ਲਾਸ਼ ਨਾਲ ਹੋਈ ਦੁਰਗਤੀ ਦੇ ਮਾਮਲੇ ''ਚ ਪੁਲਸ ਸਖ਼ਤ, ਮੈਡੀਕਲ ਸੁਪਰਡੈਂਟ ਨੂੰ ਦੇਣਾ ਪਵੇਗਾ ਲਿਖਤੀ ਜਵਾਬ

Tuesday, Nov 19, 2024 - 03:53 AM (IST)

ਲਾਸ਼ ਨਾਲ ਹੋਈ ਦੁਰਗਤੀ ਦੇ ਮਾਮਲੇ ''ਚ ਪੁਲਸ ਸਖ਼ਤ, ਮੈਡੀਕਲ ਸੁਪਰਡੈਂਟ ਨੂੰ ਦੇਣਾ ਪਵੇਗਾ ਲਿਖਤੀ ਜਵਾਬ

ਜਲੰਧਰ (ਵਿਸ਼ੇਸ਼)- ਸਮਾਜ-ਸੇਵਕ ਅਤੇ ਮਰੀਜ਼ ਭਲਾਈ ਕਮੇਟੀ ਦੇ ਸਾਬਕਾ ਮੈਂਬਰ ਸੰਜੇ ਸਹਿਗਲ ਅਤੇ ਸਮਾਜ-ਸੇਵਕ ਨਰੇਸ਼ ਲੱਲਾ ਵੱਲੋਂ ਸਿਵਲ ਹਸਪਤਾਲ ਵਿਚ ਲਾਸ਼ ਦੀ ਦੁਰਗਤੀ ਕਰਨ ਦੇ ਸਬੰਧ 'ਚ ਰਾਜਪਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੀ ਗਈ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਡੀ.ਜੀ.ਪੀ. ਗੌਰਵ ਯਾਦਵ ਅਤੇ ਸਿਹਤ ਸਕੱਤਰ (ਹੈਲਥ ਸੈਕਟਰੀ) ਕੁਮਾਰ ਰਾਹੁਲ ਵੱਲੋਂ ਇਸ ਮਾਮਲੇ ਦੀ ਜਾਂਚ ਸਬੰਧੀ ਜਾਰੀ ਚਿੱਠੀ ਪੁਲਸ ਕਮਿਸ਼ਨਰ ਜਲੰਧਰ ਨੂੰ ਭੇਜ ਦਿੱਤੀ ਗਈ ਹੈ।

ਉਕਤ ਚਿੱਠੀ ਦਾ ਹਵਾਲਾ ਦਿੰਦਿਆਂ ਥਾਣਾ ਨੰ. 4 ਦੇ ਐੱਸ.ਐੱਚ.ਓ. ਹਰਦੇਵ ਸਿੰਘ ਨੂੰ ਜਾਂਚ ਸੌਂਪੀ ਗਈ ਹੈ। ਉਕਤ ਮਾਮਲੇ ਵਿਚ ਥਾਣਾ ਨੰ. 4 ਦੇ ਐੱਸ.ਐੱਚ.ਓ. ਨੇ ਮੈਡੀਕਲ ਸੁਪਰਡੈਂਟ ਗੀਤਾ ਕਟਾਰੀਆ ਨੂੰ ਨੋਟਿਸ ਭੇਜ ਕੇ ਇਸ ਸਬੰਧੀ ਸਾਰੀ ਰਿਪੋਰਟ ਮੰਗੀ ਹੈ।

