸੇ ਵੀ ਨਾਗਰਿਕ ਜਾਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਦੇ ਪਾਏ ਜਾਣ ’ਤੇ ਜ਼ਿੰਮੇਵਾਰ ਮੰਨੇ ਜਾਣਗੇ। ਸੂਤਰਾਂ ਦੀ ਮੰਨੀਏ ਤਾਂ ਕਈ ਇੰਸਪੈਕਟਰ ਅਤੇ ਡੀ. ਐੱਸ. ਪੀ. ਬਿਨਾਂ ਕਿਸੇ ਕਾਰਨ ਸੀਨੀਅਰ ਅਫ਼ਸਰਾਂ ਕੋਲ ਜਾ ਕੇ ਸਲੂਟ ਮਾਰਦੇ ਸਨ ਤਾਂ ਜੋ ਉਨ੍ਹਾਂ ਨੂੰ ਯੂਨਿਟ ਦਾ ਇੰਚਾਰਜ ਲੱਗਣ ਦਾ ਮੌਕਾ ਮਿਲ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਕਾਮਿਆਂ ਨਾਲ ਜੁੜੀ ਵੱਡੀ ਖ਼ਬਰ, ਵਿਧਾਨ ਸਭਾ 'ਚ ਦਿੱਤੀ ਗਈ ਡਿਟੇਲ
ਪਹਿਲਾਂ ਪਬਲਿਕ ਲਈ ਜਾਰੀ ਹੁੰਦਾ ਸੀ ਵਿਜ਼ਟਰ ਪਾਸ
ਸੈਕਟਰ 9 ਦੇ ਪੁਲਸ ਹੈੱਡਕੁਆਰਟਰ ਵਿਚ ਜਾਣ ਲਈ ਆਮ ਲੋਕਾਂ ਨੂੰ ਵਿਜ਼ਟਰ ਸਲਿੱਪ ਬਣਵਾਉਣੀ ਪੈਂਦੀ ਸੀ। ਉਸ ਸਲਿੱਪ ’ਤੇ ਜਿਸ ਅਧਿਕਾਰੀ ਨੂੰ ਮਿਲਣਾ ਹੁੰਦਾ ਸੀ, ਉਸ ਦਾ ਨਾਂ ਲਿਖਿਆ ਹੁੰਦਾ ਸੀ ਪਰ ਪੁਲਸ ਮੁਲਾਜ਼ਮਾਂ ਨੂੰ ਵਿਜ਼ਟਰ ਸਲਿੱਪ ਬਣਵਾਉਣ ਦਾ ਫ਼ਰਮਾਨ ਪਹਿਲੀ ਵਾਰ ਜਾਰੀ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਮੁਲਾਜ਼ਮਾਂ ਦੀ ਵਿਜ਼ਟਰ ਸਲਿੱਪ ਬਣਾਉਣ ਦੇ ਪਿੱਛੇ ਕੁੱਝ ਹੋਰ ਗੱਲ ਹੈ। ਸੀਨੀਅਰ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਿਹੜੇ-ਕਿਹੜੇ ਪੁਲਸ ਮੁਲਾਜ਼ਮ ਕਿਸ ਕੋਲ ਆਉਂਦੇ ਹਨ। ਕੌਣ, ਕਿਸ ਅਫ਼ਸਰ ਦਾ ਖ਼ਾਸ ਹੈ। ਪੁਲਸ ਦੀ ਮੰਨੀਏ ਤਾਂ ਪੁਲਸ ਹੈੱਡਕੁਆਰਟਰ ’ਚ ਵਿਜ਼ਟਰ ਪਾਸ ਬਣਵਾਉਣ ਵਾਲਿਆਂ ਦੀ ਲਾਈਨ ਲੱਗ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8