ਇਸ ਨੋਟਿਸ ਵਿਚ ਐੱਮ.ਐੱਸ. ਦਫ਼ਤਰ ਨੂੰ ਹੁਕਮ ਜਾਰੀ ਕੀਤਾ ਗਿਆ ਹੈ ਕਿ ਇਸ ਮਾਮਲੇ ਸਬੰਧੀ ਰਿਪੋਰਟ 3 ਦਿਨਾਂ ਅੰਦਰ ਭਾਵ ਬੁੱਧਵਾਰ ਤੱਕ ਸੌਂਪੀ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਉਕਤ ਸਾਰੇ ਮਾਮਲੇ ਵਿਚ ਆਖਿਰ ਸਿਵਲ ਹਸਪਤਾਲ ਦੇ ਸਰਕਾਰੀ ਅਧਿਕਾਰੀਆਂ ਵੱਲੋਂ ਇਕ ਲਾਸ਼ ਦੀ ਦੁਰਗਤੀ ਕਰਨ ਦੇ ਮਾਮਲੇ ਵਿਚ ਆਖਿਰ ਕਿਸ ਪੱਧਰ ’ਤੇ ਲਾਪ੍ਰਵਾਹੀ ਹੋਈ ਹੈ।

ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ ਵਿਚ ਸਿਵਲ ਹਸਪਤਾਲ ਦੇ ਮੈਡੀਕਲ ਸਟਾਫ਼ ਵੱਲੋਂ ਘੋਰ ਲਾਪ੍ਰਵਾਹੀ ਕੀਤੀ ਗਈ ਹੈ ਕਿਉਂਕਿ ਇਕ ਅਣਪਛਾਤੀ ਲਾਸ਼ ਨੂੰ ਸਿਵਲ ਹਸਪਤਾਲ ’ਚ ਰਖਵਾਉਣ ਦੇ ਮਾਮਲੇ ’ਚ ਕਾਨੂੰਨ ਅਨੁਸਾਰ 72 ਘੰਟਿਆਂ ’ਚ ਪੁਲਸ ਨੂੰ ਸੂਚਿਤ ਕਰਨਾ ਜ਼ਰੂਰੀ ਹੁੰਦਾ ਹੈ ਪਰ ਇਸ ਮਾਮਲੇ ’ਚ ਮੈਡੀਕਲ ਸਟਾਫ਼ ਵੱਲੋਂ ਕੋਈ ਰਿਕਾਰਡ ਨਹੀਂ ਰੱਖਿਆ ਗਿਆ ਅਤੇ ਅਣਪਛਾਤੀ ਲਾਸ਼ ਦੀ ਫਾਈਲ ਬਣਾਈ ਗਈ ਸੀ। ਇਸ ’ਤੇ ਸਮਾਜ-ਸੇਵਕ ਸੰਜੇ ਸਹਿਗਲ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਭੇਜੀ ਗਈ।

ਮੋਟੀ ਕਮਾਈ ਕਰਨ ਵਾਲੇ ਸਰਕਾਰੀ ਅਧਿਕਾਰੀ ਤੇ ਮੁਲਾਜ਼ਮ 50 ਦਿਨ ਅੱਖਾਂ ਬੰਦ ਕਰ ਕੇ ਬੈਠੇ ਰਹੇ
ਸੰਜੇ ਸਹਿਗਲ ਨੇ ਸਿਵਲ ਹਸਪਤਾਲ ’ਚ ਮਨੁੱਖੀ ਅੰਗਾਂ ਦੀ ਸਮੱਗਲਿੰਗ ਦਾ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਉਕਤ ਲਾਸ਼ ਦੇ 50 ਦਿਨਾਂ ਤਕ ਗਲ਼ਣ-ਸੜਨ ਤੋਂ ਬਾਅਦ ਇਹ ਮਾਮਲਾ ਪੁਲਸ ਦੇ ਧਿਆਨ ’ਚ ਲਿਆਂਦਾ ਗਿਆ, ਜਿਸ ’ਚ ਹਸਪਤਾਲ ਦੇ ਅਧਿਕਾਰੀਆਂ ਅਤੇ ਸਟਾਫ਼ ਨੇ ਇੰਨੀ ਲਾਪ੍ਰਵਾਹੀ ਕੀਤੀ ਕਿ ਮੋਟੀਆਂ ਕਮਾਈਆਂ ਕਰਨ ਵਾਲੇ ਸਿਵਲ ਹਸਪਤਾਲ ਦੇ ਅਧਿਕਾਰੀ ਅਤੇ ਮੁਲਾਜ਼ਮ ਇਸ ਗਲ਼ੀ-ਸੜੀ ਲਾਸ਼ ਸਬੰਧੀ ਕੋਈ ਸਾਰ ਲੈਣ ਦੀ ਬਜਾਏ ਇਸ ਮਾਮਲੇ ਨੂੰ ਦਬਾਉਣ ਵਿਚ ਲੱਗ ਗਏ।

ਹਾਲਾਂਕਿ ਸਿਵਲ ਹਸਪਤਾਲ ਦੇ ਸਟਾਫ ਦੇ ਰੂਪ ਵਿਚ ਕਾਲੀ ਕਮਾਈ ਕਰ ਰਹੀਆਂ ਕਾਲੀਆਂ ਭੇਡਾਂ ਦਾ ਹੁਣ ਪੁਲਸ ਜਾਂਚ ਵਿਚ ਪਤਾ ਚੱਲ ਪਾਵੇਗਾ ਜਾਂ ਨਹੀਂ, ਇਹ ਜਾਂਚ ਦਾ ਵਿਸ਼ਾ ਹੈ ਪਰ ਵੱਡਾ ਸਵਾਲ ਇਹ ਹੈ ਕਿ ਇਸ ਸਾਰੇ ਮਾਮਲੇ ਵਿਚ ਕੀ ਪੁਲਸ ਆਪਣੀ ਕਾਰਵਾਈ ਕਰ ਪਾਵੇਗੀ ਜਾਂ ਨਹੀਂ।

ਆਪਣੀ ਸਾਖ ਬਚਾਉਣ ਲਈ ਸਿਵਲ ਹਸਪਤਾਲ ਦੇ ਅ

ਇਹ ਵੀ ਪੜ੍ਹੋ- ਵੱਡੀ ਖ਼ਬਰ ; ਦਮੋਰੀਆ ਪੁਲ 3 ਮਹੀਨੇ ਲਈ ਹੋਇਆ ਬੰਦ

ਧਿਕਾਰੀਆਂ ਤੋਂ ਕੰਮ ਲੈਣ ਲਈ ਪੁਲਸ ਅਤੇ ਡਾਕਟਰਾਂ ਦੀ ਚੱਲਦੀ ਹੈ ‘ਫੇਵਰ ਗੇਮ’
ਉਥੇ ਹੀ, ਦੱਸ ਦੇਈਏ ਕਿ ਸਿਵਲ ਹਸਪਤਾਲ ਦੇ ਅਧਿਕਾਰੀਆਂ ਖਾਸ ਕਰ ਕੇ ਡਾਕਟਰਾਂ ਅਤੇ ਉਪਰਲੇ ਪੱਧਰ ’ਤੇ ਬੈਠੇ ਅਧਿਕਾਰੀਆਂ ਦੀ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨਾਲ ਫੇਵਰ (ਅਹਿਸਾਨ) ਗੇਮ ਚੱਲਦੀ ਹੈ। ਸੈਟਿੰਗ ਹੋਣ ਕਾਰਨ ਜੇਕਰ ਕਈ ਵਾਰ ਕਿਸੇ ਮੁਲਜ਼ਮ ਨੂੰ ਜ਼ਿਆਦਾ ਕੁੱਟਿਆ-ਮਾਰਿਆ ਜਾਵੇ ਅਤੇ ਮੈਡੀਕਲ ਕਰਵਾਉਣ ਦੌਰਾਨ ਰਿਪੋਰਟ ਆਪਣੇ ਹੱਕ ਵਿਚ ਬਣਵਾਉਣ ਲਈ ਪੁਲਸ ਅਤੇ ਡਾਕਟਰਾਂ ਦੀ ਮਿਲੀਭੁਗਤ ਚੱਲਦੀ ਹੈ। ਇਸ ਲਈ ਡਾਕਟਰਾਂ ਅਤੇ ਪੁਲਸ ਦੀ ਸੈਟਿੰਗ ਕਾਰਨ ਕਈ ਮਾਮਲਿਆਂ ਵਿਚ ਪੀੜਤ ਨੂੰ ਸਹੀ ਇਨਸਾਫ ਨਹੀਂ ਮਿਲ ਪਾਉਂਦਾ।

ਕਿਸ ਸੈਟਿੰਗ ਦੇ ਜ਼ੋਰ ’ਤੇ ਪੁਲਸ ਨਹੀਂ ਕਰ ਸਕੀ ਕਾਰਵਾਈ
ਉਥੇ ਹੀ, ਸੰਜੇ ਸਹਿਗਲ ਨੇ ਸ਼ੱਕ ਜ਼ਾਹਰ ਕਰਦੇ ਹੋਏ ਕਿਹਾ ਕਿ ਇਕ ਵਿਅਕਤੀ ਜੋ 16 ਮਈ ਨੂੰ ਹਸਪਤਾਲ ਵਿਚ ਦਾਖਲ ਹੋਇਆ ਅਤੇ 17 ਮਈ ਨੂੰ ਸਵੇਰੇ ਉਸ ਦੀ ਮੌਤ ਹੋ ਗਈ ਅਤੇ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਆ ਗਈ। ਅੱਜ 7 ਮਹੀਨੇ ਬੀਤ ਜਾਣ ਤੋਂ ਬਾਅਦ ਦੁਬਾਰਾ ਉਸ ਦੀ ਜਾਂਚ ਸ਼ੁਰੂ ਹੋਈ ਹੈ, ਇਹ ਕਾਫੀ ਹੈਰਾਨੀ ਕਰਨ ਵਾਲਾ ਹੈ।

ਇਸ ਤੋਂ ਵੀ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜੇਕਰ 17 ਮਈ ਨੂੰ ਲਾਸ਼ ਮੁਰਦਾਘਰ ਵਿਚ ਆਈ ਤਾਂ ਲੰਮੇ ਸਮੇਂ ਤਕ ਮਾਮਲੇ ਨੂੰ ਦਬਾ ਕੇ ਰੱਖਣ ਤੋਂ ਬਾਅਦ 1 ਜੁਲਾਈ ਨੂੰ ਉਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਤਾਂ ਲੱਗਭਗ 50 ਦਿਨ ਤਕ ਆਖਿਰ ਕਿਸ ਸੈਟਿੰਗ ਦੇ ਜ਼ੋਰ ’ਤੇ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਕਿਸ ਤਰ੍ਹਾਂ ਉਕਤ ਮਾਮਲੇ ਨੂੰ ਦਬਾਇਆ ਗਿਆ। ਖਾਸ ਕਰ ਕੇ ਥਾਣਾ ਨੰਬਰ 4, ਜੋ ਕਿ ਸਿਵਲ ਹਸਪਤਾਲ ਤੋਂ ਮਹਿਜ਼ ਕੁਝ ਕਦਮਾਂ ਦੀ ਦੂਰੀ ’ਤੇ ਹੈ। ਪੁਲਸ ਵੱਲੋਂ ਕਿਉਂ ਨਹੀਂ ਇਨਸਾਨੀਅਤ ਦੇ ਨਾਤੇ ਦੋਸ਼ੀਆਂ ’ਤੇ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਅੱਧੀ ਰਾਤੀਂ ਹੋ ਗਈ ਵੱਡੀ ਵਾਰਦਾਤ, ਸ਼ਰੇਆਮ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਨੌਜਵਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harpreet SIngh

Content Editor

Related News